(ਸਮਾਜ ਵੀਕਲੀ)
ਰੱਬਾ ਰੱਬਾ ਰਹਿਮਤਾਂ ਦਾ ਮੀਂਹ ਵਰਸਾ,
ਡੁੱਬ ਚਲੇ ਅਸੀਂ ਹੱਥ ਦੇ ਤੂੰ ਬਚਾ।
ਗਲਤੀਆਂ ਗੁਨਾਹਾਂ ਨਾਲ ਭਰੇ ਹੋਏ ਹਾਂ,
ਸਾਡੀਆਂ ਭੁੱਲਾਂ ਨੂੰ ਆਪੇ ਤੂੰ ਬਖਸ਼ਾ।
ਰੱਬਾ ਰੱਬਾ…..
ਚੰਗੇ ਕੋਈ ਕੰਮ ਅਸੀਂ ਕੀਤੇ ਨਹੀਂ ਏ,
ਜੱਗ ਜਿੱਤੇ ਮਨ ਅਸੀਂ ਜਿੱਤੇ ਨਹੀਂ ਏ।
ਮੇਰਾ ਮੇਰਾ ਕਹਿ ਕੇ ਸੱਭ ‘ਕੱਠਾ ਕਰਿਆ,
ਤੇਰਾ ਤੇਰਾ ਕਹਿਣਾ ਹਜੇ ਸਿੱਖੇ ਨਹੀਂ ਏ।
ਹੱਥ ਜੋੜ ਤੇਰੇ ਅੱਗੇ ਅਰਜ਼ ਗੁਜ਼ਾਰਾ,
ਕਰਮਾਂ ਦਾ ਦੰਡ ਹੁਣ ਬੜਾ ਲਿਆ ਪਾ।
ਰੱਬਾ ਰੱਬਾ……
ਕਹਿੰਦੇ ਨੇ ਕਬੂਲ ਸੱਚੀ ਦੁਆ ਹੁੰਦੀ ਹੈ,
ਸਬਰਾਂ ਦੇ ਭਾਂਡੇ ਖੈਰ ਪੁਆ ਹੁੰਦੀ ਹੈ।
ਮਿਲ਼ ਜਾਵੇ ਇਹੋ ਜਿਹੀ ਦੌਲਤ ਅਮੁੱਲੀ,
ਫੇਰ ਕਾਹਨੂੰ ਸੱਜਣਾਂ ਗੁਆ ਹੁੰਦੀ ਹੈ।
ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਤੂੰ,
ਭੁੱਲੇ ਭਟਕਿਆਂ ਨੂੰ ਸਹੀ ਰਾਹ ਤੂੰ ਦਿਖਾ।
ਰੱਬਾ ਰੱਬਾ……
ਕਰਨ ਲਈ ਤਰੱਕੀ ਅਸੀਂ ਹੱਦਾਂ ਟੱਪ ਗਏ,
ਆਪੋ ਆਪਣਾ ਹੀ ਏਥੇ ਝੰਡਾ ਗੱਡ ਗਏ।
ਆਏ ਨੇ ਕੁਦਰਤੀ ਕਹਿਰ ਜਦੋਂ ਵੀ,
ਹੰਕਾਰ ਵਾਲ਼ਾ ਇਨਸਾਨ ਦਾ ਉਹ ਕੰਡਾ ਕੱਢ ਗਏ।
ਵਿਛੜੇ ਹੋਇਆ ਨੂੰ ਹੁਣ ਸੱਚੇ ਪਾਤਸ਼ਾਹ,
ਆਪਣਿਆਂ ਚਰਨਾਂ ਦੇ ਨਾਲ਼ ਤੂੰ ਲਗਾ।
ਰੱਬਾ ਰੱਬਾ ਰਹਿਮਤਾਂ ਦਾ ਮੀਂਹ ਵਰਸਾ,
ਡੁੱਬ ਚਲੇ ਅਸੀਂ ਹੱਥ ਦੇ ਤੂੰ ਬਚਾ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly