ਨਵੀਂ ਦਿੱਲੀ (ਸਮਾਜ ਵੀਕਲੀ) :ਰਾਜ ਸਭਾ ’ਚ ਅੱਜ ਇਕ ਸਵਾਲ ਦੇ ਜਵਾਬ ’ਚ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਆਪਸੀ ਗੱਲਬਾਤ ਰਾਹੀਂ ਉਸਰਿਆ ਸਿਆਸੀ ਪ੍ਰਬੰਧ ਸਥਾਪਤ ਹੋਣਾ ਚਾਹੀਦਾ ਹੈ ਅਤੇ ਜੰਗ ਦੀ ਮਾਰ ਹੇਠ ਆਏ ਮੁਲਕ ’ਤੇ ਤਾਕਤ ਨਾਲ ਕਬਜ਼ਾ ਨਹੀਂ ਹੋਣਾ ਚਾਹੀਦਾ।
ਚੀਨ ਵੱਲੋਂ ਤਾਲਿਬਾਨ ਨਾਲ ਕੀਤੀ ਜਾ ਰਹੀ ਗੱਲਬਾਤ ਸਬੰਧੀ ਸਵਪਨ ਦਾਸਗੁਪਤਾ ਵੱਲੋਂ ਪੁੱਛੇ ਗਏ ਪੂਰਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ, ‘ਇਸ ਦਾ ਕੋਈ ਜੰਗੀ ਹੱਲ ਨਹੀਂ ਹੋ ਸਕਦਾ। ਅਫ਼ਗਾਨਿਸਤਾਨ ’ਤੇ ਜਬਰੀ ਕਬਜ਼ਾ ਨਹੀਂ ਕੀਤਾ ਜਾ ਸਕਦਾ। ਅਸੀਂ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਇਹ ਯਕੀਨੀ ਬਣਾਵਾਂਗੇ ਕਿ ਮੁਲਕ ’ਚ ਗੱਲਬਾਤ ਰਾਹੀਂ ਕੋਈ ਸਿਆਸੀ ਪ੍ਰਬੰਧ ਸਥਾਪਤ ਕੀਤਾ ਜਾਵੇ ਤੇ ਤਾਕਤ ਦੇ ਜ਼ੋਰ ਨਾਲ ਸਾਹਮਣੇ ਆਇਆ ਕੋਈ ਵੀ ਨਤੀਜਾ ਸਵੀਕਾਰ ਨਹੀਂ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਇਸ ਮੁੱਦੇ ’ਤੇ ਇਕਮੱਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਲੰਮੀ ਚਰਚਾ ਕੀਤੀ ਹੈ।
ਇਸੇ ਦੌਰਾਨ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ’ਚ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਪ੍ਰਭੂਸੱਤਾ ਵਾਲੇ, ਜਮਹੂਰੀ ਤੇ ਸ਼ਾਂਤੀਪੂਰਨ ਅਫ਼ਗਾਨਿਸਤਾਨ ਦੀ ਹਮਾਇਤ ਕਰਨਾ ਭਾਰਤ ਦੀ ਨੀਤੀ ਰਹੀ ਹੈ ਅਤੇ ਉਹ ਖੇਤਰੀ ਤੇ ਕੌਮਾਂਤਰੀ ਪੱਖਾਂ ਸਮੇਤ ਅਫ਼ਗਾਨਿਸਤਾਨ ਦੇ ਅੰਦਰਲੀਆਂ ਤੇ ਬਾਹਰਲੀਆਂ ਧਿਰਾਂ ਨਾਲ ਸੰਪਰਕ ’ਚ ਹੈ। ਉਨ੍ਹਾਂ ਕਿਹਾ, ‘ਭਾਰਤ ਅਫ਼ਗਾਨਿਸਤਾਨ ਦੀ ਅਗਵਾਈ ਹੇਠ, ਅਫ਼ਗਾਨਿਸਤਾਨ ਅਧੀਨ ਤੇ ਅਫ਼ਗਾਨਿਸਤਾਨ ਦੇ ਕੰਟਰੋਲ ਹੇਠਲੀ ਪ੍ਰਕਿਰਿਆ ਰਾਹੀਂ ਪੱਕੇ ਸਿਆਸੀ ਹੱਲ ਵੱਲ ਲਿਜਾਣ ਵਾਲੀਆਂ ਸਾਰੀਆਂ ਸ਼ਾਂਤੀ ਪਹਿਲਾਂ ਦੀ ਹਮਾਇਤ ਕਰਦਾ ਹੈ ਜਿਸ ਨਾਲ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਬਣੀ ਰਹੇ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly