(ਸਮਾਜ ਵੀਕਲੀ)-ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਅਤੇ ਵਿਲੱਖਣਤਾ ਭਰਿਆ ਹੈ।ਸੱਭਿਆਚਾਰ ਚ ਪਹਿਰਾਵੇ ਅਤੇ ਗਹਿਣਿਆਂ ਦੀ ਅਹਿਮੀਅਤ ਕਿਸੇ ਤੋਂ ਗੁੱਝੀ ਨਹੀਂ।ਜੋਬਨ ਮੱਤੇ ਗੱਭਰੂ ਅਤੇ ਮੁਟਿਆਰਾਂ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ ਸੁਰਮਾ,ਮਹਿੰਦੀ,ਵੇਸਣ ਦਾ ਲੇਪ ਆਦਿ ਦੀ ਵਰਤੋਂ ਕਰਦੇ ਹਨ।ਅੱਲੜ੍ਹ ਮੁਟਿਆਰਾਂ ਅਤੇ ਜੋਬਨ ਮੱਤੀਆਂ ਵਿਆਹਦੜ੍ਹਾਂ ਨੇ ਜਦੋਂ ਦੁੱਧ ਚਿੱਟੇ ਦੰਦਾਂ ਤੇ ਦੰਦਾਸਾ ਮਲਿਆ ਹੁੰਦਾ ਹੈ ਤਾਂ ਗੇਰੂਏ ਰੰਗੇ ਬੁੱਲ੍ਹਾਂ ਚੋਂ ਮੋਤੀਆਂ ਵਾਂਗ ਚਮਕਦੇ ਦੰਦ ਮੁਟਿਆਰ ਦੇ ਸੁਹੱਪਣ ਨੂੰ ਚੌਗੁਣਾ ਰੂਪ ਦੇ ਦਿੰਦੇ ਹਨ।
ਦੰਦਾਸਾ- ਅਖਰੋਟ ਦੇ ਦਰੱਖਤ ਦੀ ਛਿੱਲੜ ਹੁੰਦੀ ਹੈ।ਇਸਨੂੰ ਅਖਰੋਟ ਦੇ ਦਰੱਖਤ ਤੋਂ ਛਿੱਲ ਕੇ ਸੁਕਾ ਲਿਆ ਜਾਂਦਾ ਹੈ।ਪੰਜਾਬੀ ਬੋਲੀ ਚ ਇਸਨੂੰ ਰੰਗਲੀ ਦਾਤਣ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ।ਥੋੜ੍ਹੀ ਕੁੜੱਤਣ ਦੇ ਸਵਾਦ ਵਾਲਾ ਦੰਦਾਸਾ ਵਧੀਆ ਮੰਨਿਆ ਜਾਂਦਾ ਹੈ।ਕਿਸੇ ਵੇਲੇ ਪਿਸ਼ਾਵਰ ਦਾ ਦੰਦਾਸਾ ਮਸ਼ਹੂਰ ਮੰਨਿਆ ਜਾਂਦਾ ਸੀ।ਦੰਦਾਸੇ ਨੂੰ ਮੂੰਹ ਵਿੱਚ ਪਾਕੇ ਦਾਤਣ ਦੀ ਤਰ੍ਹਾਂ ਚਬਾਇਆ ਜਾਂਦਾ ਹੈ।ਮੁਟਿਆਰਾਂ ਆਪਣੇ ਦੰਦਾਂ ਨੂੰ ਹੋਰ ਚਮਕਾਉਣ ਲਈ ਇਸਦੀ ਵਰਤੋਂ ਕਰਦੀਆਂ ਸਨ।ਅੱਜਕਲ੍ਹ ਇਸਦਾ ਰੁਝਾਨ ਕਾਫੀ ਘਟ ਗਿਆ ਹੈ।ਰੰਗਲੇ ਦੰਦਾਸੇ ਦਾ ਔਰਤ ਦੇ ਬੁੱਲ੍ਹਾਂਂ ਤੇ ਚੜ੍ਹਿਆ ਰੰਗ ਕਈ ਦਿਨ ਰਹਿੰਦਾ ਹੈ।ਇੱਕ ਲੋਕ ਗੀਤ ਇਸ ਗੱਲ ਦੀ ਗਵਾਹੀ ਦਿੰਦਾ ਹੈ;
“ਚਿੱਟੇ ਦੰਦ ਬੁੱਲ੍ਹੀਂ ਲਾਲ ਦੰਦਾਸਾ
ਹਾੜਾ ਈ ਰੱਬ ਖੈਰ ਕਰੇ”
ਦੰਦਾਸਾ ਸੱਭਿਆਚਾਰਕ ਰਿਵਾਜ਼ ਚ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਸੱਭਿਆਚਾਰਕ ਗੀਤ ਵਿੱਚ ਇਸਦਾ ਜ਼ਿਕਰ ਇਉਂ ਕੀਤਾ ਗਿਆ ਹੈ:-
“ਕਿਹੜਾ ਮਲਿਆ ਤੂੰ ਜੈਕੁਰੇ ਦੰਦਾਸਾ
ਬੁੱਲ੍ਹਾਂਂ ਦਾ ਰੰਗ ਗੂੜ੍ਹਾ ਹੋ ਗਿਆ”
ਦੰਦਾਸੇ ਨੂੰ ਮੂੰਹ ਚ ਪਾਕੇ ਚਬਾਉਂਦੇ ਵਕਤ ਅਤੇ ਦੰਦਾਂ ਉੱਤੇ ਮਲਦਿਆਂ ਬੁੱਲ੍ਹਾਂ ਤੋਂ ਦੂਰ ਰੱਖਿਆ ਜਾਂਦਾ ਹੈ,ਕਿਉਂਕਿ ਵਾਰ ਵਾਰ ਬੁੱਲ੍ਹਾਂ ਨਾਲ ਛਹਾਉਣ ਅਤੇ ਹਵਾ ਲੱਗਣ ਨਾਲ ਬੁੱਲ੍ਹ ਫਟ ਜਾਂਦੇ ਹਨ। ਦੰਦਾਸਾ ਦੰਦਾਂ ਅਤੇ ਬੁੱਲ੍ਹਾਂ ਤੇ ਮਲਣ ਤੋਂ ਬਾਅਦ ਛਾਂ ਵਿੱਚ ਸੁੱਟਿਆ ਜਾਂਦਾ ਸੀ, ਕਿਉਂਕਿ ਇਹ ਧਾਰਨਾ ਪ੍ਰਚੱਲਿਤ ਸੀ ਕਿ ਚੱਬਣ ਤੋਂ ਬਾਅਦ ਤੋਂ ਦੰਦਾਸਾ ਧੁੱਪ ਚ ਸੁੱਟਣ ਨਾਲ ਬੁੱਲ੍ਹ ਫਟ ਜਾਂਦੇ ਹਨ। ਦੰਦਾਸਾ ਵੀ ਸਾਡੇ ਸੱਭਿਆਚਾਰ ਦਾ ਅਟੁੱਟ ਅਤੇ ਅਨਿੱਖੜਵਾਂ ਅੰਗ ਹੈ। ਇਸਨੂੰ ਔਰਤਾਂ ਦੇ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਜੋ ਸੁਗਾਤ ਵਾਲੀ ਗੁਥਲੀ ਭੇਜੀ ਜਾਂਦੀ ਹੈ, ਉਸ ਵਿੱਚ ਸੁਰਮਾ, ਬਿੰਦੀਆਂ, ਸੁਰਖੀ, ਪਾਊਡਰ, ਚੂੜੀਆਂ ਦੇ ਨਾਲ ਦੰਦਾਸਾ ਵੀ ਸੁਹਾਗ ਦੇ ਚਿੰਨ੍ਹ ਵਜੋਂ ਭੇਜਿਆ ਜਾਂਦਾ ਹੈ।
ਪੰਜਾਬੀ ਸ਼ਾਇਰੀ ਦੇ ਬਾਬਾ ਬੋਹੜ੍ਹ ਸੁਰਜੀਤ ਪਾਤਰ ਦੇ ਗੀਤ ਚ ਦੰਦਾਸੇ ਜ਼ਿਕਰ ਆਉਂਦਾ ਹੈ;
“ਹੋਠਾਂ ਤੋਂ ਹਾਸਾ ਮਰਗਿਆ ਦੰਦਾਸਾ ਰਹਿ ਗਿਆ,
ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ,
ਦਿਲ ਤਾਂ ਬਹੁਤ ਕਰਦਾ ਹੈ, ਮੇਰਾ ਮਿਲਣ ਆਉਣ ਨੂੰ”
ਇਹ ਅਖਰੋਟ ਦੇ ਦਰੱਖਤ ਦੀ ਛਿੱਲੜ ਰੂਪੀ ਦੰਦਾਸਾ ਬਜ਼ਾਰ ਚ ਆਮ ਵਿਕਦਾ ਹੈ। ਪਰ ਪੇਂਡੂ ਮੁਟਿਆਰਾਂ ਦੀ ਦੰਦਾਸਾ ਅੱਜ ਵੀ ਪਹਿਲੀ ਪਸੰਦ ਹੈ। ਸੁਹਾਗਣ ਦੇ ਸ਼ਿੰਗਾਰ ਦੀਆਂ ਹੋਰ ਵਸਤਾਂ ਨਾਲੋਂ ਇਸਨੂੰ ਅਲੱਗ ਨਹੀਂ ਕੀਤਾ ਜਾ ਸਕਦਾ।
ਬਲਜਿੰਦਰ ਕੌਰ,
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly