ਹੁਣ ਤੈਨੂੰ ਕੀ ਆਖਾਂ, ਰੰਗਲਾ ਪੰਜਾਬ ਕਿ ਗੰਧਲਾ।

(ਸਮਾਜ ਵੀਕਲੀ)

ਜਿਓਂ ਹੀ ਸਰਦੀਆਂ ਦੇ ਦਿਨ ਸ਼ੁਰੂ ਹੋ ਜਾਂਦੇ ਹਨ। ਦਿਨ ਛੋਟੇ ਹੋਣ ਕਰਕੇ ਛੇਤੀ ਹਨੇਰਾ ਹੋ ਜਾਂਦਾ, ਪਰ ਪਰਾਲੀਆਂ ਦਾ ਧੂੰਆਂ ਹੋਣ ਕਰਕੇ ਦਿਨ ਦੀ ਕੋਈ ਸੀਮਾ ਨਹੀਂ ਰਹਿੰਦੀ, ਪਤਾ ਨੀ ਕਦੋ ਹਨੇਰਾ ਛਾ ਜਾਵੇ। ਇਹ ਰੁੱਤ ਵਿੱਚ ਤਿਉਹਾਰਾਂ ਦੀ ਆਮਦ ਦੀਵਾਲੀ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਜਾਂਦਾ ਤੇ ਖੁਸ਼ੀ ਵਿੱਚ ਲੋਕ ਪਟਾਕੇ ਚਲਾਉਂਦੇ ਹਨ। ਜਿਸ ਕਰਕੇ ਧੂੰਏਂ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ।
ਜਦੋਂ ਕਿ ਸਾਡਾ ਵਾਤਾਵਰਣ ਤਾਂ ਪਹਿਲਾਂ ਹੀ ਬਹੁਤ ਗੰਧਲਾ ਹੋ ਚੁੱਕਿਆ, ਪਾਣੀ ਦੂਸ਼ਿਤ, ਹਵਾ ਦੂਸ਼ਿਤ ਸਾਡਾ ਜੀਵਨ ਹੀ ਸ਼ੁੱਧ ਹਵਾ ਸ਼ੁੱਧ ਪਾਣੀ ਤੇ ਨਿਰਭਰ ਕਰਦਾ ਹੈ।

ਜੇ ਇਹ ਸ਼ੁੱਧ ਨਾ ਰਹੇ ਤਾਂ ਤੰਦਰੁਸਤੀ ਕਿੱਥੋਂ ਮਿਲਣੀ ਆ। ਹੋਰ ਤਾਂ ਹੋਰ ਸਿਆਣੇ ਦਾ ਕਥਨ ਹੈ, ‘ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ’ ਇਹ ਕਹਾਵਤ ਸੱਚ ਹੈ । ਕਰਦਾ ਮਨੁੱਖ ਤੇ ਭਰਨੀਆਂ ਬੇ ਜ਼ੁਬਾਨ ਪਸ਼ੂਆਂ ਪੰਛੀਆਂ ਤੇ ਰੁੱਖਾਂ ਨੂੰ ਵੀ ਨਾਲ ਹੀ ਪੈਂਦੀਆਂ ਹਨ। ਜਿੰਨਾਂ ਦਾ ਕੋਈ ਕਸੂਰ ਨਹੀਂ ਹੁੰਦਾ, ਚਾਹੇ ਮਨੁੱਖ ਆਪਣੀ ਆਮਦਨ ਵਿੱਚ ਬੇਸ਼ੁਮਾਰ ਵਾਧਾ ਕਰ ਰਿਹਾ। ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਆਪਣੀ ਉਮਰ ਵਿੱਚ ਜਰੂਰ ਘਾਟਾ ਕਰ ਰਿਹਾ, ਨਵੀਆਂ ਤੋਂ ਨਵੀਆਂ ਬਿਮਾਰੀਆਂ ਜੋ ਲਾ ਇਲਾਜ਼ ਉਹ ਪੈਦਾ ਹੋ ਰਹੀਆ ਹਨ।

ਇਥੋਂ ਤੱਕ ਸਾਡੇ ਵਿਗਿਆਨ ਅਨੁਸਾਰ ਧਰਤੀ ਦੀ ਓਜ਼ੋਨ ਪਰਤ ਵਿੱਚ ਵੀ ਇਸ ਧੂੰਏਂ ਤੇ ਵਧਦੀ ਤਪਸ਼ ਨੇ ਮੋਘਰੇ ਕਰ ਦਿੱਤੇ, ਜਿਨ੍ਹਾਂ ਕਰਕੇ ਸਾਡੀ ਧਰਤੀ ਤੇ ਤਪਸ਼ ਵੱਧ ਰਹੀ ਹੈ ਅਤੇ ਇਸ ਨਾਲ ਗਲੇਸ਼ੀਅਰ ਬਰਫ਼ ਦੇ ਪਹਾੜ ਵੀ ਤੇਜ਼ੀ ਨਾਲ ਖੁਰ ਰਹੇ ਹਨ। ਸਾਡਾ ਵਾਤਾਵਰਣ ਇੰਨਾਂ ਦੂਸ਼ਿਤ ਹੈ ਕਿ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ। ਦਿੱਲੀ ਪੰਜਾਬ ਤੋਂ ਸਾਢੇ ਤਿੰਨ ਚਾਰ ਸੋ ਕਿਲੋ ਮੀਟਰ ਦੂਰ ਹੈ। ਹੁਣ ਉਹ ਕਹਿ ਰਹੇ ਹਨ ਕਿ ਪੰਜਾਬ ਦਾ ਧੂੰਆਂ ਸਾਡੇ ਭਾਵ ਦਿੱਲੀ ਵਿੱਚ ਆ ਰਿਹਾ।

ਜਦੋਂ ਕਿ ਦਿੱਲੀ ਦਾ ਆਪਣਾ ਹੀ ਬਹੁਤ ਪ੍ਰਦੂਸ਼ਣ ਹੈ। ਪੰਜਾਬ ਦਾ ਧੂੰਆਂ ਤਾਂ ਰਹੀ ਦੂਰ ਦੀ ਗੱਲ, ਦੱਸੋਂ ਜਦੋਂ ਉਹਨਾਂ ਦੇ ਕਹਿਣ ਮੁਤਾਬਕ ਜੇ ਸਾਡਾ ਧੂੰਆਂ ਐਨੀ ਦੂਰ ਜਾ ਕੇ ਮਾਰ ਕਰ ਸਕਦਾ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ ਇਹ ਸਰਕਾਰਾਂ ਸੋਚਣ , ਰੋਜ਼ ਦੀ ਰੋਜ਼ ਹਵਾ ਵਿੱਚ ਜ਼ਹਿਰੀਲਾਪਣ ਵੱਧ ਰਿਹਾ, ਜੋ ਹਰ ਇੱਕ ਲਈ ਬਹੁਤ ਹੀ ਖਤਰਨਾਕ ਹੈ।

ਸਾਡੀਆਂ ਸਰਕਾਰਾਂ ਕਾਗਜ਼ਾਂ ਵਿੱਚ ਪਰਾਲੀ ਨੂੰ ਸਾੜਨ ਤੋਂ ਬਚਾਉਣ ਲਈ ਬਹੁਤ ਉਪਰਾਲੇ ਕਰ ਰਹੀਆਂ ਹਨ ਪਰ ਅਜੇ ਤੱਕ ਕੋਈ ਸਾਰਥਿਕ ਹੱਲ ਨਹੀਂ ਕਰ ਸਕੀਆਂ, ਕਿਸਾਨ ਵੀ ਮਜਬੂਰ ਹੈ। ਐਨੀ ਪਰਾਲੀ ਦਾ ਕੀ ਕਰੇ ਹੋਰ ਕੋਈ ਚਾਰਾ ਨਹੀਂ ਰਿਹਾ। ਇਸ ਕਰਕੇ ਸਾਡੀਆਂ ਸਰਕਾਰਾਂ ਵੱਲੋਂ ਫ਼ਸਲੀ ਚੱਕਰ ਤੋੜ ਕੇ ਨਵੀਂ ਨੀਤੀ ਦੁਆਰਾ ਹੋਰ ਫ਼ਸਲਾਂ ਤੇ ਐਮ ਐਸ ਪੀ ਭਾਵ ਸਮਰਥਨ ਮੁੱਲ ਦਿੱਤਾ ਜਾਵੇ। ਕਿਰਤੀਆਂ ਕਾਮਿਆਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ ਖੇਤੀ ਪ੍ਰਧਾਨ ਸੂਬੇ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ। ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਇਆ ਜਾਵੇ।

ਕਿਤੇ ਰੰਗਲਾ ਪੰਜਾਬ ਬਣਦੇ ਬਣਦੇ ਗੰਧਲਾ ਪੰਜਾਬ ਨਾ ਬਣ ਕੇ ਰਹਿ ਜਾਵੇ, ਜੇ ਕਿਸੇ ਸਮੱਸਿਆ ਦਾ ਹੱਲ ਰਹਿੰਦੇ ਸਮੇਂ ਨਾ ਕੀਤਾ ਜਾਵੇ, ਤਾਂ ਉਹ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ।
ਅਜੇ ਵੀ ਸਮਾਂ ਹੱਥ ਵਿੱਚ ਹੈ।

 ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀ ਮਿੱਟੀ
Next articleਜ਼ਿੰਦਗੀ ਵਿੱਚ ਕੁਝ ਅਲੱਗ ਕਰਨ ਅਤੇ ਸਹੀ ਤੇ ਅਲੱਗ ਫ਼ੈਸਲੇ ਲੈਣ ਦੀ ਹਿੰਮਤ ਹੋਣਾ ਜ਼ਰੂਰੀ…