ਸ਼ਾਮ ਦੀ ਸ਼ਾਖ਼ ’ਤੇ – ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ

ਪਿਆਰਾ ਸਿੰਘ ਕੁੱਦੋਵਾਲ

(ਸਮਾਜ ਵੀਕਲੀ)

 

ਸ਼ਬਦ ਚੋਣ ਹੀ ਲਿਖਤ ਦੀ ਤਾਕਤ ਬਣਦੀ ਹੈ। ਢੁੱਕਵੇਂ ਸ਼ਬਦ ਲੱਭਣਲਈ ਕਰੜੀ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਲਗਾਤਾਰ ਸ਼ਬਦ ਸਾਧਨਾ ਕਰਨ ਦੀ ਲੋੜ ਪੈਂਦੀ ਹੈ। ਕੁਲਵਿੰਦਰ ਸਾਲਾਂ ਤੋਂ ਸ਼ਬਦ ਸਾਧਨਾ ਕਰਦਾ ਆਇਆ ਹੈ। ਆਪਣੇ ਉਸਤਾਦ ਅਤੇ ਹੋਰ ਉਸਤਾਦਾਂ ਵਰਗੇ ਗ਼ਜ਼ਲ ਸ਼ਾਇਰਾਂ ਨਾਲ ਬੈਠ ਕੇ ਵਿਚਾਰ ਚਰਚਾ ਕਰਦਾ ਆਇਆ ਹੈ।ਉਹ ਹੋਰ ਸ਼ਾਇਰਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਵੀ ਹੈ ਅਤੇ ਪੜ੍ਹਦਾ ਵੀ ਹੈ। ਉਹ ਛਪਣ ਦੀ ਕਾਹਲ ਨਹੀਂ ਕਰਦਾ। ਉਹ ਸਹਿਜ ਵਿੱਚ ਰਹਿਣ ਵਾਲਾ ਸ਼ਾਇਰ ਹੈ। ਇਹ ਚਲਣ ਉਸ ਦੇ ਬੋਲਾਂ ਵਿੱਚ ਵੀ ਹੈ ਅਤੇਉਸ ਦੀ ਚਾਲ ਵਿੱਚ ਵੀ। 365 ਦਿਨਾਂ ਵਿੱਚ ਉਹ ਕੇਵਲ 25 ਸ਼ਿਅਰ ਲਿਖਦਾ ਹੈ। ਇਕ ਸਫ਼ੇ ਤੇ ਸਿਰਫ ਇਕ ਸਤਰ ਲਿਖਦਾ ਤੇ ਫਿਰ ਵਾਰ ਵਾਰ ਲਿਖਦਾ ਹੈ।ਐਨਾ ਸਹਿਜ ਕੋਈ ਹੀ ਅਪਨਾ ਸਕਦਾ ਹੈ।

ਅੱਜ ਕੱਲ ਦੇ ਕਵੀ ਤਾਂ ਕਵਿਤਾ, ਗ਼ਜ਼ਲ, ਗੀਤ ਲਿਖਣ ਸਾਰ ਹੀ ,ਫੇਸ-ਬੁੱਕ, ਵਟਸਐਪ ਤੇ ਪਾ ਕੇਲਾਈਕਸ ਗਿਣਨ ਲਗਦੇ ਹਨ।ਸਹਿਜ ਕੁਲਵਿੰਦਰ ਦੀ ਜੀਵਨ ਸ਼ੈਲੀ ਬਣ ਚੁੱਕਾ ਹੈ। ਕੁਲਵਿੰਦਰ ਦੇ ਦੋ ਗ਼ਜ਼ਲ ਸੰਗ੍ਰਿਹ,“ਬਿਰਛਾਂ ਅੰਦਰ ਉੱਗੇ ਖੰਡਰ 2002 ਵਿੱਚ ਅਤੇ “ਨੀਲੀਆਂ ਲਾਟਾਂ ਦਾ ਸੇਕ” 2009 ਵਿੱਚਛੱਪ ਚੁੱਕੇ ਹਨ। ਉਸਦੀ ਸ਼ਾਇਰੀ ਵਿੱਚ ਸੁਹਜ,ਸੰਵੇਦਨਾਂ, ਮਿਠਾਸ, ਸੰਗੀਤ, ਮਿਥਿਹਾਸ, ਇਤਿਹਾਸ, ਸਭਿਆਚਾਰ,ਗਿਆਨ, ਵਿਗਿਆਨ ਤੇ ਨਵੀਆਂ ਖੋਜਾਂ ਦਾ ਅਥਾਹ ਭੰਡਾਰਮਿਲਦਾ ਹੈ।ਇੰਞ ਵਰ੍ਹਿਆਂ ਦੀ ਸ਼ਬਦ ਸਾਧਨਾ ਵਿੱਚੋਂ ਹੀ ਉਸਦੀ ਗ਼ਜ਼ਲ ਦੀ ਕਿਤਾਬ“ਸ਼ਾਮ ਦੀ ਸ਼ਾਖ਼ ‘ਤੇ”ਸਾਹਮਣੇ ਆਈ ਹੈ।ਇਸ ਕਿਤਾਬਵਿੱਚ ਅੰਕਿਤ ਕੀਤਾ ਹੋਇਆ ਇਹਆਖਰੀ ਸ਼ਿਅਰ ਉਸਦੀ ਮਿਹਨਤ ਦਾ ਪ੍ਰਮਾਣ ਬਣਦਾ ਹੈ:
ਇੱਕ ਅੱਖਰ ਵੀ ਮੈਨੂੰ ਬੜਾ ਰੜਕਿਆ
ਢੁੱਕਵੇਂ ਲਫ਼ਜ਼ਾਂਲਈ ਮੈਂ ਬੜਾ ਤੜਪਿਆ
ਸਬਜ਼ ਪੱਤਿਆਂ ਤਰ੍ਹਾਂ ਹੁਣ ਮਹਿਕਦੀ ਰਹੇ
ਮੇਰੀ ਹਰ ਇਕ ਸਤਰ ਸ਼ਾਮ ਦੀ ਸ਼ਾਖ਼ ‘ਤੇ ਪੰਨਾ 84

ਆਪਣੀ ਗ਼ਜ਼ਲ ਬਾਰੇ ਸਵੈ-ਪੜਚੋਲ ਕਰਦੇਕੁਲਵਿੰਦਰ ਨੇ ਤਕਰੀਬਨ 33 ਸ਼ਿਅਰ ਲਿਖੇ ਹਨ। ਉਸਨੇ ਖ਼ੁਦ ਉਪਰ ਟਿੱਪਣੀਆਂ ਕੀਤੀਆਂ ਹਨ । ਉਹ ਸਬੂਤ ਦਿੰਦਾ ਹੈ ਕਿ ਗ਼ਜ਼ਲ ਕਹਿਣੀ ਕੋਈ ਸੌਖਾ ਕੰਮ ਨਹੀਂ ਹੈ।ਆਪਣਾ ਖੂਨ ਸੁਕਾਉਣਾ ਪੈਂਦਾ ਹੈ ਤੇ ਰਾਤਾਂ ਦੀ ਨੀਂਦ ਉਡਾਉਣੀ ਪੈਂਦੀ ਹੈ। ਕੱਚੇ ਘੜੇ ਨੂੰ ਭੱਠ ਵਿੱਚ ਤੱਪਾ ਕੇ ਹੀ ਪੱਕਾ ਕੀਤਾ ਜਾ ਸਕਦਾ ਹੈ ਤਾਂ ਕਿ ਸੁਹਣੀ ਝਨਾਂ ਪਾਰ ਕਰ ਸਕੇ, ਕੋਈ ਮਲਕੀ ਕੀਮੇ ਨੂੰ ਪਾਣੀ ਪਿਆ ਸਕੇ ਤੇ ਕੋਈ ਮੁਟਿਆਰ ਸੁਬ੍ਹਾ ਸਵੇਰੇ ਢਾਕੇ ਲਾ ਕੇ ਪਾਣੀ ਭਰਨ ਜਾ ਸਕੇ। ਇਹ ਸਭ ਤਾਂ ਹੀ ਸੰਭਵ ਹੈ ਜਦ ਖ਼ੁਦੀ ਦਾ ਘੜਾ ਪੱਕ ਕੇ ਤਿਆਰ ਹੁੰਦਾ ਹੈ। ਇਸੇ ਤਰਾਂ ਗ਼ਜ਼ਲ ਕਹਿਣ ਲਈਜਦ ਸ਼ਾਇਰ ਸਖ਼ਤ ਮਿਹਨਤ ਦੀ ਭੱਠੀ ਵਿੱਚ ਰੜ੍ਹ ਕੇ ਤਿਆਰ ਹੋਇਆ ਹੋਵੇ ਤਾਂ ਉਸਦੀ ਸ਼ਾਇਰੀ ਵੀ ਅਸਰ ਰੱਖਦੀ ਹੈ:
ਇਹ ਨਿਰੀਆਂ ਅੱਗ ਵਾਂਗੂੰ ਨੇ, ਸੋ ਇਹ ਗ਼ਜ਼ਲਾਂ ਲਿਖਣ ਖ਼ਾਤਰ
ਅਜੇ ਤਾਂ ਸੁਰਖ ਭੱਠ ਅੰਦਰ,ਮੇਰਾ ਰੜ੍ਹਨਾ ਜ਼ਰੂਰੀ ਹੈ ਪੰਨਾ 29
ਅਕਸਰ ਕਹਿੰਦੇ ਸੁਣਦੇ ਹਾਂ ਕਿ ਸ਼ਬਦ ਦੀ ਤਾਕਤ ਸ਼ਸਤਰ ਤੋਂ ਵੀ ਵੱਧ ਮਾਰ ਕਰ ਸਕਦੀ ਹੈ। ਪਰ ਸ਼ਬਦਸਮੇਂ, ਸਥਾਨ ਅਤੇ ਪਰਿਸਥਿਤੀ ਨਾਲ ਢੁੱਕਵੇਂ ਹੋਣ, ਹਾਲਾਤ ਨਾਲ ਮੇਲ ਖਾਂਦੇਹੋਣ। ਸ਼ਬਦਾਂ ਦੀ ਚੋਣ ਹੀ ਮਨੁੱਖ ਦੇ ਅੰਦਰ ਦੀ ਤਾਕਤ ਜਾਂ ਕਮਜ਼ੋਰੀਦਾ ਹਵਾਲਾ ਦਿੰਦੀ ਹੈ। ਕਿਸੇ ਨੂੰ ਤਾਕਤਵਰ,ਭਰੋਸੇ ਯੋਗ,ਦਾਨਸ਼ਮੰਦਤੇ ਕਿਸੇ ਨੂੰ ਨਿਕਾਰਾ ਕਰ ਦਿੰਦੀ ਹੈ। ਸ਼ਬਦਾਂ ਦੀ ਤਾਕਤ ਨਿਡਰਤਾ ਅਤੇ ਨਿਰਭੈਤਾ ਪੈਦਾ ਕਰਦੀ ਹੈ ਜਿਸ ਅੱਗੇ ਤਾਕਤਵਰ ਵੀ ਝੁਕ ਜਾਂਦੇ ਹਨ। ਕੁਲਵਿੰਦਰ ਲਿਖਦਾ ਹੈ ਇਨਕਲਾਬ ਸ਼ਬਦ ਤੇ ਗਿਆਨ ਦੀ ਤਾਕਤ ਨਾਲ ਹੀ ਆਉਣਾ ਹੈ:

ਜੇ ਉਹ ਅਗਨ ਸਨ ਜੇ ਉਹ ਪੌਣ ਸਨ, ਮੇਰੇ ਕੋਲ ਸ਼ਬਦਾਂ ਦੇ ਬਾਣ ਸਨ
ਮੇਰੇ ਹੁੰਦਿਆਂ ਨਾ ਉਹ ਜੰਗਲਾਂ, ਨਾ ਹੀ ਬਸਤੀਆਂ ਨੂੰ ਜਲਾ ਸਕੇ। ਪੰਨਾ 82
ਏਸ ਯੁਗ ਵਿਚ ਅਗਨ ਸ਼ਸਤਰ ਨਾਲ ਆ ਸਕਣਾ ਨਹੀਂ
ਸ਼ਬਦ ਦੀ ਸ਼ਕਤੀ ਹੀ ਲੈ ਕੇ ਆਇਗੀ ਹੁਣ ਇਨਕਲਾਬ ਪੰਨਾ 30
ਇਹ ਮੰਨਿਆਂ ਕੇ ਜ਼ਰੂਰੀ ਹੈ ਹਵਾ ਦੀ ਹੋਂਦ ਵੀ, ਪਰ
ਮੇਰੇ ਸਾਹਾਂ ਲਈ ਸ਼ਬਦਾਂਦਾ ਰਹਿਣਾ ਲਾਜ਼ਮੀ ਹੈ। ਪੰਨਾ 54

ਆਨ ਲਾਈਨ ਮੈਗਜ਼ੀਂਨ “ਪੰਜਾਬੀ ਕਹਾਣੀ” ਵਿੱਚ ਛਪੀ ਵਰਿਆਮ ਸੰਧੂ ਜੀ ਦੀ ਇਕ ਜੀਵਨ ਗਾਥਾ, “ਸ਼ਬਦਾਂ ਦੀ ਤਾਕਤ“ ਦੇ ਅੰਤ ਉਹ ਵਿੱਚ ਲਿਖਦੇ ਹਨ,” ਮੇਰੇ ਸ਼ਬਦਾਂ ਨੇ ਨਿਰਦੋਸ਼ ਬੰਦੇ ਨੂੰ ਫਾਂਸੀ ਦੇ ਤਖ਼ਤੇ ਤੋਂ ਹੇਠਾਂ ਡਿਗਦਿਆਂ ਆਪਣੇ ਹੱਥਾਂ ਵਿੱਚ ਬੋਚ ਲਿਆ ਸੀ।ਲਿਖਣ ਦਾ ਹੁਨਰ ਨਾਵਲ, ਕਵਿਤਾ, ਕਹਾਣੀ ਆਦਿ ਰਾਹੀਂ ਹੀ ਕਿਸੇ ਦਾ ਜੀਵਨ ਨਹੀਂ ਬਦਲਦਾ ਸਗੋਂ ‘ਚਿੱਠੀ’ ਰਾਹੀਂ ਵੀ ਬਦਲ ਸਕਦਾ ਹੈ। ਜੀਵਨ ਨੂੰ ‘ਬਦਲ’ ਹੀ ਕਿਉਂ, ਜੀਵਨ ਨੂੰ ‘ਬਚਾ’ ਵੀ ਸਕਦਾ ਹੈ।“ ਇਥੇ ਇਸ ਗੱਲ ਨੂੰ ਦਰਜ਼ ਕਰਨ ਦਾ ਭਾਵ ਹੈ ਕਿ ਸ਼ਾਇਰ ਜਾਂ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਤਰਾਂ ਆਪਣੀ ਲਿਖਤ ਸੰਵਾਰੇ ਕਿ ਸਮਾਜ ਵਿੱਚ ਦੂਰੀਆਂ ਮਿਟ ਜਾਣ, ਮਜ਼ਬੂਰੀਆਂ ਘੱਟ ਜਾਣ,ਮਾਨਵਤਾ ਪਰਮ ਧਰਮ ਹੋਵੇ, ਹਰ ਮਨੁੱਖ ਇਕਦੂਜੇ ਨੂੰ ਪਿਆਰ ਤੇ ਮਿਹਰ ਦੀ ਨਜ਼ਰ ਨਾਲ ਵੇਖੇ।

ਜਿਵੇਂ ਉਹ ਆਪ ਚਾਹੁੰਦਾ ਹੋਵੇ ਕਿ ਦੂਸਰੇ ਲੋਕ ਉਸ ਨੂੰ ਵੇਖਣ। ਜਿਵੇਂ ਰੱਬ ਵੇਖਦਾ ਹੋਵੇ। ਬਰਾਬਰਤਾ ਦਾ ਭਾਈਚਾਰਾ ਸਿਰਜੇ। ਵਰਤਮਾਨ ਵਿੱਚ ਰਹਿੰਦਾ ਉਹ ਆਪਣੇ ਇਤਿਹਾਸ ਤੇ ਪੁਰਖਿਆਂ ਨੂੰ ਯਾਦ ਰੱਖੇ ਪਰ ਉਸਦੀ ਸੋਚ ਭਵਿੱਖਮੁੱਖੀ ਹੋਵੇ। ਲੇਖਕ ਦੁਨੀਆਂ ਦੇ ਬੁੱਝੇ ਹੋਏ ਮਨਾਂ ਵਿੱਚ ਰੌਸ਼ਨੀ ਜਗਾਵੇ, ਉਹਨਾਂ ਨੂੰ ਜਿਊਣ ਜੋਗਾ ਕਰੇਅਤੇ ਅਗਲੇ ਮੁਕਾਮ ਤੱਕ ਪਹੁੰਚਾ ਸਕਣ ਦੀ ਇਨਕਲਾਬੀ ਸਮਰੱਥਾ ਪੈਦਾ ਕਰੇ। ਉਸਦੀ ਲਿਖਤ ਜੀਵਨ ਦੀਆਂ ਹਨੇਰੀਆਂ ਪਗਡੰਡੀਆਂ ਤੇ ਦੀਵੇ ਵਾਂਗ ਜਗੇ ਤੇ ਰੌਸ਼ਨੀ ਪ੍ਰਦਾਨ ਕਰੇ। ਕੁਲਵਿੰਦਰ ਦੇ ਸ਼ਬਦਾਂ ਵਿੱਚ ਇਹ ਸਮਰਥਾ ਹੈ:
ਇਹ ਕਹੇ ਨੇ ਸ਼ਿਅਰ ਮੈਂ ਜਿਸ ਲਈ,
ਉਹਦੀ ਰੂਹ ਤੀਕ ਨਾ ਜਾ ਸਕੇ।
ਭਲਾ ਕੀ ਲਿਖਣ ਦਾ ਹੈ ਫਾਇਦਾ
ਜੇ ਇਹ ਫਾਸਿਲੇ ਨਾ ਮਿਟਾ ਸਕੇ । ਪੰਨਾ 82
ਸ਼ਾਇਰ ਜਾਂ ਪੈਗੰਬਰ ਜਾਂ ਉਹ ਦਰਵੇਸ਼ ਹੈ ਕੋਈ
ਇਹ ਕੌਣ ਜੋ ਰਾਤਾਂ ਨੂੰ ਬੁਝੇ ਦੀਪ ਜਗਾਵੇ । ਪੰਨਾ 53
ਗਗਨ ਵਿੱਚ ਝਿਲਮਿਲਾਉਂਦੇ ਤਾਰਿਆਂ ਨੂੰ
ਮੈਂ ਰੱਖਣਾ ਯਾਦ ਆਪਣੇ ਪਿਆਰਿਆਂ ਨੂੰ
ਹਨੇਰੀ ਰਾਤ ਵਿੱਚ ਬਖਸ਼ੇ ਜੋ ਲੋਆਂ
ਗ਼ਜ਼ਲ ਮੇਰੀ ‘ਚ ਉਸ ਦਾ ਜ਼ਿਕਰ ਹੋਵੇ ਪੰਨਾ 32

ਕੁਲਵਿੰਦਰ ਕਦੇ ਉਭਾਸਰਦਾ ਨਹੀਂ ਪਰ ਸ਼ਾਇਦ ਸਿੱਖ ਇਤਿਹਾਸ ਦੇ ਖ਼ੂਨੀ ਪੰਨੇ ਉਸ ਦੇ ਜ਼ਿਹਨ ਵਿੱਚ ਚਲਦੇ ਰਹਿੰਦੇ ਹੋਣਗੇ। ਫਿਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਜੋ ਸ਼ਹਾਦਤਾਂ ਕੌਮ ਨੇ ਦਿੱਤੀਆਂ ਅਤੇ ਹੰਢਾਈਆਂ ਦਾ ਅਸਰ ਉਸ ਦੇ ਸੰਵੇਦਨਾਸ਼ੀਲ ਮਨ ਤੇ ਜ਼ਰੂਰ ਪਿਆ ਹੋਵੇਗਾ। ਜਾਂ ਕਸ਼ਮੀਰ ਵਿੱਚ ਹੋ ਰਹੇ ਲਗਾਤਾਰ ਸੰਘਰਸ਼ ਤੇ ਉਸ ਕਾਰਣ ਹੋ ਰਹੇ ਜ਼ੁਲਮਾਂ ਦੀ ਗਾਥਾ ਜਾਂ “ਕਸ਼ਮੀਰ ਫਾਇਲਜ਼” ਦਾ ਕੋਈ ਦ੍ਰਿਸ਼ ਵੀ ਹੋ ਸਕਦਾ ਹੈ। ਸਾਡਾ ਇਤਿਹਾਸ ਐਸੀਆਂ ਖੂੰਨੀ ਘਟਨਾਵਾਂ ਨਾਲ ਬਾਬਰ ਤੋਂ ਲੈਕੇ ਅੱਜ ਦੇ ਯੁਗ ਤੱਕ ਭਰਿਆ ਪਿਆ ਹੈ । ਇਹਨਾਂ ਦਾ ਅਸਰ ਕਵੀ ਮਨ ਤੇ ਪੈਣਾ ਸੁਭਾਵਿਕ ਹੈ।
ਕੌਣ ਹੈ ਇਹ ਜੋ ਕਰਾਉਂਦਾ ਹੈ ਜੁਦਾ ਧੜ ਸੀਸ ਨਾਲੋਂ
ਚੀਰਦੇ ਨੇ ਕਿਸ ਲਈ ਜਿਸਮਾਂ ਨੂੰ ਆਰੇ, ਸੋਚਦਾ ਹਾਂ ਪੰਨਾ 27
ਉਮਰ ਭਰ ਸੁਕਰਾਤ ਬਣ ਸਕਦਾ ਨਹੀਂ ਉਹ ਆਦਮੀ
ਜ਼ਿੰਦਗੀ ਦੀ ਜ਼ਹਿਰ ਜਿਸ ਪੀਣੀ ਜਾਂ ਖਾਣੀ ਵੀ ਨਹੀਂ ਪੰਨਾ 19
ਪੈਰਾਂ ਹੇਠਾਂ ਧਰਤੀ ਕੰਬੇ ਕੰਬਣ ਤਾਰੇ ਉੱਤੇ
ਕਿਹੜੇ ਰੁੱਖ ਨੇ ਚੜ੍ਹਨਾ ਹੈਅਜ ਕਿਹੜੇ ਆਰੇ ਉੱਤੇ ਪੰਨਾ 49

ਉਹਰੁਦਨ ਵਿੱਚ ਨਹੀਂ ਬਲਕਿ ਅਗਾਂਹ ਵੱਧਣ ਵਿੱਚ ਵਿਸ਼ਵਾਸ ਰੱਖਦਾ ਹੈ। ਇਹ ਪੰਜਾਬੀ ਸਭਿਆਚਾਰ ਦਾ ਖਾਸ ਗੁਣ ਹੈ। ਸਦਾ ਕ੍ਰਿਆਸ਼ੀਲ ਰਹਿਣਾ। ਦੁੱਖ ਦਰਦ ਸੱਟਾਂ ਦਿਲ ਵਿੱਚ ਰੱਖਣੀਆਂ ਪਰ ਮਨ ਤੇ ਹਾਵੀ ਨਹੀਂ ਹੋਣ ਦੇਣੀਆਂ।
ਇਹਨਾਂ ਨੇ ਫਿਰ ਉਦੈ ਹੋਣ ਤੇਰੇ ਅੰਬਰ ਨੂੰ ਲਿਸ਼ਕਾਉਣਾ
ਤੁੰ ਡੁੱਬਦੇ ਸੂਰਜਾ ਨੂੰ ਵੇਖ ਕੇ ਬਹੁਤਾ ਨਾ ਰੋਇਆ ਕਰ ਪੰਨਾ 76
ਇਹ ਕੈਸਾ ਸ਼ਹਿਰ ਹੈ ਜਿਥੇ ਨਾ ਪਿਘਲਣ ਤੋਂ ਡਰੇ ਕੋਈ
ਪਰਿੰਦੇ ਬਰਫ਼ ਦੇ ਵੀ ਸੂਰਜਾਂ ਦੇ ਗੀਤ ਗਾਉਂਦੇ ਹਨ ਪੰਨਾ 23

ਬ੍ਰਹਿਮੰਡ ਦੀ ਸਹੀ ਨੀਤੀ ਕੋਈ ਵਿਰਲਾ ਹੀ ਸਮਝ ਸਕਿਆ ਹੈ। ਇਸ ਖਲਾਅ ਵਿੱਚ ਕਿੰਨੇ ਹੀ ਸੌਰ ਮੰਡਲ ਤੇ ਕਹਿਕਸ਼ਾਂ ਹਨ।ਜੋ ਲੋਕ ਇਸ ਦੇ ਚਲਨ ਨੂੰ ਸਮਝ ਜਾਂਦੇ ਹਨ ਉਹ ਕਦੇ ਇਕੱਲਤਾਨਹੀਂ ਭੋਗਦੇ। ਸਾਰੀ ਸ੍ਰਿਸ਼ਟੀ ਉਹਨਾਂ ਦੇ ਨਾਲ ਹੋ ਤੁਰਦੀ ਹੈ। ਪੁਰਾਣੇ ਜ਼ਮਾਨੇ ਵਿੱਚ ਲੋਕ ਖਿੱਤੀਆਂ ਤੇ ਤਾਰਿਆਂ ਦੀ ਪੁਜ਼ੀਸ਼ਨ ਨਾਲ ਵਕਤ ਤੇ ਆਪਣਾ ਸਫ਼ਰ ਅੰਦਾਜ਼ਾ ਲਾਉਂਦੇ ਸਨ।
ਮੈਂ ਇਕੱਲਾ ਹੀ ਸਫਰ ਵਿੱਚ ਹਾਂ, ਨਹੀ ਇਉਂ ਤਾਂ ਨਹੀਂ
ਚਲ ਰਹੇ ਨੇ ਲੱਖਾਂ ਹੀ ਬ੍ਰਹਿਮੰਡ ਮੇਰੇ ਨਾਲ ਨਾਲ । ਪੰਨਾ 20
ਖਲਾਅ ਵਿੱਚ ਕਿਹੜਿਆਂ ਖੰਭਾਂ ਦੇ ਨਾਲ ਧਰਤ ਉੜੇ
ਸਮਝ ਕੇ ਵੀ ਮੇਰੇ ਕੋਲੋਂ ਇਹ ਸਮਝਿਆ ਨਾ ਗਿਆ। ਪੰਨਾ 24

ਕਿਤਾਬ ਪੜ੍ਹਦਿਆਂਮੈਨੂੰ ਇਕ ਯਹੂਦੀ ਇਨਕਲਾਬੀ ਸ਼ਾਇਰ ਦੀ ਗੱਲ ਚੇਤੇ ਆ ਗਈ ਜੋ ਇਕ ਕੰਨਸਟ੍ਰੇਸ਼ਨ ਕੈਂਪ ਵਿੱਚੋਂ ਹੇਠ ਲਿਖੀਆਂ ਸਤਰਾਂ ਆਪਣੀ ਪਤਨੀ ਨੂੰ ਆਪਣੇ ਖੂਨ ਨਾਲ ਲਿਖਦਾ ਹੈ:
“ਜੇ ਤੇਰੇ ਕੋਲ ਹੈਣ ਨੇ ਪੈਸੇਫ਼ਲਾਲੈਣ ਦਾ ਭੇਜ ਪਜਾਮਾ
ਲੱਤ ਵਿੱਚ ਮੇਰੀ ਦਰਦ ਰ੍ਹੀ ਦਾ ਬੜਾ ਅਵੱਲਾ ਬੜਾ ਕੁਵੱਲਾ।“
ਤੇ ਕੁਲਵਿੰਦਰ ਉਸ ਇਨਕਲਾਬੀ ਵੇਦਨਾ ਨੂੰ ਇੰਞ ਲਿਖਦਾ ਹੈ:
ਜਦੋਂ ਪੀੜ ਦਾ ਕੋਈ ਚਾਰਾ ਨਾ ਦਿਸਿਆ, ਕਿਤੇ ਚੰਦ ਜੁਗਨੂੰ ਸਿਤਾਰਾ ਨਾ ਦਿਸਿਆ
ਘਣੀ ਰਾਤ ਵਿੱਚ ਫਿਰ ਮੈਂ ਸ਼ਬਦਾਂ ਦੀ ਲੋਏ, ਲਹੂ ਨਾਲ ਲਿਖਿਆ ਸਫ਼ਾ ਡਾਇਰੀ ਦਾ ਪੰਨਾ 21

“ਦੋਸਤੀ ਲੋਕਾਂ ਵਿਚਕਾਰ ਆਪਸੀ ਪਿਆਰ ਦਾ ਰਿਸ਼ਤਾ ਹੈ। ਕਿਸੇ ਹੋਰ ਐਸੋਸੀਏਸ਼ਨ ਨਾਲੋਂ ਦੋਸਤੀ, ਆਪਸੀ ਬੰਧਨ ਦਾ ਮਜ਼ਬੂਤ ਰੂਪ ਹੈ।“ਇਕ ਸਰਵੇਖਣ ਅਨੁਸਾਰ ਸਕੂਲ ਪੱਧਰ ਤੇ ਤਕਰੀਬਨ 75% ਕੋਲ ਦੋਸਤ ਹੁੰਦੇ ਹਨ। ਸਿਰਫ 15% ਹੀ ਦੋਸਤਾਂ ਤੋਂ ਬਿਨਾਵੇਖੇ ਗਏ ਪਰ ਉਹਨਾਂ ਵਿਚੋਂ ਵੀ ਵਧੇਰੇ, ਤਕਰੀਬਨ ਛੇ ਮਹੀਨੇ ਦੇ ਅੰਦਰ ਅੰਦਰ ਦੋਸਤ ਬਣਾ ਲੈਂਦੇ ਹਨ। “ਦੋਸਤੀ ਦੇ ਸੰਭਾਵਿਕਲਾਭਾਂ ਵਿੱਚ ਹਮਦਰਦੀ ਅਤੇ ਸਮੱਸਿਆ ਨੂੰ ਸੁਲਝਾਉਣ ਬਾਰੇ ਸਿੱਖਣ ਦਾ ਮੌਕਾ ਸ਼ਾਮਿਲ ਹੈ। “ਈਲੀਨ ਕੈਨੇਡੀ-ਮੂਰ ਦੋਸਤੀ ਨਿਰਮਾਣ ਦੇ ਤਿੰਨ ਮੁੱਖ ਤੱਤਾਂ ਦਾ ਵਰਣਨ ਕਰਦਾ ਹੈ: (1) ਖੁੱਲ੍ਹਾ ਪਨ, (2) ਸਮਾਨਤਾ ਅਤੇ (3) ਸਾਂਝੇ ਮਜ਼ੇ।
ਦੋਸਤੀ, ਤਾਂ ਨਿਭ ਸਕਦੀ ਜੇ ਅੱਗੋਂ ਵੀ ਕੋਈ ਹੁੰਗਾਰਾ ਭਰੇ। ਅਵਾਜ਼ ਸੁਣੇ ਤੇ ਅਵਾਜ਼ ਮਾਰੇ
ਤੂੰ ਪੁਰ ਸੋਜ਼ ਸ਼ਬਦਾਂ ਨੂੰ ਆਵਾਜ਼ ਦੇ ਦੇ ,
ਮੇਰੇ ਸਿਸਕਦੇ ਗੀਤ ਨੂੰ ਸਾਜ਼ ਦੇ ਦੇ
ਤੂੰ ਜਿਸ ਹਾਲ ਵਿਚ ਵੀ ਏਂ ਆਵਾਜ਼ ਦੇ ਦੇ,
ਕਿਤੇ ਟੁੱਟ ਹੀ ਜਾਵੇ ਨਾ ਪੁਲ ਦੋਸਤੀ ਦਾ। ਪੰਨਾ 22

ਉਹ ਮਾਨਵੀਦਰਦ ਦੇ ਅਹਿਸਾਸ ਨਾਲ ਭਰੀ ਹੋਈ ਗ਼ਜ਼ਲ ਲਿਖਦਾ ਹੈ।ਕੁਝ ਸਾਲ ਪਹਿਲਾ ਲੜਕੀਆਂ ਉਤੇ ਤੇਜ਼ਾਬ ਸੁੱਟਣ ਦਾ ਰੁਝਾਨ ਚਲਿਆਜੋ ਗੁਸੈਲੇ, ਮੂਰਖ, ਉਜੱਡ ਤੇ ਈਰਖਾਲੂਕਿਸਮ ਦੇ ਆਸ਼ਕਾਂ, ਉਹਨਾਂ ਦੇ ਸਾਥੀ ਤੇ ਸਾਥਣਾਂ ਦੀ ਕਰੂਰਤਾ ਦਾ ਭੇਦ ਖੋਲਦਾ ਹੈ । ਸਮੁੱਚੇ ਦੇਸ਼ ਵਾਸੀਆਂਦਾ ਅਕਸ ਵੀ ਖ਼ਰਾਬ ਕਰਦਾ ਹੈ। ਜਿੰਨਾਂ ਲੜਕੀਆਂ ਨੇ ਆਪਣੇ ਘਰਾਂ ਨੂੰ ਖ਼ੂਬਸੂਰਤ ਰੰਗਤ ਦੇਣੀ ਸੀ। ਉਹਨਾਂ ਦਾਹੀ ਜੀਵਨ ਕਰੂਪਤਾ ਦੇ ਹਨੇਰਿਆਂ ਦਾ ਸ਼ਿਕਾਰ ਹੋ ਗਿਆ । ਮੇਘਨਾ ਗੁਲਜ਼ਾਰ ਦੀ ਫਿਲਮ ਛਪਾਕ ਵਿੱਚ ਦੀਪਕਾ ਪਾਦੂਕੋਨਨੇ ਇਕ ਤੇਜ਼ਾਬ ਗ੍ਰਸਤ ਕਿਰਦਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ਕੀਤਾ। ਸ਼ੁਕਰ ਹੈ ਕਿ ਹਾਲਾਤ ਤੇ ਕਨੂੰਨੀ ਕਾਰਵਾਈ ਹੋਣੀ ਸ਼ੁਰੂ ਹੋਈ ਤੇ ਇਸ ਤਰਾਂ ਦੇ ਸੰਗੀਨ ਜੁਰਮ ਨੂੰ ਕੁਝ ਠੱਲ ਪਈ। ਕੁਲਵਿੰਦਰ ਜਿਸ ਸੰਵੇਦਨਾਸ਼ੀਲਤਾ ਨਾਲ ਇਸ ਪਰਿਸਥਿਤੀ ਨੂੰ ਆਪਣੀ ਇਕ ਗ਼ਜ਼ਲ ਵਿੱਚ ਪੇਸ਼ ਕਰਦਾ ਹੈ, ਉਸ ਦੇ ਹੱਥ ਚੁੰਮਣ ਨੂੰ ਜੀਅ ਕਰਦਾ ਹੈ।
ਸਾੜਿਆ ਤੇਜ਼ਾਬ ਨੇ ਹਰ ਅੰਗ ਉਸਦਾ, ਪਰ ਅਜੇ
ਉਸ ਕੁੜੀ ਦੇ ਹੱਥਾਂ ‘ਚੋ ਆਉਂਦੀ ਹੈ ਮਹਿੰਦੀ ਦੀ ਮਹਿਕ। ਪੰਨਾ 28

2 ਫਰਬਰੀ 1879 ਵਿੱਚ ਔਸਕਰ ਵਾਈਲਡ ਨੇ ‘ਡੇਲੀ ਟੈਲੀਗਰਾਫ਼” ਨੂੰ ਇਕ ਖਤ ਲਿਖਿਆ ਜਿਸ ਨੂੰ ਇਸ ਤਰਾਂ ਬੰਦ ਕਰਦਾ ਹੈ,
“ਮੈਂ ਆਪਣੇ ਨਾਮ ਦੇ ਦਸਤਖ਼ਤ ਨਹੀਂ ਕਰਨਾ ਚਾਹੁੰਦਾ, ਭਾਵੇਂ ਮੈਨੂੰ ਡਰ ਹੈ ਕਿ ਹਰ ਕਿਸੇ ਨੂੰ ਪਤਾ ਲੱਗ ਜਾਵੇਗਾ ਕਿ ਲੇਖਕ ਕੌਣ ਹੈ: ਕਿਸੇ ਦੀ ਸ਼ੈਲੀ ਹੀ ਸਦਾ ਉਸਦਾ ਦਸਤਖਤ ਹੁੰਦੀ ਹੈ।“ “ (One’s style one’s signature always.” Oscar Wilde)
ਕੁਲਵਿੰਦਰ ਆਪਣੀ ਗ਼ਜ਼ਲ ਨੂੰ ਬਹੁਤ ਹੱਦ ਤੱਕ ਆਪਣੇ ਹਸਤਾਖਰ ਬਣਾਉਣ ਵਿੱਚ ਸਫਲ ਹੋ ਸਕਿਆ ਹੈ। ਉਹ ਬਹੁ–ਪੱਖੀ ਤੇ ਬਹੁ- ਪਰਤੀ ਗ਼ਜ਼ਲ ਲਿਖਦਾ ਹੈ। ਉਸਦੀ ਸ਼ੈਲੀ ਦਾ ਇਹ ਖਾਸ ਗੁਣ ਹੈ। ਉਸਦਾ ਇਕ ਇਕ ਸ਼ਿਅਰ ਇਕੋ ਵੇਲੇ ਕਈ ਪਰਤਾਂ ਖੋਲ੍ਹਦਾ ਨਜ਼ਰ ਆਉਂਦਾ ਹੈ।ਜਿਥੇ ਤੱਕ ਪੜ੍ਹਨ ਵਾਲੀ ਦੀ ਮਨ ਦੀ ਅੱਖ ਜਾਂਦੀ ਹੈ ਉਥੇ ਤੱਕ ਉਸਦਾ ਸ਼ਿਅਰ ਪਹੁੰਚ ਕਰਦਾ ਜਾਪਦਾ ਹੈ।
ਦਿਸ ਰਿਹਾ ਹੈ ਮਗਰ ਸਾਹਮਣੇ ਵੀ ਨਹੀਂ
ਕੌਣ ਹੈ ਇਹ ਜੋ ਮੇਰੀ ਨਜ਼ਰ ਵਿੱਚ ਰਹੇ। ਪੰਨਾ 57
ਗ਼ਜ਼ਲ ਵਿੱਚ ਬਰਫਦੇ ਸੂਰਜ ਵੀ ਢਲਦੇ,
ਪਰ ਅੱਗ ਦੇ ਦੇਸ ਇਸ ਦਾ ਜ਼ਿਕਰ ਹੋਵੇ।
ਇਕ ਪ੍ਰਿਜ਼ਮ ‘ਚੋਂ ਲੰਘਣ ਦੇ ਹੀ ਮਗਰੋਂ ਪਤਾ ਲਗਿਆ
ਇਕ ਕਿਰਨ ਨੇ ਸੀਨੇ ‘ਚ ਕਈ ਰੰਗ ਛੁਪਾਏ। ਪੰਨਾ 47

ਗ਼ਜ਼ਲ ਦਾ ਤਕਨੀਕੀ ਪੱਖ ਪਰਪੱਕ ਹੋਣਾ ਚਾਹੀਦਾ ਹੈ। ਇਸ ਵਿੱਚ ਕੋਈ ਗਲਤੀ ਮਾਫ਼ ਨਹੀਂ ਹੁੰਦੀ। ਕੁਲਵਿੰਦਰ ਇਸ ਵਿੱਚ ਮਾਹਰ ਹੈ। ਉਸਨੇ ਉਸਤਾਦਾਂ ਨਾਲ ਬੈਠ ਕੇ ਤਕਨੀਕੀ ਪਰਪੱਕਤਾ ਹਾਸਲ ਕੀਤੀ ਹੈ। ਇਕ ਜ਼ਮਾਨੇ ਤੋਂ ਬਹਿਸ ਚਲੀ ਆ ਰਹੀ ਕਿ ਗ਼ਜ਼ਲ ਵਿੱਚ ਤਕਨੀਕ ਹੀ ਪ੍ਰਧਾਨ ਹੈ। ਕਈ ਸ਼ਾਇਰ ਤਾਂ ਇਸ ਵਿੱਚ ਉਲਝ ਕੇ ਰਹਿ ਗਏ ਤੇ ਵਿਚਾਰ ਤੇ ਵਿਸ਼ੇ ਪੱਖੋਂ ਬੇ-ਰਸ ਤੇ ਨੀਰਸ ਹੋ ਗਏ। ਮਾਤਰਾਵਾਂ ਦੀ ਕੋਈ ਗਲਤੀ ਨਾ ਹੋਣ ਤੇ ਵੀ ਉਹਨਾਂ ਨੂੰ ਸੁਣਨਾ ਮੁਹਾਲ ਹੋ ਜਾਂਦਾ ਹੈ। ਕੁਲਵਿੰਦਰ ਦੀ ਇਹ ਕਲਾ ਸਿਰਫ ਕਲਾ ਲਈ ਨਹੀਂ ਹੈ । ਨਾ ਹੀ ਉਸਨੇ ਸਿਰਫ ਮਾਤਰਾਵਾਂ ਪੂਰੀਆਂ ਕਰਨ ਤੇ ਧਿਆਨ ਦਿੱਤਾ ਜਾਂ ਫ਼ੇਲਨ ਫ਼ੇਲਨ ਫਾਇਲੁਨ ਦੀ ਮੁਹਾਰਨੀ ਰਟੀ ਹੈ। ਉਹ ਸਿਰਫ ਲਿਖਣ ਲਈ ਨਹੀਂ ਲਿਖਦਾ। ਉਸ ਦੀ ਗ਼ਜ਼ਲ ਵਿੱਚ ਜਜ਼ਬਾਤ,ਦਰਦ, ਪ੍ਰੇਮ,ਸੰਵੇਦਨਾਂ, ਹੂਕ ਵੀ ਦਿਲ ਨੂੰ ਟੁੰਬਦੇ ਜਾਂਦੇ ਹਨ। ਇਸ ਲਈ ਉਹ ਲਿਖਦਾ ਹੈ:
ਦਿਲ ਦੀ ਦੁਨੀਆਂ ਦੇ ਦਰਦਾਂ ਨੂੰ ਲਿਖਣਾ ਹੈ ਤਾਂ ਪਹਿਲਾਂ
ਤਪਦੇ ਮਾਰੂ ਥਲ ਵਿੱਚ ਉੱਗੇ ਫੁੱਲਾਂ ਵਾਂਗੂੰ ਸੜ ਵੀ। ਪੰਨਾ 66
ਜੇਕਰਤੂੰ ਸ਼ਬਦਾਂ ਦੀ ਸਰਗਮ ਸੁਣਨੀ ਹੈ ਕੁਲਵਿੰਦਰ
ਬੰਦ ਕਰ ਆਪਣੀ ਫ਼ੇਲੁਨ ਫ਼ੇਲੁਨ , ਤੂੰ ਕਵੀਆਂ ਨੂੰਪੜ੍ਹ ਵੀ। ਪੰਨਾ 66
ਉਹ ਕਹਿੰਦੇ ਨੇ ਗ਼ਜ਼ਲ ਬਹਿਰਾਂ ਲਈ ਹੈ,
ਮੈਂ ਸੋਚਾਂ ਇਹ ਤਾਂ ਅਹਿਸਾਸਾਂ ਲਈ ਹੈ ਪੰਨਾ64
ਹਵਾ ਜਲ ਅਗਨ ਅੰਬਰ ਦਾ ਖਲਾਅ ਮਿੱਟੀ ਦੀ ਖੁਸ਼ਬੂ
ਮੇਰੇ ਸ਼ਿਆਰਾਂ ‘ਚ ਇਹ ਅਨੁਵਾਦ ਸਾਰੇ ਹੋ ਗਏ ਨੇ ਪੰਨਾ 56

ਉਸ ਦੇ ਅਹਿਸਾਸ ਦੀ ਸਮਰੱਥਾ ਵੇਖੋ। ਇਕ ਸ਼ਿਅਰ ਪੜ੍ਹਦੇ ਹੋ ਤਾਂ ਦਿਲ ਜੇ ਉਤਰ ਜਾਵੇ, ਹਜ਼ਾਰਾਂ ਲੋਕਾਂ ਤੇ ਕਾਫਲਾ ਅੱਖਾਂ ਸਾਹਵੇਂ ਉਤਰ ਆਵੇ। ਬੱਸਾਂ ਰੇਲਾਂ ਰਿਕਸ਼ਿਆਂ ਸਾਈਕਲਾਂ ਤੇ ਪੈਦਲ ਚਲਦੇ ਬੱਚੇ ਬੁੱਢੇ ਨਾਰੀਆਂ ਮਰਦਾਂ ਦੇ ਛਲਣੀ ਹੋਏ ਪੈਰਾਂ ਦਾ ਮੰਜ਼ਰ ਸਿਰਫ ਕੋਵਿਡ-19 ਦਾ ਕਹਿਰ ਵੀ ਦਰਸਾਉਂਦਾ ਅਤੇ ਮਨੁੱਖ ਦੀ ਮਨੁੱਖ ਪ੍ਰਤੀ ਮਰ ਚੁੱਕੀ ਹਮਦਰਦੀ ਵੀ। ਨਾਲ ਹੀ ਉਹਨਾਂ ਬਾਰੇ ਇਸ਼ਾਰੇ ਕਰਦੇ ਹੈ ਜਿਹਨਾਂ ਨੇ ਕੋਵਿਡ -19 ਦੀ ਪਰਵਾਹ ਕਿਤੇ ਬਿਨਾ ਸੇਵਾ ਕੀਤੀ ਅਤੇ ਮਨੁੱਖਤਾ ਪ੍ਰਤੀ ਸੰਵੇਦਨਾਂ ਵਿਖਾਈ।
ਹਜ਼ਾਰ ਯਤਨ ਕੀਤੇ ਉਹ ਅਖੀਰ ਵਹਿ ਤੁਰੀਆਂ
ਜ਼ਰਾ ਵੀ ਰੋਕ ਨਾ ਸਕਿਆ ਮੈਂ ਭਾਵਨਾਵਾਂ ਨੂੰ
ਜਿਹਨਾਂ ਨੇ ਵੇਦਨਾ ਤਕ ਵੀ ਗੁਆ ਲਈ ਆਪਣੀ
ਉਹ ਲੋਕ ਮੁੜ ਰਹੇ ਨੇ ਸ਼ਹਿਰ ਤੋਂ ਗਰਾਵਾਂ ਨੂੰ ਪੰਨਾ 34
ਹਰ ਤਰਫ਼ ਗੂੰਜਦੀ ਹੈ ਜੋ ਧੁੰਨ ਮਾਤਮੀ
ਪੰਛੀਆਂ ਨੇ ਵੀ ਏਦਾਂ ਰੁਵਾਇਆ ਨਾ ਸੀ
ਹੁਣ ਇਹ ਜ਼ਹਿਰੀ ਹਵਾ ਦਾ ਹੈ ਸਭ ਨੂੰ ਪਤਾ
ਸਾਹ ਅਸਾਂ ਨੂੰ ਤਾਂ ਸਦੀਆਂ ਤੋਂ ਆਇਆ ਨਾ ਸੀ ਪੰਨਾ 62

ਧਰਤੀ ਵਿਆਪਕ ਅਰਥਾਂ ਵਿੱਚ ਮਾਤਾ ਦਾ ਹੀ ਰੂਪ ਹੈ। ਉਹ ਪ੍ਰਕਿਰਤੀ ਨੂੰ ਜਨਮ ਦੇ ਪਾਲਣਹਾਰ ਬਣਦੀ ਹੈ। ਅੰਤ ਮਾਨਵ ਦੇ ਸਾਰੇ ਦੁੱਖ ਦਰਦ ਦਰਿੱਦਰ ਆਪਣੇ ਅੰਦਰ ਢੱਕ ਲੈਂਦੀ ਹੈ। ਇਸ ਲਈ ਧਰਤੀ ਮਾਂ ਹੈ। ਇਸਦੀ ਦੀ ਕਦਰ ਕਰਨੀ ਚਾਹੀਦੀ ਹੈ।
ਕਿੰਨਾ ਛੋਟਾ ਜਾਂ ਵੱਡਾ ਹੈ ਇਸ ਨੂੰ ਫਰਕ ਨਾ ਪੈਂਦਾ ਕੋਈ
ਆਖਰ ਨੂੰ ਇਸ ਧਰਤੀ ਅੰਦਰ ਹਰ ਇਕ ਦਰਦ ਸਮੋ ਜਾਂਦਾ ਹੈ। ਪੰਨਾ 61

ਉਹ ਕੈਲੇਫੋਰਨੀਆਂ ਵਿੱਚ ਰਹਿੰਦਾ ਜਿਥੇ ਹਰ ਸਾਲ ਅੱਗਾਂ ਕਰਕੇ ਕਰੋੜਾਂ ਦੀ ਸੰਪਤੀ ਨਸ਼ਟ ਹੁੰਦੀ, ਜੰਗਲ ਸੜਦੇ ਜਾਂਦੇ ਜਨ ਜੀਵ ਜੰਤੂ ਮਰ ਜਾਂਦੇ ਹਨ ਪ੍ਰਕ੍ਰਿਤੀ ਤਬਾਹ ਹੋ ਜਾਂਦੀ ਵਾਤਾਵਰਣ ਖਰਾਬ ਹੁੰਦਾ ਹੈ। 2016 ਵਿੱਚ ਫੋਰਟ ਮੈੱਕਮਰੀ ਕੇਨੇਡਾ ਅਤੇ 2018 ਬਰੈਫੋਰਡ ਕੈਲੇਫੋਰਨੀਆਂ ਨੇੜੇ ਸ਼ਹਿਰ ਸੜ ਗਏ। ਜਿਥੇ ਵਧੇਰੇ ਰਿਟਾਇਰਡ ਲੋਕ ਵਾਤਵਰਣ ਪ੍ਰੇਮੀ ਰਹਿੰਦੇ ਸਨ। ਕਿੰਨੇ ਲੋਕ ਤੇ ਪਾਲਤੂ ਜਾਨਵਰ ਵੀ ਮਾਰੇ ਗਏ ਸਨ। ਆਮ ਬੰਦਾ ਕਹਿ ਸਕਦਾ ਹੈ ਜੰਗਲ ਨੂੰ ਅੱਗ ਲੱਗੀ ਹੈ। ਕੁਲਵਿੰਦਰ ਉਸ ਤੋਂ ਪਾਰ ਜਾ ਕੇ ਉਸ ਪਿਛੇ ਛੁਪੇ ਦਰਦ ਨੂੰ ਪਛਾਣਦਾ ਵੀ ਹੈ ਤੇ ਬਿਆਨ ਵੀ ਕਰਦਾ ਹੈ।
ਸਿਰਫ ਸੁੱਕੇ ਜੰਗਲਾਂ ਦੀ ਅੱਗ ਨਾ ਉਸ ਨੂੰ ਸਮਝ
ਦੂਰ ਬਲ਼ਦੇ ਜੰਗਲਾਂ ਵਿਚ ਸੜਰਹੇ ਕੁਝ ਘਰ ਵੀ ਹਨ ਪੰਨਾ 71
ਪਲਾਂ ਅੰਦਰ ਸੁਆਹ ਜੋ ਕੇ ਦਰਦ ਹਵਾ ਵਿੱਚ ਰਲ਼ ਗਿਆ ਸੀ
ਅਸੀਂ ਤਕਦੇ ਰਹੇ ਤੇ ਸ਼ਹਿਰ ਸਾਰਾ ਜਲ ਗਿਆ ਸੀ ਪੰਨਾ 59

ਨਾਸਾ ਦੀਆਂ ਪ੍ਰਾਪਤੀਆਂ ਤੇ ਅਜੋਕੇ ਮਨੁੱਖ ਦੀ ਦਿਨ ਬ ਦਿਨ ਵੱਧਦੀ ਸੋਝੀ ਬਾਰੇ ਉਸਾਰੂ ਗੱਲ ਕਰਦੀ ਹੈ ਉਸਦੀ ਗ਼ਜ਼ਲ:
ਅਜੇ ਤਾਂ ਹੋਰ ਵੀ ਲੰਮਾ ਹੈ ਜ਼ਿੰਦਗੀ ਦਾ ਸਫਰ,
ਅਜੇ ਤਾਂ ਸੂਰਜਾਂ ਦੇ ਸੇਕ ਨੂੰ ਵੀ ਸਹਿਣਾ ਹੈ
ਅਜੇ ਤਾਂ ਚੀਰਨਾ ਹੈ ਨੀਲਿਆਂ ਖਲਾਵਾਂ ਨੂੰ ,
ਅਜੇ ਤਾਂ ਤਾਰਿਆਂ ਦਾ ਸ਼ਹਿਰ ਪਾਰ ਕਰਨਾ ਹੈ ਪੰਨਾ 25
ਸੋਚਦਾ ਹਾਂ ਮੈਂ ਪਲਾਂ ਅੰਦਰ ਹੀ ਛੁਹ ਲੈਣੇ ਨੇ ਸਾਰੇ
ਇਹ ਮੇਰੇ ਨਜ਼ਦੀਕ ਕਿੰਨੇ ਨੀਲ ਅੰਬਰ ਆ ਰਹੇ ਨੇ ਪੰਨਾ 77
ਮੈਂ ਪੁੱਛਾਂ ਕਿਸ ਤਰ੍ਹਾ ਤੂੰ ਇਸ ਖਲਾਅ ਨੂੰ ਪਾਰ ਕਰਨਾ ਹੈ
ਗ਼ਜ਼ਲ ਮੇਰੀ ਕਹੇ ਮੈਂ ਪਲ ‘ਚ ਤੇ ਛੁਹ ਕੇ ਮੁੜ ਆਵਾਂ ਪੰਨਾ 58

ਨਫ਼ਸ ਕੀ ਹੁੰਦਾ ਹੈ?ਨਫ਼ਸ ਉਹ ਹੁੰਦਾ ਜਿਸ ਵਿੱਚ ਮਨੁੱਖ ਆਪਣੇ ਆਪ ਨਾਲ ਯੁੱਧ ਕਰਦਾ ਹੈ। ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ।ਇਹ ਸਭ ਤੋਂ ਔਖਾ ਯੁੱਧ ਹੈ। ਦੇਵਤੇ ਵੀ ਉਹ ਕੰਮ ਨਹੀਂ ਕਰ ਸਕਦੇ। ਇਹ ਕਰਨਾ ਵੀ ਮਨੁੱਖ ਨੂੰ ਹੀ ਪੈਂਦਾ ਹੈ।
ਇਸ ਤਰਫ਼ ਵੀ ਮੈਂ ਤੇ ਦੂਜੇ ਪਾਰ ਵੀ ,
ਜਿੱਤ ਵੀ ਮੇਰੀ ਹੀ ਸੀ ਤੇ ਹਾਰ ਵੀ
ਝੂਠ ਤੇ ਸੱਚ ਦੇ ਨਿਤਾਰੇ ਵਾਸਤੇ,
ਮੈਂ ਤਾਂ ਆਪਣੇ ਨਾਲ ਹੀ ਲੜਦਾ ਰਿਹਾ। ਪੰਨਾ 50

ਕਿਹਾ ਜਾਂਦਾ ਹੈ ਕਿ ਗ਼ਜ਼ਲ ਤਾਂ ਬਣਦੀ ਹੈ ਜੇ ਦਰਦ ਦੀ ਤਰਜਮਾਨੀ ਕਰੇ। ਇਕ ਹਿਰਨ ਦੀ ਚੀਖ ਵਰਗਾ ਦਰਦ। ਐਸਾ ਦਰਦ ਜੋ
ਜੋ ਕਿਸੇ ਦੇ ਵੀ ਦਿਲ ਨੂੰ ਛੁਹ ਕੇ ਨਿਕਲੇ। ਮੁਹੱਬਤ ਵੀ ਇਕ ਵੱਡਾ ਵਿਸ਼ਾ ਹੈ ਜਿਸ ਬਾਰੇ ਉਹ ਲਿਖਣਾ ਚਾਹੁੰਦਾ ਰਿਹਾ। ਪੰਜਾਬ ਦਾ ਜੰਮ ਪਲ ਤੇ ਪੰਜਾਬ ਦੀਆਂ ਘਟਨਾਵਾਂ ਤੋਂ ਅੰਤਰੀਵ ਮਨ ਵਿੱਚ ਪ੍ਰਭਾਵਿਤ ਉਹ ਦਰਦ ਕਈ ਰੂਪਾਂ ਦੇ ਪ੍ਰਭਾਵ ਸਿਰਜਦਾ ਰਿਹਾ ।
ਮੈਂ ਢਲਦੀ ਸ਼ਾਮ ਨੂੰ ਜਦ ਦਰਦ ਦੀ ਵਾਦੀ ‘ਚੋਂ ਗੁਜ਼ਰਾਂ
ਮੇਰੇ ਹਰ ਸਾਹ ‘ਚੋਂ ਯਾਦਾਂ ਤੇਰੀਆਂ ਦੀ ਮਹਿਕ ਆਵੇ। ਪੰਨਾ 38
ਨਾ ਹੁੰਦਾ ਦਰਦ ਤਾਂ ਨਾ ਮੈਂ ਕਦੇ ਕਵੀ ਹੁੰਦਾ
ਜੇ ਗਹਿਰਾ ਜ਼ਖ਼ਮ ਨਾ ਹੁੰਦਾ ਤਾਂ ਫਿਰ ਮੈਂ ਕੀ ਹੁੰਦਾ। ਪੰਨਾ 48
ਉਮਰ ਭਰ ਸੁੱਕੀ ਨਦੀ ਦਾ ਦਰਦ ਹੀ ਲਿਖਦਾ ਰਿਹਾ
ਸੋਚਿਆ ਤਾਂ ਸੀ ਲਿਖਾਂਗਾ ਮੈਂ ਮੁਹੱਬਤ ਦੀ ਕਿਤਾਬ । ਪੰਨਾ 30

ਬੇਸ਼ੱਕ ਉਸਦੀ ਸ਼ਾਇਰੀ ਦਰਦ ਦੀ ਬਾਤ ਪਾਉਂਦੀ ਹੈ ਪਰ ਉਹ ਆਸ ਤੇ ਉਮੀਦ ਸਾਕਾਰਤਮਕ ਸੋਚ ਦਾ ਪੱਲਾ ਘੁੱਟ ਕੇ ਫੜੀ ਰੱਖਦਾ ਹੈ। ਉਸ ਦੀ ਨਾਉਮੀਦੀ ਹੀ ਉਮੀਦ ਦੀ ਕੜੀ ਬਣ ਜਾਂਦੀ ਹੈ। ਇਕੋ ਵੇਲੇ ਐਸੇ ਵਿਰੋਧੀ ਵਿਚਾਰਾਂ ਨੂੰ ਪੇਸ਼ ਕਰਨ ਦਾ ਉਸ ਕੋਲ ਕਮਾਲ ਦਾ ਹੁਨਰ ਹੈ। ਜਿਵੇਂ ਬਾਰਡਰ ਤੇ ਲੜਦਾ ਕੋਈ ਫੌਜੀ ਜ਼ਖ਼ਮੀ ਹੋ ਜਾਵੇ ਤੇ ਉਸ ਨੂੰ ਬੇਬਸੀ ਚਿੰਤਾ ਤੇ ਡਰ ਘੇਰ ਸਕਦੇ ਹਨ ਪਰ ਦੂਸਰੇ ਹੀ ਪਲ, ਉਹ ਗੋਲੀਆਂ ਦੀ ਆਵਾਜ਼ ਸੁਣਦਾ ਡਰਦਾ ਨਹੀਂ ਬਲਕਿ ਵਤਨ ਦਾ ਮਾਣ, ਉਸ ਵਿੱਚ ਮੁੜ ਲੜਨ ਦੀ ਤਾਕਤ ਭਰ ਦਿੰਦਾ ਹੈ। ਉਸੇ ਤਰਾਂ ਸਾਡੇ ਸਮਾਜ ਵਿੱਚ ਪਸਰ ਰਹੇ ਹਨੇਰੇ ਦਾ ਪਰਦਾ ਪਾਸ਼ ਕਰਦਾ ਉਦਾਸ ਤਾਂ ਹੁੰਦਾ ਹੈ ਪਰ ਨਾਲ ਹੀ ਦੀਵਾ ਜਗਾ ਕੇ ਉਹ ਮਨ ਦੀਆਂ ਹਨੇਰੀਆਂ ਗੁਫਾਵਾਂ ਚੋਂ ਬਾਹਰ ਝਾਕਣ ਦੀ ਹਿੰਮਤ ਦਿੰਦਾ ਹੈ। ਆਪਣੇ ਦੋਹਾਂ ਮੁਲਕਾਂ ਲਈ ਦੁਆਵਾਂ ਵੀ ਕਰਦਾ ਹੈ, ਭਾਵ ਭਾਰਤ ਜਿਸਨੇ ਜੀਵਨ ਦਿੱਤਾ ਤੇ ਅਮਰੀਕਾ ਜਿਥੇ ਉਸਨੇ ਆਪਣੇ ਮਨਭਾਉਂਦੇ ਰੋਜ਼ਗਾਰ ਹਾਸਲ ਕੀਤੇ ਤੇ ਉਤਮ ਜੀਵਨ ਜੀਊਣ ਦਾ ਵੱਲ ਦਿੱਤਾ।
ਹਮੇਸ਼ ਕਲ਼ਪਨਾ ਦੇ ਦੀਪ ਬਾਲ ਕੇ ਰੱਖਣਾ
ਹਨੇਰ ਖਾ ਨਾ ਜਾਵੇ ਮਨ ਦੀਆਂ ਗੁਫਾਵਾਂ ਨੂੰ ਪੰਨਾ 34
ਸਿਤਾਰੇ ਚੰਨ ਸੂਰਜ ਰਹਿਣ ਜਗਦੇ
ਇਹ ਸਭ ਦਰਿਆ ਹਮੇਸ਼ਾ ਰਹਿਣ ਵਗਦੇ
ਅਸੀਂ ਇਸ ਆਸ ‘ਤੇ ਹੀ ਜੀਅ ਰਹੇ ਹਾਂ
ਇਹਨਾਂ ਦੀਬੇਹਿਸਾਬੀ ਉਮਰ ਹੋਵੇ ਪੰਨਾ 31

ਬੜੇ ਸਾਲਾਂ ਤੋਂ ਮੈਂ ਕੁਲਵਿੰਦਰ ਨੂੰ ਸੁਣਦਾ ਆਇਆਂ ਹਾਂ। ਸਾਹਿਤ ਦਾ ਰਸੀਆਂ ਹੋਣ ਕਾਰਣ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਉਹ ਪ੍ਰੰਪਰਕ ਸ਼ਾਇਰਾਂਦੇ ਉਲਟ ਪ੍ਰਚਲਤ ਬਿੰਬ ਤੇ ਪ੍ਰਤੀਕ ਨਵੇਂ ਅਰਥਾਂ ਵਿੱਚ ਸਿਰਜਦਾ ਹੈ। ਉਸਦੇ ਪ੍ਰਤੀਕ ਰੇਤ, ਜੰਗਲ, ਵਣ, ਅੱਗ, ਹਵਾ, ਪਾਣੀ, ਨੀਰ, ਵਰਖਾ,ਮੀਂਹ, ਬਰਫ, ਧਰਤੀ, ਆਕਾਸ਼, ਅੰਬਰ, ਤਾਰੇ, ਬਿਰਖ, ਫੁੱਲ, ਪੱਤੇ, ਸ਼ਾਖ਼, ਜੁਗਨੂੰ, ਉਸਦੀ ਗ਼ਜ਼ਲ ਦਾ ਸ਼ਿੰਗਾਰ ਤਾਂ ਬਣਦੇ ਹੀ ਹਨ ਪਰ ਨਵੇਂ ਅਤੇਬਹੁ ਪਰਤੀ ਅਰਥਾਂ ਵਿੱਚ । ਇਹ ਉਸਦੀ ਸ਼ੈਲੀ ਦਾ ਖਾਸ ਗੁਣ ਹੈ। ਮੈਂ ਡਾ. ਜਗਤਾਰ ਹੋਰਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ, “…ਸ਼ਾਇਰਾਂ ਦੇਜ਼ਿਆਦਾ ਸ਼ਿਅਰਾਂ ਵਿੱਚ ਇਸਦਾ (ਬਿਰਛ ਦਾ) ਪ੍ਰਤੀਕ ਜੜ ਅਰਥਚਾਰੇ ਵਿੱਚ ਹੀ ਆਇਆ ਹੈ। “ਇਸਦੇ ( ਬਿਰਛ ਦੇ) ਪ੍ਰਤੀਕਾਤਮ ਅਰਥਚਾਰੇਅੰਦਰ ਕੁਲਵਿੰਦਰ ਨੇ ਕੁਝ ਬਦਲਾਓ ਜ਼ਰੂਰ ਲਿਆਂਦਾ ਹੈ।“ ਬਿੰਬਾਂ ਤੇ ਪ੍ਰਤੀਕਾਂ ਨੂੰ ਨਵੀਨ ਅਰਥਾਂ ਵਿੱਚ ਵਰਤਣ ਦੀ ਵਿਧੀ ਨਾਲ ਬਿਆਨ ਵਿੱਚਰੋਚਕਤਾ ਪੈਦਾ ਹੁੰਦੀ ਹੈ ਜੋ ਪਾਠਕ ਦੇ ਦਿਲ ਨੂੰ ਟੁੰਬਦੀ ਹੋਈ, ਉਸ ਦੀ ਕਲਪਨਾ ਨੂੰ ਉਡਾਰੀ ਦਿੰਦੀ ਹੈ। ਉਸਦੀ ਗ਼ਜ਼ਲ ਪਾਠਕ ਤੇ ਲੇਖਕ ਵਿੱਚਅੰਦਰੂਨੀ ਸੰਬੰਧ ਪੈਦਾ ਕਰਦੀ ਹੈ।
ਰਾਤ ਭਰ ਅੰਬਰ ’ਚ ਜੋ ਚਮਕਣ ਸਿਤਾਰੇ, ਸੋਚਦਾ ਹਾਂ
ਅੰਤ ਨੂੰ ਇਹ ਰੇਤ ਹੋ ਜਾਣੇ ਨੇ ਸਾਰੇ, ਸੋਚਦਾ ਹਾਂ ਪੰਨਾ 27
ਚੁਫੇਰ ਅੱਗ ਦੀ ਬਾਰਸ਼, ਨਾ ਬੂੰਦ ਪਾਣੀ ਹੈ,
ਕਿ ਮੇਰੀ ਪਿਆਸ ਦੀ ਏਨੀ ਕੁ ਹੀ ਕਹਾਣੀ ਹੈ
ਪਤਾ ਹੀ ਕਦ ਸੀ ਕਿ ਮੈਨੂੰ ਨਦੀ ਦੀ ਭਾਲ ਅੰਦਰ,
ਚਮਕਦੀ ਰੇਤ ਨੇ ਕਿੰਨਾ ਖੁਆਰ ਕਰਨਾ ਹੈ ਪੰਨਾ 26
ਕੌਣ ਹੈ ਜੋ ਮੇਰੇ ਅੰਦਰ ਆ ਗਿਆ ਚੁੱਪ ਚਾਪ ਹੀ
ਇਸ ‘ਚ ਮਿੱਟੀ ਅਗਨ, ਅੰਬਰ, ਪੌਣ, ਪਾਣੀ ਵੀ ਨਹੀਂ ਪੰਨਾ 19
ਹਵਾ। ਜਲ, ਅਗਨ, ਅੰਬਰ ਦਾ ਖਲਾਅ ਮਿੱਟੀ ਦੀ ਖੂਸ਼ਬੂ
ਮੇਰੇ ਸ਼ਿਅਰਾਂ ‘ਚ ਇਹ ਅਨੁਵਾਦ ਸਾਰੇ ਹੋ ਗਏ ਹਨ ਪੰਨਾ 56

ਡਾ. ਜਗਤਾਰ ਦਾ ਮੰਨਣਾ ਹੈ ਕਿ, “ਗ਼ਜ਼ਲ ਕਾਵਿ ਰੂਪ ਦਾ ਵੱਡਾ ਕਮਾਲ ਇਹ ਹੁੰਦਾ ਹੈ ਕਿ ਸੰਖੇਪਤਾ ( Abbreviation) ਵਿੱਚ ਤਵਾਲਤ(Protraction ਵਿਸਤਾਰ) ਹੋਵੇ। ਅਕਥਨ (Unsaid) ਵਿੱਚ ਕਥਨ (said) ਤੇ ਕਥਨ ਵਿੱਚ ਅਕਥਨ ਹੋਵੇ।“ ਉਸਦੀ ਗ਼ਜ਼ਲ ਦਾ ਇਕ ਸ਼ਿਅਰਤੇ ਮਕਤਾ ਦੇਖੋ। ਅੱਜ ਜੋ ਹਾਲਾਤ ਹਨ ਕਿ ਸਾਰਾ ਪੰਜਾਬ ਹੀ ਬਾਹਰ ਆਉਣਾ ਚਾਹੁੰਦਾ ਹੈ। ਉਸਦੇ ਸੌ ਕਾਰਣ ਹੋ ਸਕਦੇ ਹਨ। ਵਿਦੇਸ਼ ਆਉਣਵਾਲੇ ਉਤਸੁਕਤਾ ਵਿੱਚ ਕਈ ਸਵਾਲ ਪੁੱਛਦੇ ਹਨ। ਕੁਲਵਿੰਦਰ ਪਰਵਾਸ ਵਿੱਚ ਵਾਸ ਦੀ ਸਥਿਤੀ, ਉਹਨਾਂ ਉਤਸੁਕ ਲੋਕਾਂ ਨਾਲ ਸਾਂਝੀ ਕਰਦਾ ਹੈ।ਜੇ ਇਥੇ ਸੁਖ ਸਹੂਲਤਾਂ ਤੇ ਹੋਰ ਬਹੁਤ ਕੁਝ ਹੈ ਤਾਂ ਇਕੱਲ ਭੋਗਣ ਦਾ ਸੰਤਾਪ ਅਤੇ ਹੋਰ ਬਹੁਤ ਕੁਝ ਵੀ ਹੈ। ਇਸ ਤਰਾਂ ਹੀ ਸੰਤਾਲੀ ਦੀ ਵੰਡ ਦੇਸੰਤਾਪ ਦੀ ਵੱਡੀ ਕਹਾਣੀ ਉਹ ਇਕ ਸ਼ਿਅਰ ਵਿੱਚ ਦੱਸ ਜਾਂਦਾ ਹੈ। ਉਸ ਦੇ ਗ਼ਜ਼ਲ ਵਿੱਚ ਸੰਖੇਪਤਾ, ਵਿਸਤਾਰ, ਅਕਥਨ ਵਿੱਚ ਕਥਨ ਦੀ ਕਮਾਲਦਿਸਦੀ ਹੈ।
ਤੁਸੀਂ ਵੀ ਜਾਣ ਜਾਵੋਗੇ ਜਦੋਂ ਆਏ ਵਸਣ ਏਥੇ
ਇਹ ਬਾਹਰੋਂ ਸ਼ੀਸ਼ਿਆਂ ਦਾ ਸ਼ਹਿਰ ਪਰ ਅੰਦਰੋਂ ਖੰਡਰ ਲੱਗੇ ਪੰਨਾ 68
ਮੈਂ ਦਾਦੀ ਮਾਂ ਤੋਂ ਪੁੱਛਿਆ ਰੌਲ਼ਿਆਂ ਮਗਰੋਂ ਕਿਵੇਂ ਗੁਜ਼ਰੀ
ਕਿਹਾ ਉਸਨੇ ਕਿ ਸੰਤਾਲੀ ਤਰ੍ਹਾਂ ਮੁੜ ਨਾ ਨਜ਼ਰ ਲੱਗੇ ਪੰਨਾ 68

ਕੁਲਵਿੰਦਰ ਬਾਰੇ ਤਾਂ ਵੱਡੇ ਸਮਾਲੋਚਕ ਤੇ ਉਸਦੇ ਸਮਕਾਲੀ ਸ਼ਾਇਰ ਬੇਹੱਦ ਖ਼ੂਬਸੂਰਤ ਬੋਲਦੇ ਤੇ ਲਿਖਦੇ ਹਨ। ਮੈਂ ਤਾਂ ਇਕ ਪਾਠਕ ਤੇ ਤੌਰ ਤੇ ਆਪਣੀ ਪ੍ਰਭਾਵ ਸਿਰਜੇ ਹਨ । ਆਸ ਹੈ ਪਸੰਦ ਆਏ ਹੋਣਗੇ। ਕੁਲਵਿੰਦਰ ਨੂੰ ਇਸ ਦੀਵਾਨ ਤੇ ਅੱਗੋਂ ਆਉਣ ਵਾਲੀਆ ਹੋਰ ਕਾਵਿ ਜਾਂ ਵਾਰਤਕ ਪੁਸਤਕਾਂ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ ।
 ਪਿਆਰਾ ਸਿੰਘ ਕੁੱਦੋਵਾਲ [email protected] 647-278-4477
ਹਵਾਲੇ:
ਸ਼ਾਮ ਦੀ ਸ਼ਾਖ ‘ਤੇ – ਕੁਲਵਿੰਦਰ – ਚੇਤਨਾ ਪ੍ਰਕਾਸਨ ਲੁਧਿਆਣਾ -2022 – ਸਫੇ 84
ਹਵਾ ਵਿੱਚ ਲਿਖੇ ਹਰਫ਼- ਸੰਪਾਦਕ ਡਾ. ਜਗਤਾਰ ਚੇਤਨਾ ਪ੍ਰਕਾਸਨ ਲੁਧਿਆਣਾ -2002 ਪੰਨਾ 17 ਅਤੇ 20
ਆਨ ਲਾਈਨ ਮੈਗਜ਼ੀਂਨ ਪੰਜਾਬੀ ਕਹਾਣੀ -“ਸ਼ਬਦਾਂ ਦੀ ਤਾਕਤ“ਲੇਖਕ ਵਰਿਆਮ ਸੰਧੂ
ਪੰਜਾਬੀ ਪੀਡੀਆ – ਪੰਜਾਬੀ ਯੂਨੀਵਰਸਿਟੀ ਪਟਿਆਲਾ- ਐਸ ਤਰਸੇਮ
ਗ਼ਜ਼ਲ- ਵਿਕੀ ਪੀਡਿਆ
ਗ਼ਜ਼ਲ ਨਿਕਾਸ ਤੇ ਵਿਕਾਸ ਸਾਧੂ ਸਿੰਘ ਹਮਦਰਦ
https://pa.wikipedia.org/wiki/ਦੋਸਤ
“Definition for friend”. Oxford Dictionaries. Oxford Dictionary
From: style is the man, the in The Oxford Dictionary of Phrase and Fable »

ਪਿਆਰਾ ਸਿੰਘ ਕੁੱਦੋਵਾਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਪਾਠਕ ਸਾਹਿਤ ਸਭਾ ਵੱਲੋਂ ਸਾਲਾਨਾ ਯਾਦਗਾਰੀ ਪਲੇਠਾ ਪਾਠਕ ਪੁਰਸਕਾਰ ਪ੍ਰਦਾਨ
Next articleਜਨਮ ਮਰਨ ਦਾ ਚੱਕਰ ਹਾਸ ਵਿਅੰਗ