ਨੰਬਰਦਾਰ ਤਰਸੇਮ ਲਾਲ ਉੱਪਲ ਨੇ ਲੁਟੇਰੇ ਦਬੋਚੇ, ਇੱਕ ਪੁਲਿਸ ਹਵਾਲੇ ਕੀਤਾ, ਦੂਜਾ ਹੋਇਆ ਫਰਾਰ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਫੋਟੋ : ਨੰਬਰਦਾਰ ਤਰਸੇਮ ਲਾਲ ਉੱਪਲ ਦੀ ਪਿੱਠ ਥੱਪਥਪਾਉਂਦੇ ਹੋਰ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਸਾਬਕਾ ਸਰਪੰਚ ਮੁਨੀਸ਼ ਅਤੇ ਪਿੰਡ ਉੱਪਲ ਖਾਲਸਾ ਦੇ ਪਤਵੰਤੇ।

 ਫਰਾਰ ਲੁਟੇਰਾ ਵੀ ਹੋਵੇਗਾ ਜਲਦ ਗ੍ਰਿਫਤਾਰ – ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ 

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਅਤੇ ਪਿੰਡ ਉੱਪਲ ਖਾਲਸਾ ਦੇ ਨੰਬਰਦਾਰ ਤਰਸੇਮ ਲਾਲ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੇ ਕਿਰਪਾਨ ਨਾਲ ਜਾਨਲੇਵਾ ਹਮਲਾ ਕਰਕੇ 7000/- ਰੁਪਏ ਲੁੱਟ ਲਏ ਅਤੇ ਬਟੂਏ ਸਮੇਤ ਜਰੂਰੀ ਕਾਗਜ਼ਾਤ ਚੋਰੀ ਕਰ ਲਏ, ਉਪਰੰਤ 70 ਸਾਲਾਂ ਨੰਬਰਦਾਰ ਨੇ ਦਲੇਰੀ ਅਤੇ ਮਰਦਾਨਗੀ ਦਿਖਾਉਂਦਿਆ ਇੱਕ ਹਮਲਾਵਰ ਨੂੰ ਗਲੋਂ ਫੜ੍ਹਕੇ ਦਬੋਚ ਲਿਆ ਅਤੇ ਆਪਣੇ ਭਰਾ ਮੋਹਨ ਲਾਲ ਸਾਬਕਾ ਸਰਪੰਚ, ਮੁਨੀਸ਼ ਕੁਮਾਰ ਸਾਬਕਾ ਸਰਪੰਚ, ਆਪਣੇ ਦੋਵੇਂ ਪੁੱਤਰਾਂ ਦਿਨੇਸ਼ ਕੁਮਾਰ ਅਤੇ ਮੁਨੀਸ਼ ਕੁਮਾਰ, ਅਮਰਜੀਤ ਸਿੰਘ ਅਤੇ ਹੋਰਾਂ ਦੀ ਮਦਦ ਨਾਲ ਕਾਬੂ ਕੀਤੇ ਇੱਕ ਲੁਟੇਰੇ ਸੋਨੂੰ ਪੁੱਤਰ ਜਗਦੀਸ਼ ਵਾਸੀ ਪਿੰਡ ਕੋਟ ਬਾਦਲ ਖਾਂ ਨੂੰ ਉਸਦੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ-08-ਡੀ.ਏ-4222 ਸਮੇਤ ਥਾਣਾ ਨੂਰਮਹਿਲ ਵਿਖੇ ਐੱਸ.ਐੱਚ.ਓ ਇੰਸਪੈਕਟਰ ਪਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਵਾਂ ਲੁਟੇਰਿਆਂ ਖਿਲਾਫ ਐੱਫ.ਆਈ.ਆਰ ਨੰਬਰ 11, ਸ਼ਰੇਦਸਤ ਜੁਰਮ 307, 3(5) ਬੀ,ਐਨ,ਐੱਸ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੰਬਰਦਾਰ ਦੇ ਦਲੇਰਤਾ ਭਰੇ ਕਦਮ ਦੀ ਖ਼ਬਰ ਮਿਲਦਿਆਂ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੀ ਪੁਲਿਸ ਸਟੇਸ਼ਨ ਪਹੁੰਚੇ ਅਤੇ ਨੰਬਰਦਾਰ ਯੂਨੀਅਨ ਦੇ ਜੁਝਾਰੂ ਆਗੂ ਦੀ ਪਿੰਡ ਵਾਸੀਆਂ ਸਾਹਮਣੇ ਪਿੱਠ ਥੱਪਥਪਾਈ। ਐੱਸ.ਐੱਚ.ਓ ਇੰਸਪੈਕਟਰ ਪਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੂਜੇ ਭਗੌੜੇ ਲੁਟੇਰੇ ਜਿਸਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਮੀਤ ਸਿੰਘ ਵਾਸੀ ਕੋਟ ਬਾਦਲ ਖਾਂ ਵਜੋਂ ਹੋਈ ਹੈ, ਨੂੰ ਵੀ ਬਹੁਤ ਜਲਦ ਫੜ੍ਹ ਲਿਆ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ ਉੱਪਰ ਲੱਗੀ ਨੰਬਰ ਪਲੇਟ ਵੀ ਜਾਅਲੀ ਹੈ। ਨੰਬਰਦਾਰ ਤਰਸੇਮ ਲਾਲ ਉੱਪਲ ਖਾਲਸਾ ਨੇ ਦੱਸਿਆ ਕਿ ਉਹਨਾਂ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਨਕੋਦਰ ਰੋਡ ਬਾਈਪਾਸ ਰੋਡ, ਨੇੜੇ ਬਿਜਲੀ ਘਰ ਨੂਰਮਹਿਲ ਵਾਲੀ ਆਪਣੀ ਮੋਟਰ ਤੋਂ ਖੇਤੀ ਬਾੜੀ ਦਾ ਕੰਮ ਖਤਮ ਕਰਕੇ ਆਪਣੇ ਮੋਟਰਸਾਈਕਲ ‘ਤੇ ਆਪਣੇ ਪਿੰਡ ਉੱਪਲ ਖਾਲਸਾ ਨੂੰ ਜਾ ਰਿਹਾ ਸੀ। ਨੰਬਰਦਾਰ ਦੇ ਇਸ ਸਾਹਸੀ ਕਾਰਜ ਤੋਂ ਇਲਾਕੇ ਦੇ ਲੋਕ ਬਹੁਤ ਖੁਸ਼ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅਮਰੀਕਾ ਨਿਵਾਸੀ ਭਾਰਤੀ ਮੂਲ ਦੇ ਸਰਦਾਰ ਬਲਬੀਰ ਸਿੰਘ ਪਾਂਗਲੀਆ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਉਂਡੇਸ਼ਨ ਵਾਸ਼ਿੰਗਟਨ ਸੂਬੇ ਦੇ ਮੁਖੀ ਥਾਪੇ ਗਏ
Next articleਬਸਪਾ ਵਰਕਰ ਦੇ ਪਿਤਾ ਪ੍ਰੇਮ ਦਾਸ ਜੀ ਦੀ ਅੰਤਿਮ ਅਰਦਾਸ ਅੱਜ ਹੋਈ