ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਅੱਜ ਖਾਣ-ਪੀਣ ਦੀਆਂ ਵਸਤਾਂ ਖਾਸ ਕਰਕੇ ਬੇਕਰੀਆਂ ਅਤੇ ਬੰਦ ਪਈਆਂ ਬਰੈੱਡ ਫੈਕਟਰੀਆਂ ਵਿੱਚ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਛਾਪੇਮਾਰੀ ਮੁਹਿੰਮ ਚਲਾਈ ਗਈ।ਜ਼ਿਲ੍ਹਾ ਸਿਹਤ ਅਫ਼ਸਰ (ਫੂਡ ਸੇਫ਼ਟੀ) ਦੀਆਂ ਹਦਾਇਤਾਂ ‘ਤੇ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਅਤੇ ਮੁਨੀਸ਼ ਸੋਢੀ ਨੇ ਹੁਸ਼ਿਆਰਪੁਰ ਵਿਖੇ ਵੱਖ-ਵੱਖ ਕੁਲਚਾ ਅਤੇ ਡਬਲ ਰੋਟੀ ਬਣਾਉਣ ਵਾਲੀਆਂ ਫ਼ੈਕਟਰੀਆਂ ਅਤੇ ਬੇਕਰੀਆਂ ‘ਤੇ ਛਾਪੇਮਾਰੀ ਕੀਤੀ | ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਫੂਡ ਸੇਫਟੀ ਲਾਇਸੈਂਸਾਂ ਦੀ ਜਾਂਚ ਕੀਤੀ ਅਤੇ ਸਫਾਈ ਦੇ ਮਾਪਦੰਡਾਂ ਦਾ ਮੁਲਾਂਕਣ ਕੀਤਾ। ਨਾਲ ਹੀ ਖਾਣ-ਪੀਣ ਦੀਆਂ ਵਸਤਾਂ ਦੀ ਮਿਆਦ ਪੁੱਗਣ ਦੀ ਮਿਤੀ ਵੀ ਚੈੱਕ ਕੀਤੀ ਗਈ। ਨਿਰੀਖਣ ਦੌਰਾਨ ਕੁਝ ਫੈਕਟਰੀਆਂ ਅਤੇ ਬੇਕਰੀਆਂ ਐਫ.ਐਸ.ਐਸ.ਏ.ਆਈ (ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ) ਦੇ ਮਾਪਦੰਡਾਂ ਅਨੁਸਾਰ ਸਾਫ ਸਫਾਈ ਦੀ ਘਾਟ ਪਾਈ ਗਈ।ਇਸ ’ਤੇ ਅਸਵਛੱਤਾ ਫੈਲਾਉਣ ਵਾਲੇ ਅਦਾਰਿਆਂ ਦੇ ਖਿਲਾਫ ਚਲਾਨ ਕੱਟੇ ਗਏ ਅਤੇ ਪੰਜ ਸੈਂਪਲ ਲਏ ਗਏ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਸਟੈਂਡਰਡ ਐਕਟ 2006 ਤਹਿਤ ਅੱਗੇ ਦੀ ਕਾਵਰਾਂਈ ਕੀਤੀ ਜਾਵੇਗੀ। ਜਾਂਚ ਦੌਰਾਲ ਪਾਇਆ ਗਿਆ ਕਿ ਕਿਸੇ ਵੀ ਬੇਕਰੀ ਜਾਂ ਫੈਕਟਰੀ ਵਿਚ ਖਰਾਬ ਕੁਚਲੇ ਆਟੇ ਵਿਚ ਨਹੀਂ ਮਿਲਾਏ ਜਾ ਰਹੇ ਸੀ ਅਤੇ ਨਾ ਹੀ ਖਰਾਬ ਕੁਲਚੇ ਪਾਏ ਗਏ। ਫੂਡ ਸੇਫਟੀ ਅਧਿਕਾਰੀਆਂ ਨੇ ਬੇਕਰੀ ਅਤੇ ਫੈਕਟਰੀ ਸੰਚਾਲਕਾਂ ਨੂੰ ਪੀਣ ਵਾਲੇ ਪਦਾਰਥ ਢੱਕ ਕੇ ਰੱਖਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਕੰਮ ਕਰ ਰਹੇ ਕਰਮਚਾਰੀਆਂ ਨੂੰ ਕੈਪ ਅਤੇ ਮਾਸਕ ਵੀ ਵੰਡੇ ਗਏ ਅਤੇ ਉਨ੍ਹਾਂ ਨੂੰ ਕੰਮ ਦੌਰਾਨ ਹਮੇਸ਼ਾ ਟੋਪੀਆਂ, ਦਸਤਾਨੇ ਅਤੇ ਮਾਸਕ ਪਹਿਨਣ ਲਈ ਕਿਹਾ ਗਿਆ।ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਟੈਸਟ ਕਰਵਾਏ ਜਾਂਦੇ ਹਨ ਤਾਂ ਜੋ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਬਰਕਰਾਰ ਰਹੇ ਅਤੇ ਕਿਸੇ ਵੀ ਗੈਰ-ਸਿਹਤਮੰਦ ਗਤੀਵਿਧੀ ਨੂੰ ਰੋਕਿਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly