ਐ ਇਨਸਾਨ!!!

(ਸਮਾਜ ਵੀਕਲੀ)

ਤੇਰੀ ਸਮਝ ਮੈਨੂੰ ਕਿਉਂ ਨਹੀਂ ਲੱਗਦੀ? ਤੇਰੇ ਅਨੇਕ ਹੀ ਰੂਪ ਅਤੇ ਰੰਗ ਹਨ। ਕਦੀ ਤੂੰ ਬੜਾ ਪਿਆਰਾ ਜਿਹਾ, ਮਾਸੂਮ ਜਿਹਾ ਲੱਗਦਾ ਹੈ। ਇਵੇਂ ਲੱਗਦਾ ਹੈ ਕਿ ਜਿਵੇਂ ਤੂੰ ਬੜਾ ਭੋਲਾ ਹੋਵੇ। ਤੇਰੇ ਵਰਗਾ ਦੁਨੀਆਂ ‘ਤੇ ਕੋਈ ਜੀਵ ਨਹੀਂ ਹੈ। ਪਰਉਪਕਾਰ ਦੀ ਮੂਰਤ ਲੱਗਦਾ ਹੈ। ਸਰਬੱਤ ਦਾ ਭਲਾ ਮੰਗਣ ਦਾ ਚਾਹਵਾਨ ਹੈ। ਕਿਸੇ ਦੁਖੀਏ ਦੀ ਬਾਂਹ ਫੜਦਾ ਹੈ। ਭੁੱਖੇ ਨੂੰ ਅੰਨ ਦੇਂਦਾ ਹੈ। ਤਨ ਢੱਕਣ ਲਈ ਕੱਪੜਿਆਂ ਤੱਕ ਦੀ ਸੇਵਾ ਕਰਦਾ ਹੈ। ਤੂੰ ਬੜਾ ਮਹਾਨ ਲਗਦਾ ਹੈ। ਤੇਰੇ ਤੇਜ਼ ਮਨ ਦੀ ਸ਼ਕਤੀ ਨੇ ਅਨੇਕਾਂ ਕਾਢਾਂ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਸਹੂਲਤਾਂ ਵੀ ਦਿੱਤੀਆਂ ਹਨ।

ਤੇਰੇ ਅੰਦਰ ਅਥਾਹ ਸ਼ਕਤੀ ਹੈ। ਤੇਰੇ ਹੌਂਸਲਿਆਂ ਅੱਗੇ ਤੈਨੂੰ ਕੋਈ ਰੋਕ ਨਹੀਂ ਸਕਦਾ। ਪਿਆਰ ਦੀ ਖ਼ਾਤਰ ਪਰਬਤਾਂ ਦਾ ਸੀਨਾ ਚੀਰ ਦਿੱਤਾ। ਤੂੰ ਜਿਸ ਕੰਮ ਦੀ ਦਿਲੋਂ ਠਾਣ ਲਵੇ ਉਸ ਨੂੰ ਪੂਰਾ ਕਰਨ ਲਈ ਜੀਅ ਜਾਨ ਇੱਕ ਕਰ ਦਿੰਦਾ ਹੈ। ਤੂੰ ਪਿਆਰ ਦੀ ਸੋਹਣੀ ਮੂਰਤ ਹੈ। ਤੂੰ ਆਪਣੇ ਜੀਆਂ ਦੇ ਨਾਲ ਨਾਲ ਪ੍ਰਕਿਰਤੀ, ਪਸ਼ੂ ਪੰਛੀਆਂ ਆਦਿ ਨੂੰ ਵੀ ਅਥਾਹ ਪਿਆਰ ਕਰਦਾ ਹੈ। ਤੇਰੇ ਪਿਆਰ ਦੇ ਅੱਗੇ ਸਭ ਫ਼ਨਾਹ ਹੈ। ਤੂੰ ਰੱਜ ਕੇ ਪਿਆਰ ਕਰਨ ਅਤੇ ਜ਼ਿੰਦਗੀ ਨੂੰ ਮਾਨਣ ਦਾ ਇਛੁੱਕ ਹੈ। ਤੇਰੀ ਮਿਹਨਤ ਅਤੇ ਕਮਾਈ ਸਭ ਕੁਝ ਕਮਾਲ ਹੁੰਦਾ ਹੈ।
ਤੇਰੇ ਸੁਭਾਅ ਵਿਚ ਸਮੁੰਦਰ ਵਾਂਗ ਹੀਰੇ ਜਵਾਹਰਾਤ ਹਨ। ਤੇਰੇ ਵਰਗਾ ਕੋਈ ਨਹੀਂ ਹੈ। ਤੂੰ ਬੇਸ਼ਕੀਮਤੀ ਅਤੇ ਬੇਮਿਸਾਲ ਹੈ। ਤੇਰੀ ਕੋਈ ਥਾਂ ਨਹੀਂ ਲੈ ਸਕਦਾ। ਰੱਬ ਨੂੰ ਵੀ ਮੁਕਤੀ ਲਈ ਇਨਸਾਨੀ ਜਾਮਾ ਧਾਰਨ ਕਰਨਾ ਪਿਆ। ਤੇਰੇ ਅੰਦਰ ਅਥਾਹ ਸ਼ਕਤੀਆਂ ਦਾ ਗਹਿਰਾ ਸਮੁੰਦਰ ਵਹਿੰਦਾ ਹੈ।

ਪਰ ਬੜਾ ਅਫ਼ਸੋਸ ਹੁੰਦਾ ਹੈ… ਜਦੋਂ ਤੇਰਾ ਦੈਂਤ ਰੂਪ ਸਾਹਮਣੇ ਆਉਂਦਾ ਹੈ। ਤੂੰ ਆਪਣਿਆਂ ਦੇ ਖ਼ੂਨ ਦਾ ਪਿਆਸਾ ਬਣ ਕੇ ਜਦੋਂ ਲਹੂ ਦੀਆਂ ਨਦੀਆਂ ਵਹਾਉਂਦਾ ਹੈ ਤਾਂ ਦਿਲ ਵਲੂੰਧਰਿਆ ਜਾਂਦਾ ਹੈ। ਇਨਸਾਨੀਅਤ ਤਾਰ-ਤਾਰ ਹੋ ਜਾਂਦੀ ਹੈ। ਥੋੜਾਂ ਸੋਚ ਸਮਝ ਕੇ ਚੱਲ। ਤੂੰ ਵੀ ਇਨਸਾਨ…..ਤੇ ਮੈਂ ਵੀ ਇਨਸਾਨ! ਫਿਰ ਨਫ਼ਰਤਾਂ ਦੇ ਭਾਂਬੜ ਬਾਲ ਕੇ ਤੈਨੂੰ ਕੀ ਮਿਲਦਾ ਹੈ? ਪਿਆਰ ਦੀ ਗਲਵੱਕੜੀ ਕਿਉਂ ਨਹੀਂ ਪਾਉਂਦਾ? ਮੁਆਫ਼ ਕਰਨਾ ਤੇਰਾ ਹੀ ਸੁਭਾਅ ਹੈ। ਫਿਰ ਮੁਆਫ਼ ਕਰ ਲਿਆ ਕਰ। ਜ਼ਿੰਦਗੀ ਵਿੱਚ ਹੰਕਾਰ ਨਾਲ ਆਫਰ ਕੇ ਤੈਨੂੰ ਕੀ ਮਿਲਦਾ ਹੈ? ਮਰ ਕੇ ਤਾਂ ਆਕੜਨਾ ਹੀ ਹੈ, ਫਿਰ ਜੀਉਂਦੇ ਜੀਅ ਕਾਹਦੀ ਆਕੜ ਕਰਦਾ ਹੈ।

ਤੇਰੀਆਂ ਮਿਸਾਲਾਂ ਪੂਰੀ ਦੁਨੀਆਂ ਦਿੰਦੀ ਹੈ। ਤੂੰ ਧੀਆਂ ਭੈਣਾਂ ਦੀ ਇੱਜ਼ਤ ਦਾ ਰੱਖਿਅਕ ਹੈ ਫਿਰ ਵਹਿਸ਼ੀ ਦਰਿੰਦਾ ਬਣ ਕੇ ਤੈਨੂੰ ਕੀ ਮਿਲਦਾ ਹੈ? ਬਚਪਨ ਵਿਚ ਜਿਹੜੇ ਦੈਂਤਾਂ ਦੀਆਂ ਕਹਾਣੀਆਂ ਸੁਣੀਆਂ ਸਨ, ਉਹ ਕੋਈ ਹੋਰ ਨਹੀਂ ਹੈ, ਤੂੰ ਹੀ ਇਨਸਾਨੀ ਜਾਮੇ ਵਿੱਚ ਕਦੀ-ਕਦੀ ਦੈਂਤ ਦਾ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ। ਕਿਉਂ ਆਪਣਿਆਂ ਦਾ ਖ਼ੂਨ ਪੀਂਦਾ ਹੈ?

ਰੱਬ ਜੀ ਨੇ ਤੈਨੂੰ ਪੀਣ ਲਈ ਚਸ਼ਮਿਆਂ ਦਾ ਸ਼ਰਬਤ ਵਰਗਾ ਮਿੱਠਾ ਪਾਣੀ ਦਿੱਤਾ ਹੈ। ਜਿਸ ਦੇ ਬਿਨਾਂ ਜੀਵਨ ਅਸੰਭਵ ਹੈ। ਸੋਹਣੇ ਕੁਦਰਤੀ ਨਜ਼ਾਰੇ ਦਿੱਤੇ ਹਨ, ਜਿਨ੍ਹਾਂ ਨੂੰ ਵੇਖ ਕੇ ਸਵਰਗ ਵੀ ਫਿੱਕਾ ਲੱਗਦਾ ਹੈ। ਰੁੱਖ ਬੂਟੇ ਤੈਨੂੰ ਫ਼ਲ ਦਿੰਦੇ ਹਨ। ਆਪਣੇ ਨਿੱਕੇ ਜਿਹੇ ਬਾਕਮਾਲ ਦਿਮਾਗ ਦੀਆਂ ਕਾਢਾਂ ਨਾਲ ਫਿਰ ਤੂੰ ਸਭ ਸੁਵਿਧਾਵਾਂ ਹਾਸਲ ਕਰ ਲਈਆਂ ਹਨ, ਪਰ ਮਨ ਦੀ ਤ੍ਰਿਪਤੀ ਅਤੇ ਆਤਮਾ ਦੀ ਸ਼ਾਂਤੀ ਲਈ ਤੂੰ ਕੁਝ ਨਹੀਂ ਕੀਤਾ। ਬਾਬੇ ਨਾਨਕ ਦੀ ਬਾਣੀ ਸਿਰਫ਼ ਪੜ੍ਹੀ ਜਾਂ ਸੁਣੀ ਹੈ, ਪਰ ਦਿਲ ਵਿੱਚ ਅਤੇ ਨਿੱਜੀ ਜੀਵਨ ਵਿੱਚ ਧਾਰਨ ਨਹੀਂ ਕੀਤੀ ਹੈ। ਬਾਬਾ ਨਾਨਕ ਜੀ ਨੇ ਚਾਰੇ ਦਿਸ਼ਾਵਾਂ ਵਿੱਚ ਜਾ ਕੇ ਜੋ ਸੁਨੇਹਾ ਦਿੱਤਾ, ਉਸ ਨੂੰ ਤਾਂ ਤੂੰ ਵਿਸਾਰ ਹੀ ਦਿੱਤਾ ਹੈ! ਨਾਮ ਦੀ ਖੁਮਾਰੀ ਤਾਂ ਤੈਨੂੰ ਯਾਦ ਹੀ ਨਹੀਂ ਰਹਿੰਦੀ। ਹੋਰ ਪਤਾ ਨਹੀਂ ਕਿੰਨਾ ਧੰਦਿਆਂ ਵਿੱਚ ਗਵਾਚਾ ਰਹਿੰਦਾ ਹੈ।

ਐ ਇਨਸਾਨ! ਇਨਸਾਨ ਬਣ ਕੇ ਰਹਿ। ਹਲੀਮੀ ਅਤੇ ਹੌਂਸਲੇ ਤੋਂ ਕੰਮ ਲਿਆ ਕਰ। ਇਸ ਸੋਹਣੀ ਦੁਨੀਆਂ ਨੂੰ ਹੱਸਣ ਵੱਸਣ ਦੇ। ਤੇਰਾ ਕੋਈ ਹੱਕ ਨਹੀਂ ਬਣਦਾ ਕਿਸੇ ਦੀਆਂ ਖੁਸ਼ੀਆਂ ਖੋਹੇ। ਕਿਸੇ ਦੇ ਅਜ਼ੀਜ਼ ਨੂੰ ਉਸ ਤੋਂ ਦੂਰ ਕਰੇ। ਵਿਚਾਰਾਂ ਦੇ ਤਕਰਾਰ ਨੂੰ ਵਿਚਾਰਾਂ ਤੱਕ ਹੀ ਸੀਮਤ ਰਹਿਣਾ ਦੇ। ਖੁਸ਼ੀਆਂ ਵੰਡ ਅਤੇ ਕਿਸੇ ਦਾ ਦੁੱਖ ਹਲਕਾ ਕਰ ਸਕਦੇ ਹਾਂ ਤਾਂ ਕਰ। ਇਹ ਜ਼ਿੰਦਗੀ ਚਾਰ ਦਿਨਾਂ ਦੀ ਹੋਵੇ ਜਾਂ ਸੌ ਸਾਲ ਤੱਕ ਜੀਵੀਏ, ਪਰ ਕਦੀ ਕਿਸੇ ਦਾ ਦਿਲ ਨਾ ਦੁਖਾਈਏ। ਚੰਗੇ ਹਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰੀਏ। ਇਸ ਦੁਨੀਆਂ ‘ਤੇ ਤੇਰੇ ਵੀ ਧੀਆਂ ਪੁੱਤ ਅਤੇ ਅਜ਼ੀਜ਼ ਰਹਿੰਦੇ ਹਨ। ਇਸ ਕਰਕੇ ਪਿਆਰ ਅਤੇ ਪਿਆਰ ਦੇ ਸੁਨੇਹੇ ਵੰਡ। ਹਕੀਕਤ ਵਿੱਚ ਸਰਬੱਤ ਦਾ ਭਲਾ ਮੰਗ ਅਤੇ ਭਲਾ ਕਰ। ਸਾਰੀ ਦੁਨੀਆਂ ਖੁਸ਼ ਵੱਸੇ। ਪਿਆਰ ਦੇ ਸੁਨੇਹੇ ਵੰਡ ਕੇ ਵੇਖ ਤਾਂ ਸਹੀ। ਸਾਰੀ ਦੁਨੀਆਂ ਤੈਨੂੰ ਆਪਣੀ ਲੱਗੇਗੀ।ਰੱਬ ਦਾ ਵਾਸਤਾ ਹੈ..…ਮੁੜ ਆ ਪਿਆਰ ਦੇ ਰਾਹ ਉੱਤੇ…. ਤੈਨੂੰ ਵੀ ਕੋਈ ਉਡੀਕ ਰਿਹਾ ਹੈ!

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਆਰਟਿਸਟ ਔਰਤ ਦੇ ਨਾਂ
Next articleਨਾਨਕੀ ਦਾ ਵੀਰ