ਬਲਦੇਵ ਸਿੰਘ ਬੇਦੀ

ਭਾਰਤ ਵਿੱਚ ਸਰਕਸ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਸੱਭਿਆਚਾਰਕ ਕਲਾ ਦਾ ਪ੍ਰਤੀਕ ਵੀ ਰਿਹਾ ਹੈ। ਪਿੰਡ, ਸ਼ਹਿਰ ਵਿੱਚ ਜਦੋਂ ਸਰਕਸ ਲੱਗਦੀ ਸੀ ਤਾਂ ਲੋਕ ਪਰਿਵਾਰ ਸਮੇਤ ਕਈ ਮੀਲ ਤੋਂ ਇਸਦੇ ਹੈਰਤਅੰਗੇਜ਼ ਕਾਰਨਾਮੇ ਵੇਖਣ ਆਉਂਦੇ ਸਨ। ਰਿੱਛਾਂ ਦੇ ਨਾਚ, ਹਾਥੀਆਂ ਦੇ ਸਟੰਟ, ਬਾਂਦਰਾਂ ਦੇ ਹਾਸੇ ਅਤੇ ਸ਼ੇਰਾਂ ਦੀ ਦਹਿਸ਼ਤ ਦੇਖਣਾ ਉਸ ਵੇਲੇ ਸਰਕਸ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ। ਜਾਨਵਰਾਂ ਨੂੰ ਮਹਾਰਤ ਨਾਲ ਸਿਖਾ ਕੇ, ਉਹਨਾਂ ਤੋਂ ਅਜਿਹੇ ਕਰਤਬ ਕਰਵਾਏ ਜਾਂਦੇ ਸਨ ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਂਦੇ ਸਨ। ਸਭ ਤੋਂ ਵੱਧ ਲੋਕਾਂ ਦੀ ਖਿੱਚ ਦਾ ਕੇਂਦਰ ਜੋਕਰ ਹੁੰਦਾਂ, ਜੋ ਲੋਕਾਂ ਨੂੰ ਹਸਾਕੇ ਢਿੱਡੀ ਪੀੜਾ ਪਾਉਂਦਾ।
ਪਰ, ਜਿਵੇਂ ਜਿਵੇਂ ਸਮਾਂ ਬਦਲਿਆ, ਸਰਕਸ ਦੀ ਲੋਕਪ੍ਰਿਯਤਾ ਘਟਦੀ ਗਈ। ਤਕਨੀਕੀ ਵਿਕਾਸ ਅਤੇ ਨਵੀਆਂ ਮਨੋਰੰਜਕ ਸਾਧਨ ਜਿਵੇਂ ਕਿ ਫ਼ਿਲਮਾਂ, ਟੀ.ਵੀ. ਸ਼ੋਅਜ਼ ਅਤੇ ਓ.ਟੀ.ਟੀ. ਪਲੇਟਫਾਰਮਾਂ ਨੇ ਲੋਕਾਂ ਨੂੰ ਵੱਖਰੇ ਢੰਗ ਨਾਲ ਰੁਝਾਨਾਂ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ, ਜਾਨਵਰਾਂ ਦੀਆਂ ਖੇਡਾਂ ਤੇ ਬੰਦਿਸ਼ਾਂ ਨੇ ਵੀ ਸਰਕਸ ਦੀ ਲੋਕਪ੍ਰਿਯਤਾ ਨੂੰ ਘਟਾ ਦਿੱਤਾ। ਪਿਛਲੇ ਕੁਝ ਸਾਲਾਂ ਤੋਂ ਜਾਨਵਰਾਂ ਦੀ ਭਲਾਈ ਲਈ ਕਾਨੂੰਨੀ ਰੋਕਾਂ ਨੇ ਹਾਥੀ, ਸ਼ੇਰ ਅਤੇ ਰਿੱਛ ਵਰਗੇ ਪ੍ਰਮੁੱਖ ਜਾਨਵਰਾਂ ਦੇ ਕਰਤਬ ਨੂੰ ਸਰਕਸ ਦੇ ਸ਼ੋ ਵਿਚੋਂ ਖਤਮ ਕਰ ਦਿੱਤਾ।
ਇਸ ਗੱਲ ਦਾ ਪੂਰਾ ਅਹਿਸਾਸ ਮੈਨੂੰ ਉਸ ਸਮੇਂ ਹੋਇਆ ਜਦੋਂ ਮੈਂ ਅਜੋਕੇ ਦਿਨਾਂ ਵਿੱਚ ਜਲੰਧਰ ਦੇ ਪਠਾਨਕੋਟ ਚੌਂਕ ‘ਚ ਲੱਗੀ ਸਰਕਸ ਨੂੰ ਆਪਣੇ ਬੱਚਿਆਂ ਸਮੇਤ ਵੇਖਣ ਗਿਆ। ਜਿੱਥੇ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਹੁੰਦੇ ਸਨ, ਉਥੇ ਹੁਣ ਮੁਸ਼ਕਿਲ ਨਾਲ ਕੁਝ ਦਰਸ਼ਕ ਹੀ ਨਜ਼ਰ ਆ ਰਹੇ ਸਨ। ਜਾਨਵਰਾਂ ਦੀ ਗਿਣਤੀ ਨਾ ਮਾਤਰ ਸੀ, ਸਗੋਂ ਕਲਾਕਾਰਾਂ ਦੇ ਪ੍ਰਦਰਸ਼ਨ ਵਿੱਚ ਵੀ ਪਹਿਲਾਂ ਵਰਗੀ ਰੌਣਕ ਨਹੀਂ ਸੀ। ਇਸ ਤਬਦੀਲੀ ਨੇ ਦੱਸਿਆ ਕਿ ਸਮਾਂ ਕਿਵੇਂ ਬਦਲਦਾ ਹੈ ਅਤੇ ਕਿਵੇਂ ਕੁਝ ਰਿਵਾਇਤਾਂ ਮੌਡਰਨ ਜ਼ਮਾਨੇ ਵਿੱਚ ਥਮ ਜਾਦੀਆਂ ਹਨ।
ਸਰਕਸ ਸਿਰਫ਼ ਇੱਕ ਮਨੋਰੰਜਕ ਸਾਧਨ ਹੀ ਨਹੀਂ, ਸਗੋਂ ਪੁਰਾਣੇ ਦੌਰ ਦਾ ਇੱਕ ਅਹਿਸਾਸ ਵੀ ਹੈ, ਜੋ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਂਦਾ ਸੀ। ਪਰ ਅੱਜ ਦੇ ਟੈਕਨਾਲੋਜੀ-ਪ੍ਰਭਾਵਿਤ ਸਮਾਜ ਵਿੱਚ, ਜਿੱਥੇ ਹਰ ਕਿਸੇ ਨੂੰ ਫ਼ੋਨ ਤੇ ਹਰ ਤਰ੍ਹਾਂ ਦਾ ਮਨੋਰੰਜਨ ਮਿਲ ਜਾਂਦਾ ਹੈ ਉੱਥੇ ਹੀ ਸਰਕਸ ਆਪਣੀ ਮੌਜੂਦਗੀ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਹੋ ਸਕਦਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਸਰਕਸ ਸਿਰਫ਼ ਯਾਦਾਂ ‘ਚ ਹੀ ਬਚੇ। ਪਰ ਇਹ ਯਾਦ ਵੀ ਸਾਨੂੰ ਹਮੇਸ਼ਾਂ ਦਸਦੀ ਰਹੇਗੀ ਕਿ ਕਿਸੇ ਜ਼ਮਾਨੇ ਵਿੱਚ ਲੋਕਾਂ ਦੇ ਮਨੋਰੰਜਨ ਦਾ ਵੱਡਾ ਸਾਧਨ ਇੱਕ ਛੋਟਾ ਜਿਹਾ ਤੰਬੂ ਹੋਇਆ ਕਰਦਾ ਸੀ।

ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly