ਪ੍ਰਯਾਗਰਾਜ (ਸਮਾਜ ਵੀਕਲੀ): ਅਲਾਹਾਬਾਦ ਹਾਈ ਕੋਰਟ ਨੇ ਨਵੇਂ ਓਮੀਕਰੋਨ ਸਰੂੁਪ ਕਰਕੇ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2022 ਦੀਆਂ ਯੂਪੀ ਅਸੈਂਬਲੀ ਚੋਣਾਂ ਨੂੰ ਇਕ ਜਾਂ ਦੋ ਮਹੀਨਿਆਂ ਲਈ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਦੀ ਤੀਜੀ ਲਹਿਰ ਤੋਂ ਬਚਾਉਣ ਲਈ ਸਿਆਸੀ ਪਾਰਟੀਆਂ ਦੀ ਰੈਲੀਆਂ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਪਾਰਟੀਆਂ ਨੂੰ ਦੂਰਦਰਸ਼ਨ ਤੇ ਅਖ਼ਬਾਰਾਂ ਰਾਹੀਂ ਚੋਣ ਪ੍ਰਚਾਰ ਲਈ ਆਖਿਆ ਜਾਵੇ।
ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਕਿਹਾ, ‘‘ਜਾਨ ਹੈ ਤੋ ਜਹਾਨ ਹੈ।’’ ਜਸਟਿਸ ਯਾਦਵ ਨੇ ਕੋਵਿਡ-19 ਤੇ ਚੋਣਾਂ ਸਬੰਧੀ ਇਹ ਟਿੱਪਣੀਆਂ ਕੋਰਟ ਵਿੱਚ ਲੱਗੀ ਭੀੜ ਨੂੰ ਵੇਖਣ ਮਗਰੋਂ ਕੀਤੀਆਂ। ਉਨ੍ਹਾਂ ਕਿਹਾ, ‘‘ਜੇਕਰ ਸੰਭਵ ਹੋਵੇ ਤਾਂ ਚੋਣਾਂ ਨੂੰ ਮੁਲਤਵੀ ਕਰਨ ਦੇ ਸੁਝਾਅ ’ਤੇ ਗੌਰ ਕੀਤੀ ਜਾਵੇ ਕਿਉਂਕਿ ਜੇਕਰ ਅਸੀਂ ਸਾਰੇ ਜਿਊਂਦੇ ਰਹੇ ਤਾਂ ਰੈਲੀਆਂ ਤੇ ਮੀਟਿੰਗਾਂ ਤਾਂ ਮਗਰੋਂ ਵੀ ਕੀਤੀਆਂ ਜਾ ਸਕਦੀਆਂ ਹਨ।’’ ਕੇਂਦਰ ਸਰਕਾਰ ਵੱਲੋਂ ਇੰਨੀ ਵੱਡੀ ਆਬਾਦੀ ਦੇ ਬਾਵਜੂਦ ਦੇਸ਼ ਭਰ ਵਿੱਚ ‘ਮੁਫ਼ਤ ਟੀਕਾਕਰਨ’ ਲਈ ਕੀਤੀ ਪੇਸ਼ਕਦਮੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕੋਰਟ ਨੇ ਉਨ੍ਹਾਂ ਨੂੰ ਵੀ ਇਹੀ ਸੁਝਾਅ ਦਿੱਤਾ।
ਜਸਟਿਸ ਯਾਦਵ ਨੇ ਕਿਹਾ, ‘‘ਉਨ੍ਹਾਂ ਦੀ ਤਾਰੀਫ਼ ਕਰਨੀ ਬਣਦੀ ਹੈ, ਕੋਰਟ ਉਨ੍ਹਾਂ ਦੀ ਸ਼ਲਾਘਾ ਕਰਦੀ ਹੈ ਤੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਮਹਾਮਾਰੀ ਕਰਕੇ ਬਣੇ ਭਿਆਨਕ ਹਾਲਾਤ ਦੇ ਮੱਦੇਨਜ਼ਰ ਉਹ ਸਖ਼ਤ ਕਦਮ ਚੁੱਕਣ। ਰੈਲੀਆਂ, ਮੀਟਿੰਗਾਂ ਤੇ ਅਗਾਮੀ ਚੋਣਾਂ ਨੂੰ ਰੋਕਣ ਤੇ ਮੁਲਤਵੀ ਕਰਨ ਬਾਰੇ ਵਿਚਾਰ ਕੀਤਾ ਜਾਵੇ।’’ ਉਨ੍ਹਾਂ ਕਿਹਾ, ‘‘ਸਾਡੇ ਸੰਵਿਧਾਨ ਨੇ ਸਾਨੂੰ ਧਾਰਾ 21 ਤਹਿਤ ਜਿਊਣ ਦਾ ਅਧਿਕਾਰ ਦਿੱਤਾ ਹੈ।’’ ਜਸਟਿਸ ਯਾਦਵ ਨੇ ਹਦਾਇਤ ਕੀਤੀ ਕਿ ਉਨ੍ਹਾਂ ਦੇ ਹੁਕਮਾਂ ਦੀ ਕਾਪੀ ਅਲਾਹਾਬਾਦ ਹਾਈ ਕੋਰਟ ਦੇ ਰਜਿਸਟਰਾਰ ਜਨਰਲ, ਭਾਰਤ ਦੇ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਭੇਜੀ ਜਾਵੇ।
ਜਸਟਿਸ ਯਾਦਵ ਨੇ ਵਧਦੇ ਕੋਵਿਡ ਕੇਸਾਂ ’ਤੇ ਫ਼ਿਕਰ ਜ਼ਾਹਰ ਕਰਦਿਆਂ ਕਿਹਾ, ‘‘ਚੀਨ, ਨੀਦਰਲੈਂਡਜ਼, ਆਇਰਲੈਂਡ, ਜਰਮਨੀ ਤੇ ਸਕੌਟਲੈਂਡ ਜਿਹੇ ਕਈ ਮੁਲਕਾਂ ਨੇ ਵਧਦੇ ਖ਼ਤਰੇ ਕਰਕੇ ਅੰਸ਼ਕ ਜਾਂ ਫਿਰ ਮੁਕੰਮਲ ਤਾਲਾਬੰਦੀ ਕਰ ਦਿੱਤੀ ਹੈ। ਤੀਜੀ ਲਹਿਰ ਸਾਡੇ ਬੂਹੇ ’ਤੇ ਖੜ੍ਹੀ ਹੈ। ਅਸੀਂ ਦੂਜੀ ਲਹਿਰ ਦੌਰਾਨ ਮਚੀ ਤਬਾਹੀ ਨੂੰ ਅੱਖੀਂ ਵੇਖਿਆ ਹੈ। ਪੰਚਾਇਤ ਤੇ ਪੱਛਮੀ ਬੰਗਾਲ ਚੋਣਾਂ ਦੌਰਾਨ ਕਈ ਲੋਕਾਂ ਨੂੰ ਕਰੋਨਾ ਦੀ ਲਾਗ ਚਿੰਬੜੀ। ਹੁਣ ਜਦੋਂ ਉੱਤਰ ਪ੍ਰਦੇਸ਼ ਚੋਣਾਂ ਆਉਣ ਵਾਲੀਆਂ ਹਨ ਤਾਂ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ। ਜੇਕਰ ਸਮਾਂ ਰਹਿੰਦਿਆਂ ਇਸ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਦੂਜੀ ਲਹਿਰ ਤੋਂ ਵੀ ਵੱਧ ਭਿਆਨਕ ਤੇ ਤਬਾਹਕੁਨ ਹੋ ਸਕਦੇ ਹਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly