ਹੁਣ ਗਿੱਲਾ ਤੇ ਸੁੱਕਾ ਕੂੜਾ ਸ਼ਹਿਰ ’ਚੋਂ ਸਿੱਧਾ ਜਾਵੇਗਾ ਬਾਹਰ – ਬ੍ਰਹਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ 1 ਕਰੋੜ 65 ਲੱਖ ਦੀ ਲਾਗਤ ਨਾਲ ਕੂੜਾ ਚੁੱਕਣ ਵਾਲੀਆਂ 25 ਗੱਡੀਆਂ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)(ਸਤਨਾਮ ਸਿੰਘ ਸਹੂੰਗੜਾ)
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਜਲਦ ਹੀ ਡੰਪ ਮੁਕਤ ਕਰਕੇ ਦੇਸ਼ ਸਵੱਛ ਅਤੇ ਖੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਰਡਾਂ ਵਿਚੋਂ ਗਿੱਲੇ ਅਤੇ ਸੁੱਕੇ ਕੂੜੇ ਅਤੇ ਪਲਾਸਟਿਕ ਨੂੰ ਵੱਖ-ਵੱਖ ਕਰਕੇ ਇਸ ਨੂੰ ਸਿੱਧਾ ਬਾਹਰ ਲਿਆਂਦਾ ਜਾਵੇਗਾ। ਅੱਜ ਨਗਰ ਨਿਗਮ ਦਫ਼ਤਰ ਤੋਂ 1 ਕਰੋੜ 65 ਲੱਖ ਰੁਪਏ ਦੀ ਲਾਗਤ ਵਾਲੀਆਂ ਕੂੜਾ ਚੁੱਕਣ ਵਾਲੀਆਂ 25 ਵਿਸ਼ੇਸ਼ ਗੱਡੀਆਂ ਨੂੰ ਰਵਾਨਾ ਕਰਨ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਲਈ ਵੱਡੀ ਜ਼ਰੂਰਤ ਪੂਰੀ ਹੋਈ ਹੈ ਅਤੇ ਇਸ ਨਾਲ ਸਾਰਾ ਕੂੜਾ ਸ਼ਹਿਰ ਤੋਂ ਸਿੱਧਾ ਬਾਹਰ ਪਹੁੰਚਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਨੂੰ ਡੰਪ ਮੁਕਤ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮਾਡਲ ਟਾਊਨ ਅਤੇ ਕ੍ਰਿਸ਼ਨਾ ਨਗਰ ਨੂੰ ਪਹਿਲਾਂ ਹੀ ਡੰਪ ਮੁਕਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ਼ਹਿਰ ਦੇ ਬਾਕੀ ਡੰਪਾਂ ਨੂੰ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਲਦ ਹੀ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੂੜੇ ਦਾ ਘਰ ਬਣੇ ਹੋਏ ਖਾਲੀ ਪਲਾਟਾਂ ਦਾ ਵੇਰਵਾ ਵੀ ਜਲਦ ਕੱਢ ਕੇ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਦੀ ਹਰੇਕ ਛੋਟੀ-ਵੱਡੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਸ਼ਹਿਰ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲਿਆ ਨਜ਼ਰ ਆਵੇਗਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਪੰਚ ਸੁਰਿੰਦਰ ਸਿੰਘ ਭਿੰਡਰ ਨੇ ਆਪਣੇ ਮਾਪਿਆਂ ਦੀ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਪਾਰਕ ਵਿੱਚ ਬੂਟੇ ਲਾਏ
Next articleਡਿਪਟੀ ਕਮਿਸ਼ਨਰ ਵਲੋਂ ਤਹਿਸੀਲਾਂ ਤੇ ਸਬ-ਰਜਿਸਟਰਾਰ ਦਫਤਰਾਂ ਦਾ ਅਚਨਚੇਤ ਨਿਰੀਖਣ ਕਿਹਾ, ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਪੇਸ਼