ਪਾਕਿਸਤਾਨ ਮੂਲ ਦੀ ਬਰਤਾਨਵੀ ਸੰਸਦ ਮੈਂਬਰ ਨੁਸਰਤ ਗ਼ਨੀ ਦਾ ਦਾਅਵਾ

ਲੰਡਨ (ਸਮਾਜ ਵੀਕਲੀ):  ਪਾਕਿਸਤਾਨੀ ਮੂਲ ਦੀ ਬਰਤਾਨਵੀ ਸੰਸਦ ਮੈਂਬਰ ਨੇ ਅੱਜ ਦੋਸ਼ ਲਾਇਆ ਕਿ ਫਰਵਰੀ, 2020 ਵਿਚ ਉਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ’ਚੋਂ ਮੰਤਰੀ ਦੇ ਅਹੁਦੇ ਉਤੋਂ ਇਸ ਲਈ ਲਾਹ ਦਿੱਤਾ ਗਿਆ ਸੀ ਕਿਉਂਕਿ ਉਹ ‘ਮੁਸਲਮਾਨ’ ਹੈ। ਨੁਸਰਤ ਗ਼ਨੀ (49) ਨੂੰ ਯੂਕੇ ਦੇ ਟਰਾਂਸਪੋਰਟ ਵਿਭਾਗ ਵਿਚ 2018 ’ਚ ਸਾਬਕਾ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਦੀ ਸਰਕਾਰ ’ਚ ਜੂਨੀਅਰ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ, ਪਰ ਫਰਵਰੀ 2020 ਵਿਚ ਜਦ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਸਰਕਾਰ ਨੇ ਕੈਬਨਿਟ ਵਿਚ ਫੇਰਬਦਲ ਕੀਤੀ ਤਾਂ ਨੁਸਰਤ ਨੂੰ ਆਪਣਾ ਅਹੁਦਾ ਗੁਆਉਣਾ ਪਿਆ ਸੀ। ‘ਸੰਡੇ ਟਾਈਮਜ਼’ ਨੂੰ ਇਕ ਇੰਟਰਵਿਊ ਵਿਚ ਨੁਸਰਤ ਨੇ ਕਿਹਾ ਕਿ ਮੁਸਲਮਾਨ ਹੋਣ ਕਰ ਕੇ ਉਸ ਨੂੰ ਅਹੁਦਾ ਗੁਆਉਣਾ ਪਿਆ।

ਗ਼ਨੀ ਨੇ ਕਿਹਾ, ‘ਮੈਂ ਜਦੋਂ ਫੇਰਬਦਲ ਤੋਂ ਬਾਅਦ ਹੋਈ ਮੀਟਿੰਗ ਵਿਚ ਵਿਪ੍ਹ ਨੂੰ ਪੁੱਛਿਆ ਕਿ ਮੈਨੂੰ ਅਹੁਦੇ ਤੋਂ ਲਾਹੁਣ ਦਾ ਕਾਰਨ ਕੀ ਸੀ… ਉਨ੍ਹਾਂ ਕਿਹਾ ਕਿ ਡਾਊਨਿੰਗ ਸਟ੍ਰੀਟ ’ਤੇ ਹੋਈ ਮੀਟਿੰਗ ਵਿਚ ਮੇਰੇ ਮੁਸਲਮਾਨ ਹੋਣ ਦਾ ਮੁੱਦਾ ਉੱਭਰਿਆ ਸੀ, ਕਿ ਮੇਰੇ ਮਹਿਲਾ ਮੁਸਲਿਮ ਮੰਤਰੀ ਦੇ ਦਰਜੇ ਨਾਲ ਕੈਬਨਿਟ ਦੇ ਸਾਥੀ ਅਸਹਿਜ ਮਹਿਸੂਸ ਕਰਦੇ ਹਨ ਤੇ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਮੈਂ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ ਹਾਂ, ਮੈਂ ਪਾਰਟੀ ਉਤੇ ਮੁਸਲਿਮ ਵਿਰੋਧੀ ਹੋਣ ਦੇ ਲੱਗੇ ਦੋਸ਼ਾਂ ਬਾਰੇ ਜ਼ਿਆਦਾ ਕੁਝ ਨਹੀਂ ਕੀਤਾ, ਪਾਰਟੀ ਦਾ ਬਚਾਅ ਨਹੀਂ ਕੀਤਾ।’ ਨੁਸਰਤ ਨੇ ਕਿਹਾ, ‘ਜਦ ਮੈਂ ਇਨ੍ਹਾਂ ਵਿਚਾਰਾਂ ਨੂੰ ਚੁਣੌਤੀ ਦਿੱਤੀ ਤੇ ਸਪੱਸ਼ਟ ਕੀਤਾ ਕਿ ਆਪਣੀ ਪਛਾਣ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਰ ਸਕਦੀ ਤਾਂ ਮੈਨੂੰ ਲੰਮਾ-ਚੌੜਾ ਭਾਸ਼ਣ ਸੁਣਨ ਨੂੰ ਮਿਲਿਆ ਕਿ ਜਦ ਲੋਕ ਨਸਲਵਾਦੀ ਹੁੰਦੇ ਹਨ ਤਾਂ ਵਿਆਖਿਆ ਕਰਨੀ ਔਖੀ ਹੋ ਜਾਂਦੀ ਹੈ ਤੇ ਮੈਨੂੰ ਹੋਰ ਯਤਨ ਕਰਨ ਦੀ ਲੋੜ ਹੈ।’

ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਪੱਸ਼ਟ ਸੀ ਕਿ ਉਸ ਨੂੰ ਉਸ ਦੀ ਪਛਾਣ ਅਤੇ ਪਿਛੋਕੜ ਕਰ ਕੇ ਦੂਜਿਆਂ ਨਾਲ ਵੱਧ ਆਪਣੀ ਵਫ਼ਾਦਾਰੀ ਸਾਬਿਤ ਕਰਨੀ ਪੈ ਰਹੀ ਹੈ। ਗ਼ਨੀ ਨੇ ਕਿਹਾ ਕਿ ਉਸ ਦੇ ਆਪਣੇ ਤਜਰਬੇ ਨਾਲ ਪਾਰਟੀ ਵਿਚ ਉਸ ਦਾ ਭਰੋਸਾ ਡੋਲ ਗਿਆ ਹੈ। ਉਹ ਸੰਸਦ ਮੈਂਬਰ ਬਣੇ ਰਹਿਣ ਜਾਂ ਨਾ ਰਹਿਣ ਬਾਰੇ ਵੀ ਸੋਚ ਰਹੀ ਹੈ। ਉਸ ਨੇ ਨਾਲ ਹੀ ਕਿਹਾ ਕਿ ਉਹ ਹਾਰੇਗੀ ਨਹੀਂ ਤੇ ਸਿਆਸਤ ਨਹੀਂ ਛੱਡੇਗੀ। ਯੂਕੇ ਦੇ ਮੰਤਰੀਆਂ ਨਦੀਮ ਜ਼ਹਾਵੀ ਤੇ ਡੌਮੀਨਿਕ ਰਾਬ ਨੇ ਗ਼ਨੀ ਦੇ ਦੋਸ਼ਾਂ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਵਿਚ ਪੱਖਪਾਤ ਤੇ ਨਸਲੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਸ਼ਨ- ਏ- ਦਿਨ
Next articleAfter week-long rain/snow, weather improves in J&K, Ladakh