HOME ਹੁਣ ਸਿਰਫ਼ ਵੋਟਰ ਨਹੀਂ, ਹੁਕਮਰਾਨ ਬਣੇਗਾ ਬਹੁਜਨ ਸਮਾਜ : ਬੈਣੀਪਾਲ, ਪ੍ਰਤਾਪ ਸਿੰਘ,...

ਹੁਣ ਸਿਰਫ਼ ਵੋਟਰ ਨਹੀਂ, ਹੁਕਮਰਾਨ ਬਣੇਗਾ ਬਹੁਜਨ ਸਮਾਜ : ਬੈਣੀਪਾਲ, ਪ੍ਰਤਾਪ ਸਿੰਘ, ਕਰੀਮਪੁਰੀ

4

ਬਸਪਾ ਵੱਲੋਂ ਬਹਿਰਾਮ ਰੈਲੀ ਰਾਹੀਂ ਸੱਤਾ ਪਰਿਵਰਤਨ ਦਾ ਹੋਕਾ

​ ਬਹਿਰਾਮ   (ਸਮਾਜ ਵੀਕਲੀ)   ਜਲੰਧਰ: ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਕਰਨ ਲਈ ਵਿੱਢੀ ਗਈ ‘ਪੰਜਾਬ ਸੰਭਾਲੋ ਮੁਹਿੰਮ’ ਹੁਣ ਅੰਤਿਮ ਪੜਾਅ ਵਿੱਚ ਦਾਖਲ ਹੋ ਗਈ ਹੈ। ਅੱਜ ਸੂਬਾ ਪੱਧਰੀ ਮੀਟਿੰਗ ਦੌਰਾਨ 15 ਮਾਰਚ ਨੂੰ ਦਾਣਾ ਮੰਡੀ, ਬਹਿਰਾਮ ਵਿਖੇ ਹੋਣ ਵਾਲੀ ‘ਸੱਤਾ ਪ੍ਰਾਪਤ ਕਰੋ ਰੈਲੀ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਪਾਰਟੀ ਦੇ ਕੇਂਦਰੀ ਇੰਚਾਰਜ ਰਣਧੀਰ ਸਿੰਘ ਬੈਣੀਪਾਲ ਤੇ ਪ੍ਰਤਾਪ ਸਿੰਘ ਨੇ ਸਪੱਸ਼ਟ ਕੀਤਾ ਕਿ ਇਹ ਇਕੱਠ ਰਵਾਇਤੀ ਪਾਰਟੀਆਂ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਿਤ ਹੋਵੇਗਾ। ​ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਪੰਜਾਬ ਦਾ ਗਰੀਬ, ਮਜ਼ਦੂਰ ਅਤੇ ਦਲਿਤ ਵਰਗ ਸਿਰਫ਼ ਵੋਟਾਂ ਪਾਉਣ ਵਾਲੀ ਮਸ਼ੀਨ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਸਿਰਫ਼ ਸਰਕਾਰ ਬਦਲਣ ਦੀ ਨਹੀਂ, ਸਗੋਂ ਉਸ ਨਿਜ਼ਾਮ ਨੂੰ ਬਦਲਣ ਦੀ ਹੈ, ਜਿੱਥੇ ਪੰਜਾਬ ਦਾ ਅਸਲੀ ਸਰਮਾਇਆ (ਲੋਕ) ਅੱਜ ਵੀ ਨਿਤਾਣਾ ਹੈ। ਮੌਜ਼ੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਅੱਜ ਨਸ਼ਿਆਂ, ਬੇਰੁਜ਼ਗਾਰੀ ਅਤੇ ਕਰਜ਼ੇ ਦੀ ਦਲਦਲ ਵਿੱਚ ਫਸ ਚੁੱਕਾ ਹੈ। ​ਬਸਪਾ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਸੱਤਾਧਾਰੀ ਧਿਰਾਂ ਨੂੰ ਚੇਤਾਵਨੀ ਦਿੱਤੀ ਕਿ ਬਹੁਜਨ ਸਮਾਜ ਹੁਣ ‘ਲੋਲੀਪੌਪ’ ਸਕੀਮਾਂ ਨਾਲ ਮੰਨਣ ਵਾਲਾ ਨਹੀਂ ਹੈ। 15 ਮਾਰਚ ਦਾ ਸੂਰਜ ਪੰਜਾਬ ਵਿੱਚ ਇੱਕ ਨਵੀਂ ਸਿਆਸੀ ਸਵੇਰ ਲੈ ਕੇ ਚੜ੍ਹੇਗਾ, ਜਿੱਥੇ ਫੈਸਲੇ ਕਿਸੇ ਰਾਜਸੀ ਘਰਾਣੇ ਵਿੱਚ ਨਹੀਂ, ਸਗੋਂ ਗਰੀਬਾਂ ਆਮ ਲੋਕਾਂ ਦੇ ਹਿੱਤਾਂ ਨੂੰ ਦੇਖ ਕੇ ਹੋਣਗੇ। ​ਉਨ੍ਹਾਂ ਕਿਹਾ ਕਿ ​ਪੰਜਾਬ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਗਿਣਤੀ ਵਿੱਚ ਨੀਲੇ ਪਰਚਮ ਹੇਠ ਲੋਕ ਬਹਿਰਾਮ ਦੀ ਧਰਤੀ ‘ਤੇ ਇਕੱਠੇ ਹੋਣਗੇ। ਪਾਰਟੀ ਨੇ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਰ ਘਰ ਵਿੱਚ “ਸੱਤਾ ਪ੍ਰਾਪਤ ਕਰੋ” ਦਾ ਸੰਦੇਸ਼ ਪਹੁੰਚਾਉਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਆਸੀ ਗੁਲਾਮੀ ਤੋਂ ਮੁਕਤ ਕਰਵਾਇਆ ਜਾ ਸਕੇ। ਇਸ ਮੌਕੇ ਤੇ ਜ਼ੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਤੀਰਥ ਰਾਜਪੁਰਾ ਮਹਿਰਾ ਸਮੇਤ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਮੰਚ ਦਾ ਸੰਚਾਲਨ ਬਸਪਾ ਦੇ ਜਲੰਧਰ ਜ਼ੋਨ ਇੰਚਾਰਜ ਤੇ ਹਲਕਾ ਆਦਮਪੁਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleBlood in Skardu: A tragedy in Pakistan mountains
Next articleचटगांव हिल ट्रैक्ट्स: क्या पूर्वोत्तर भारत के लिए उभरती सुरक्षा चुनौती?