ਖਿਆਲਾ ਕਲਾਂ (ਸਮਾਜ ਵੀਕਲੀ): ਅੱਜ ਵਿਸ਼ਵ ਮਲੇਰੀਆ ਦਿਵਸ ਨੂੰ ਸਮਰਪਿਤ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਹੇਠ ਵਿਸ਼ਵ ਮਲੇਰੀਆਂ ਦਿਵਸ ਨੂੰ ਸਮਰਪਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸੇ ਲੜੀ ਤਹਿਤ ਵੱਖ ਵੱਖ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ।
ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨੰਗਲ ਕਲਾਂ ਅਤੇ ਸਰਕਾਰੀ ਮਿਡਲ ਸਕੂਲ ਜਵਾਹਰਕੇ ਵਿਖੇ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੁਖਾਰ ਮਾਦਾ ਮੱਛਰ ਐਨਾਫਲੀਜ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਖੜੇ ਪਾਣੀ ਤੇ ਪੈਦਾ ਹੁੰਦਾ ਹੈ ਜੋ ਕਿ ਅਕਸਰ ਸਾਡੇ ਘਰਾਂ ਦੇ ਆਲੇ ਦੁਆਲੇ ਟੋਇਆਂ ਵਿੱਚ ਘਰਾਂ ਦੀਆਂ ਛੱਤਾਂ ਤੇ ਪਏ ਟਾਇਰ ਅਤੇ ਵਾਧੂ ਕਬਾੜ ਅਤੇ ਪਾਣੀ ਦੀਆਂ ਹੌਦੀਆਂ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਪੈਦਾ ਹੁੰਦਾ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੱਛਰ ਮਨੁੱਖ ਨੂੰ ਰਾਤ ਵੇਲੇ ਕੱਟਦਾ ਹੈ।ਇਸ ਬੁਖ਼ਾਰ ਦੀਆਂ ਨਿਸ਼ਾਨੀਆਂ ਤੇਜ ਬੁਖ਼ਾਰ , ਸਿਰ ਦਰਦ,ਕਾਂਬਾ ਲੱਗਣਾ ਜੀਅ ਕੱਚਾ ਮੁੱਖ ਨਿਸ਼ਾਨੀਆਂ ਹਨ। ਬੁਖ਼ਾਰ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾ ਕੇ ਬਣਦਾ ਇਲਾਜ ਕਰਵਾਇਆ ਜਾਵੇ। ਇਸ ਦੌਰਾਨ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਸੁਨੀਲ ਕੁਮਾਰ, ਗੁਰਜੰਟ ਸਿੰਘ, ਰੋਹਿਤ ਬਾਂਸਲ, ਸਿਹਤ ਕਰਮਚਾਰੀ ਪ੍ਰਦੀਪ ਸਿੰਘ ਅਤੇ ਰਾਜਦੀਪ ਸ਼ਰਮਾ ਆਦਿ ਹਾਜ਼ਰ ਸਨ।
ਗੌਰਮਿੰਟ ਸਕੂਲ ਉੱਭਾ ਅਤੇ ਬੁਰਜ ਢਿੱਲਵਾਂ ਵਿਖੇ ਜਾਣਕਾਰੀ ਦਿੰਦਿਆਂ ਡਾ ਵਰੁਣਜੋਤ ਸਿੰਘ ਮੈਡੀਕਲ ਅਫ਼ਸਰ ਅਤੇ ਜਗਦੀਸ਼ ਸਿੰਘ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਲੇਰੀਆ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਗੁਰਜੰਟ ਸਿੰਘ ਸਿਹਤ ਸੁਪਰਵਾਈਜ਼ਰ, ਇਕਬਾਲ ਸਿੰਘ ਸਿਹਤ ਕਰਮਚਾਰੀ, ਨਿਰਮਲ ਸਿੰਘ, ਕਿਰਨਦੀਪ ਕੌਰ ਗਿੱਲ ਸੀ ਐਚ ਓ ਤੋਂ ਇਲਾਵਾ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਸਕੂਲ ਸਟਾਫ ਹਾਜ਼ਰ ਸਨ। ਸਰਕਾਰੀ ਸਮਰਾਟ ਸਕੂਲ ਮਲਕਪੁਰ ਖਿਆਲਾ ਵਿਖੇ ਬੋਲਦਿਆਂ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਮਲੇਰੀਆਂ ਜਾਂ ਡੇਂਗੂ ਬੁਖਾਰ ਤੋਂ ਬਚਣ ਦਾ ਸੱਭ ਤੋਂ ਸੌਖਾ ਤਰੀਕਾ ਜਾਗਰੂਕਤਾ ਹੀ ਹੈ। ਇਸ ਮੌਕੇ ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ, ਦੁਰਗਾ ਰਾਮ ਕਮਿਊਨਿਟੀ ਸਿਹਤ ਅਫ਼ਸਰ,ਭੋਲਾ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।
ਉਪਰੋਕਤ ਤੋਂ ਇਲਾਵਾ ਬਲਾਕ ਅਧੀਨ ਆਉਂਦੇ ਮੱਤੀ, ਕੋਟ ਲੱਲੂ, ਫਫੜੇ ਭਾਈਕੇ, ਬਰਨਾਲਾ, ਘਰਾਗਣਾ, ਅਲੀਸ਼ੇਰ ਕਲਾਂ, ਰੱਲਾ , ਭਾਈ ਦੇਸਾ, ਚਕੇਰੀਆਂ, ਭੈਣੀ ਬਾਘਾ, ਹੀਰੋਂ ਕਲਾਂ, ਦਲੇਲ ਸਿੰਘ ਵਾਲਾ ਆਦਿ ਪਿੰਡਾਂ ਵਿਚ ਵੀ ਸਿਰਤ ਕਰਮਚਾਰੀਆਂ ਵੱਲੋਂ ਸਕੂਲਾਂ ਅਤੇ ਹੋਰ ਥਾਵਾਂ ਤੇ ਜਾਗਰੂਕਤਾ ਗਤੀਵਿਧੀਆਂ ਕਰ ਕੇ ਲੋਕਾਂ ਨੂੰ ਮਲੇਰੀਆ ਤੋਂ ਬਚਾਅ ਦੇ ਨੁਕਤੇ ਦੱਸੇ ਗਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly