ਪੁਰਾਣਾ ਸਮਾਂ

(ਸਮਾਜ ਵੀਕਲੀ)

ਕੱਚੇ ਘਰ ਉਹ ਸਤੀਰਾਂ ਵਾਲ਼ੇ ਸੋਹਣੇ ਹੁੰਦੇ ਸੀ।
ਨਿੱਕੇ ਨਿੱਕੇ ਜੇ ਪਰਿੰਦੇ ਮਨ-ਮੋਹਣੇ ਹੁੰਦੇ ਸੀ।
ਚਿੜੀ ਛੱਤ ਵਾਲ਼ੀ ਕੜੀਆਂ ਤੇ ਸੁੱਤੀ ਹੁੰਦੀ ਸੀ।
ਬੇਬੇ ਹੇਠ ਸੰਦੂਕ ਬਿੱਲੀ ਲੁੱਕੀ ਹੁੰਦੀ ਸੀ।
ਆਹ ਜੋ ਖੇਤਾਂ ਵਿੱਚ ਸੁੱਟੀ ਸਲਫਾਸ ਤੂੰ,
ਅੰਡੇ ਦਿੰਦੀਆਂ ਟਟੀਰੀਆਂ ਨੂੰ ਉਹ ਮਾਰ ਗਈ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਅਲੀ ਵਾਲ਼ੇ ਦਰਵਾਜਿਆਂ ਦੇ ਅੱਗੇ ਹਾਰ ਗਈ।

ਕਾਂ ਰੋਟੀ ਟੁੱਕ ਲੈਣ ਵੇਹੜੇ ਆਇਆ ਕਰਦੇ ਸੀ।
ਕਾਂ-ਕਾਂ ਵਾਲ਼ੀ ਕਾਵਾਂ ਰੌਲੀ ਪਾਇਆ ਕਰਦੇ ਸੀ।
ਨਾ ਕੋਈ ਪਿੱਟਬੁੱਲ ਰੱਖਿਆ ਸੀ ਦੇਸੀ ਕੁੱਤੇ ਸੀ।
ਖਾਕੇ ਅੰਨ ਪਿੰਡ ਵਾਲਾ ਸੱਭੇ ਸੁੱਤੇ ਹੁੰਦੇ ਸੀ।
ਕਾਟੋ ਫ਼ਿਰਦੀ ਸੀ ਨੀਂਮ ਉੱਤੇ ਦੌੜਦੀ,
ਜਦੋਂ ਵੱਢ ਦਿੱਤਾ ਰੁੱਖ ਉਹ ਵੀ ਘਰੋਂ ਬਾਰ੍ਹ ਗਈ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਲ਼ੀ ਵਾਲ਼ੇ ਦਰਵਾਜਿਆਂ ਦੇ ਅੱਗੇ ਹਾਰ ਗਈ।

ਠੂੰਗਾਂ ਮਾਰਦੇ ਰੁੱਖਾਂ ਤੇ ਚੱਕੀਰਾਹੇ ਹੁੰਦੇ ਸੀ।
ਓਦੋਂ ਪਿੰਡਾਂ ਦਿਆਂ ਖੇਤਾਂ ਵਿੱਚ ਸਾਹੇ ਹੁੰਦੇ ਸੀ।
ਵਿੱਚ ਝਾੜੀਆਂ ਦੇ ਤਿੱਤਰਾਂ ਦੀ ਡਾਰ ਹੁੰਦੀ ਸੀ।
ਨਾਲ਼ੇ ਪੰਛੀਆਂ ਦੀ ਬਹੁਤ ਭਰਮਾਰ ਹੁੰਦੀ ਸੀ।
ਜੋੜਾ ਘੁੱਗੀਆਂ ਦਾ ਬੈਠ ਦਾ ਸੀ ਤਾਰ ਤੇ,
ਢਿੱਲੀ ਬਿਜਲੀ ਦੀ ਤਾਰ ਖੰਭ ਜੇ ਖਿਲਾਰ ਗਈ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਲ਼ੀ ਵਾਲ਼ੇ ਦਰਵਾਜਿਆਂ ਦੇ ਅੱਗੇ ਹਾਰ ਗਈ।

ਸ਼ਾਮਲਾਟ ਦੇ ਸਫੇਦਿਆਂ ਚ ਮੋਰ ਹੁੰਦੇ ਸੀ।
ਧੰਨੇ ਧਾਲੀਵਾਲਾ ਦਿਨ ਜਿਵੇਂ ਹੋਰ ਹੁੰਦੇ ਸੀ।
ਕਾਲੀ ਚਿੜੀ ਵੇਖ ਸ਼ੱਕੀ ਸਾਡਾ ਬਾਬਾ ਹੁੰਦਾ ਸੀ।
ਗੱਡੀ ਮੋਟਰ ਨਾ ਸੋਰ ਨਾ ਸਰਾਬਾ ਹੁੰਦਾ ਸੀ।
ਗਿੱਦ ਬੈਠਦੇ ਸੀ ਬੋਹੜ ਵਾਲ਼ੇ ਰੁੱਖ ਤੇ,
ਕੀਤੇ ਲੰਘ ਬੜੀ ਦੂਰ ਹੈ ਉਨ੍ਹਾਂ ਦੀ ਡਾਰ ਗਈ।
ਬਿੱਲੀ ਸੱਤ ਘਰ ਲੈ ਜਾਂਦੀ ਬਲੂੰਗੜੇ,
ਜਾਲ਼ੀ ਵਾਲ਼ੇ ਦਰਵਾਜ਼ਿਆਂ ਦੇ ਅੱਗੇ ਹਾਰ ਗਈ।

ਧੰਨਾ ਧਾਲੀਵਾਲ
:-9878235714

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ
Next articleਮੌਜੂਦਾ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਗਯਾ ਰਾਮ ਆਇਆ ਰਾਮ ਦੇ ਦੌਰ ਨੂੰ ਮੁੜ ਸੁਰਜੀਤ ਕਰ ਰਹੇ ਸਿਆਸੀ ਲੀਡਰ।