ਗਿਆਨੀ ਹਰੀ ਸਿੰਘ ਦੀ ਪੁਸਤਕ ਤੇ ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਕਰਵਾਈ ਗੋਸਟੀ  

ਪ੍ਰਿੰਸੀਪਲ ਕਰਮ ਸਿੰਘ ਭੰਡਾਰੀ ਅਤੇ ਸੁਖਵਿੰਦਰ ਸਿੰਘ ਫੁੱਲ ਦਾ ਸਨਮਾਨ ਕਰਦੇ ਹੋਏ ਸਾਹਿਤਕਾਰ

 ਬਰਨਾਲਾ-  (ਸਮਾਜ ਵੀਕਲੀ)   (ਚੰਡਿਹੋਕ) ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਸਥਾਨਕ ਕਰਾਊਨ ਪਲਾਜ਼ਾ ਹੋਟਲ ਵਿਖੇ ਗਿ: ਕਰਮ ਸਿੰਘ ਭੰਡਾਰੀ ਅਤੇ ਸੁਖਵਿੰਦਰ ਸਿੰਘ ਫੁੱਲ ਦੇ ਸਤਿਕਾਰਯੋਗ ਪਿਤਾ ਗਿਆਨੀ ਹਰੀ ਸਿੰਘ ਜੀ ਦੀ ਸਮੁੱਚੀ ਕਵਿਤਾ ਸੁੱਚੇ ਮੋਤੀ (ਭਾਗ-ਪਹਿਲਾ, ਦੂਜਾ ਅਤੇ ਤੀਜਾ) ਉਪਰ ਵਿਚਾਰ ਚਰਚਾ ਕਰਵਾਈ ਗਈ। ਜਿਸ ਦੌਰਾਨ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਗਿ: ਹਰੀ ਸਿੰਘ ਦੀ ਸਮੁੱਚੀ ਕਵਿਤਾ ਸਦਾਚਾਰਕ ਗੁਣਾ ਨੂੰ ਅਪਨਾਉਣ ਦੀ ਗੱਲ ਕਰਦਿਆਂ ਸੱਤ ਮਾਰਗ ਲਈ ਪ੍ਰੇਰਦੀ ਹੈ ਤੇ ਵਿਸ਼ੇ ਵਿਕਾਰਾਂ ਤੋਂ ਬਚਨ ਦੀ ਸਿੱਖਿਆ ਵੀ ਦਿੰਦੀ ਹੈ। ਸਮਾਜ ਨੂੰ ਸੁਚੇਤ ਕਰਦੇ ਹੋਏ ਫੋਕੀਆਂ ਰਸਮਾਂ ਤੇ ਪਰੰਪਰਾਵਾਂ ਤਿਆਗਣ ਦਾ ਸੁਨੇਹਾ ਦਿੰਦੀ ਹੈ। ਉਹ ਕਿਧਰੇ ਵੀ ਗੁਰਮਤਿ ਤੋਂ ਪਰੇ ਨਹੀਂ ਜਾਂਦੇ, ਨਿਮਰਤਾ ਅਤੇ ਨਿਰਮਾਣਤਾ ਦਾ ਪੱਲਾ ਨਹੀਂ ਛੱਡਦੇ। ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗਿ: ਹਰੀ ਸਿੰਘ ਜੀ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਸਾਰੀ ਦੁਨੀਆ ਨੂੰ ਇੱਕ ਟੱਬਰ ਦੇ ਰੂਪ ਵਿਚ ਵੇਖਦੇ ਹਨ ਅਤੇ ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਸਾਂਝੇ ਬਾਪ ਦੇ ਬੇਟੇ ਆਖਦੇ ਹੋਇਆਂ ਮੋਹ ਮੁਹੱਬਤ ਦਾ ਸੰਦੇਸ਼ ਆਪਣੀ ਕਵਿਤਾ ਵਿਚ ਦਿੱਤਾ ਹੈ। ਡਾ. ਕੁਲਵੰਤ ਸਿੰਘ ਜੋਗਾ ਨੇ ਕਿਹਾ ਕਿ ਗਿ: ਹਰੀ ਸਿੰਘ ਜੀ ਦੀਆਂ ਕਵਿਤਾਵਾਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਭਾਵ ਸਪੱਸ਼ਟ ਰੂਪ ਵਿਚ ਉਜਾਗਰ ਹੁੰਦਾ ਹੈ। ਪੁਸਤਕ ਵਿਚਲੇ ਗੁਰਬਾਣੀ ਆਧਾਰਿਤ ਸਰੋਕਾਰ ਵਾਕਿਆ ਹੀ ਸੁੱਚੇ ਮੋਤੀ ਹਨ ਜੋ ਮਨੁੱਖ ਨੂੰ ਸੁਚੱਜੀ ਸੇਧ ਦੇਣ ਦਾ ਕਾਰਜ ਕਰਦੇ ਹਨ। ਉੱਘੇ ਸਾਹਿਤਕਾਰ ਮੋਹਨ ਸ਼ਰਮਾ ਪ੍ਰੋਜੈਕਟ ਡਾਇਰੈਕਟਰ ਨਸ਼ਾ ਛੁੜਾਊ ਕੇਂਦਰ ਸੰਗਰੂਰ ਨੇ ਗਿ: ਹਰੀ ਸਿੰਘ ਜੀ ਦੀ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਇਤਿਹਾਸ, ਮਿਥਿਹਾਸ, ਸਮਾਜਿਕ ਤੇ ਧਾਰਮਿਕ ਵਿਸ਼ਿਆਂ ਦੇ ਨਾਲ ਨਾਲ ਮਨੁੱਖੀ ਮਨ ਦੀ ਵੇਦਨਾ ਦਾ ਜ਼ਿਕਰ ਕਰਦੀ ਯਥਾਰਥ ਦੇ ਨੇੜੇ ਹੈ। ਸਮਾਗਮ ਦੌਰਾਨ ਨਰਵਿੰਦਰ ਸਿੰਘ ਕੌਸ਼ਲ ਸ ਭੋਲਾ ਸਿੰਘ ਸੰਘੇੜਾ, ਡਾ. ਭੁਪਿੰਦਰ ਸਿੰਘ ਬੇਦੀ, ਇੰਜ: ਗੁਰਜਿੰਦਰ ਸਿੰਘ ਸਿੱਧੂ, ਸਾਗਰ ਸਿੰਘ ਸਾਗਰ, ਦਰਸ਼ਨ ਸਿੰਘ ਗੁਰੂ ਅਤੇ ਪਰਮਜੀਤ ਮਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਪਹਿਲਾਂ ਕਵੀ ਦਰਬਾਰ ਵਿਚ ਮਲਕੀਤ ਸਿੰਘ ਗਿੱਲ, ਰਾਮ ਸਿੰਘ ਬੀਹਲਾ, ਸੁਖਵਿੰਦਰ ਸਿੰਘ ਸਨੇਹ, ਰਾਮ ਸਰੂਪ ਸ਼ਰਮਾ, ਗੁਰਤੇਜ ਸਿੰਘ ਮੱਖਣ, ਮਾਲਵਿੰਦਰ ਸ਼ਾਇਰ, ਰਘਵੀਰ ਸਿੰਘ ਗਿੱਲ ਕੱਟੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਜੁਗਰਾਜ ਚੰਦ ਰਾਏਸਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਅਖੀਰ ਵਿਚ ‘ਅਜੀਤ’ ਉਪ-ਦਫ਼ਤਰ ਸੰਗਰੂਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਆਏ  ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਰਿਵਾਰ ਵਲੋਂ ਗਿਆਨੀ ਹਰੀ ਸਿੰਘ ਜੀ ਦੀ ਬਰਸੀ ਮੌਕੇ ਇੱਕ ਲੇਖਕ ਜੋ ਕਿ ਗੁਰਮਤਿ ਨਾਲ ਜੁੜਿਆ ਹੋਵੇ ਦਾ 11 ਹਜ਼ਾਰ ਰੁਪਏ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ। ਮਾਲਵਾ ਸਾਹਿਤ ਸਭਾ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਗਿ: ਕਰਮ ਸਿੰਘ ਭੰਡਾਰੀ ਅਤੇ ਸੁਖਵਿੰਦਰ ਸਿੰਘ ਫੁੱਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗਿਆਨੀ ਜੀ ਦੇ ਪਰਿਵਾਰ ਵਿਚੋਂ ਪੋਤਰੇ ‘ਅਜੀਤ’ ਉਪ-ਦਫ਼ਤਰ ਬਰਨਾਲਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਲਾਡੀ, ਪੜਪੋਤਰੇ ਜਸ਼ਨਪ੍ਰੀਤ ਸਿੰਘ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਬਰਾੜ, ਜਨਰਲ ਸਕੱਤਰ ਹਰਿੰਦਰ ਨਿੱਕਾ ਤੋਂ ਇਲਾਵਾ ਹੋਰ ਪੱਤਰਕਾਰ ਭਾਈਚਾਰੇ ਨੇ ਸਮਾਗਮ ਵਿਚ ਸ਼ਿਰਕਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

Previous articleਟ੍ਰੈਫਿਕ ਪੁਲਿਸ ਮਾਛੀਵਾੜਾ ਨੇ ਅਧੂਰੇ ਕਾਗਜ਼ਾਂ ਵਾਲਿਆਂ ਦੇ ਚਲਾਨ ਕੱਟੇ 
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਸ਼ਵ ਸਿਹਤ ਦਿਵਸ ਮਨਾਇਆ