(ਸਮਾਜ ਵੀਕਲੀ)
ਫੈਸਲੇ ਤਾਬੜਤੋੜ ਤੇ ਮਸਲਾ ਕੁਰਸੀ ਦਾ
ਨਵੇਂ – ਨਵੇਂ ਗਠਜੋੜ ਤੇ ਮਸਲਾ ਕੁਰਸੀ ਦਾ
ਭਾਈ – ਭਤੀਜਾਵਾਦ ਹੀ ਚਾਰੇ ਪਾਸੇ ਆ
ਅਹੁਦਿਆਂ ਦੀ ਬਸ ਹੋੜ੍ਹ ਤੇ ਮਸਲਾ ਕੁਰਸੀ ਦਾ
ਕੌਣ ਇਹ ਲੁੱਟ ਕੇ ਖਾ ਗਏ, ਹਾਏ! ਪੰਜਾਬ ਮੇਰਾ
ਹੋ ਗਿਆ ਇਹਨੂੰ ਕੋੜ੍ਹ ਤੇ ਮਸਲਾ ਕੁਰਸੀ ਦਾ
ਕੁਰਸੀ ਦਾ ਰੁੱਖ ਕਿਹੜਾ ਹਰ ਥਾਂ ਬੀਜ਼ ਰਿਹਾ
ਕਿੱਥੇ ਪਿੱਪਲ, ਬੋਹੜ ? ਮਸਲਾ ਕੁਰਸੀ ਦਾ
ਜੀ – ਜੀ ਕਰਕੇ ਧੁਰ ਅਸਮਾਨੀ ਚਾੜ੍ਹ ਦਿੱਤੇ
ਹੋ ਗਏ ਬਾਹਲੇ ਚੋੜ੍ਹ ਤੇ ਮਸਲਾ ਕੁਰਸੀ ਦਾ
ਲੋਕਾਂ ਨੇ ਜੱਦ ਜੋਕਾਂ ਪਿੱਛੇ ਪੈ ਜਾਣਾ
ਦੇਣਾ ਰੱਤ ਨਿਚੋੜ ਜੋ ਮਸਲਾ ਕੁਰਸੀ ਦਾ
“ਮੀਤ” ਨੂੰ ਕਿਥੋਂ ਸੁੱਖ – ਸੁਨੇਹਾ ਆਉਂਣਾ ਏ ?
ਹਰ ਪਾਸੇ ਭੰਨਤੋੜ ਤੇ ਮਸਲਾ ਕੁਰਸੀ ਦਾ