ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਲ 2018 ਤੱਕ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਕਰਾਉਣਾ ਤਾਂ ਦੂਰ ਪੰਜਾਬੀ ਬੋਲਣ ਤੱਕ ਤੇ ਪਾਬੰਦੀ ਤੱਕ ਲੱਗੀ ਹੋਈ ਸੀ। ਸਕੂਲਾਂ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜ਼ੁਰਮਾਨੇ ਤੱਕ ਕੀਤੇ ਜਾਂਦੇ ਸਨ।
ਪੰਜਾਬ ਸਰਕਾਰ ਵੱਲੋਂ ਸਾਲ 2008 ਵਿੱਚ ਇੱਕ ਕਾਨੂੰਨ (ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਕਾਨੂੰਨ) ਬਣਾਇਆ ਗਿਆ ਸੀ ਜਿਸ ਰਾਹੀਂ ਇਹ ਵਿਵਸਥਾ ਕੀਤੀ ਗਈ ਸੀ ਕਿ ਪੰਜਾਬ ਵਿੱਚ ਸਥਿਤ ਹਰ ਸਕੂਲ (ਨਿੱਜੀ ਅਤੇ ਸਰਕਾਰੀ) ਨੂੰ ਪਹਿਲੀ ਤੋਂ ਦਸਵੀਂ ਜ਼ਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਕਰਵਾਉਣੀ ਜ਼ਰੂਰੀ ਹੋਵੇਗੀ।
ਸਾਲ 2018 ਤੱਕ ਨਿੱਜੀ ਸਕੂਲਾਂ ਵੱਲੋਂ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ।
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸਿਰ ਤੋੜ ਯਤਨਾਂ ਸਦਕਾ, ਅਖ਼ੀਰ ਪੰਜਾਬ ਸਰਕਾਰ ਵੱਲੋਂ ਮਿਤੀ 21.01.2019 ਨੂੰ ਹੁਕਮ ਜਾਰੀ ਕਰਕੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ, ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ।
ਇਸ ਕਾਨੂੰਨ ਅਤੇ ਹੁਕਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣ ਲਈ ਭਾਈਚਾਰੇ ਵੱਲੋਂ ਪੈਰਵਾਈ ਜਾਰੀ ਰੱਖੀ ਗਈ।
ਨਤੀਜ਼ੇ ਵੱਜੋਂ, ਅੱਜ ਪੰਜਾਬ ਦੇ ਹਰ ਨਿੱਜੀ ਪਬਲਿਕ ਸਕੂਲ ਵਿੱਚ ਪੰਜਾਬੀ ਦੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਵਿੱਚ ਪੰਜਾਬੀ ਵਿੱਚ ਸਾਹਿਤ ਸਿਰਜਣ, ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਦੇ ਨਾਲ ਨਾਲ ਸੱਭਿਆਚਾਰਕ ਸਰਗਰਮੀਆਂ ਵਿੱਚ ਰੁਚੀਆਂ ਪੈਦਾ ਕਰਨ ਲਈ ਯਤਨ ਹੋਣ ਲੱਗ ਪਏ ਹਨ।
16 ਅਕਤੂਬਰ 2024 ਨੂੰ ਦਿੱਲੀ ਪਬਲਿਕ ਸਕੂਲ ਲੁਧਿਆਣਾ ਵੱਲੋਂ ਵਿਦਿਆਰਥੀਆਂ ਵਿੱਚ ਰਚਨਾਤਮਿਕ ਪ੍ਰਤਿਭਾਵਾਵਾਂ ਨੂੰ ਵਿਕਸਿਤ ਕਰਨ ਲਈ ‘ਵਾਗਮਿਤਾ’ ਨਾ ਹੇਠ ਇਕ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਦਿੱਤੇ ਇੱਕ ਵਿਸ਼ੇ ਤੇ ਮੌਕੇ ਤੇ ਕਹਾਣੀ ਲਿਖਣੀ ਸੀ, ਕਵਿਤਾ ਉਚਾਰਨ ਅਤੇ ਲੋਕ ਗੀਤ ਗਾਇਨ ਕਰਨਾ ਸੀ। 15 ਵਿੱਚੋਂ 13 ਸਕੂਲਾਂ ਦੇ 59 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ।
ਮਿੱਤਰ ਸੈਨ ਮੀਤ ਨੂੰ ਇਸ ਸਮਾਗਮ ਵਿੱਚ ਬਤੌਰ ਜੱਜ ਹਾਜ਼ਰੀ ਲਗਵਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਸਾਰੇ ਬੱਚਿਆਂ ਦੀ ਪੇਸ਼ਕਾਰੀ ਦਾ ਮਿਆਰ ਲਗਭਗ ਇੱਕੋ ਜਿਹਾ ਸੀ। ਕਿਸ ਵਿਦਿਆਰਥੀ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਅਤੇ ਕਿਸ ਨੂੰ ਦੂਜੇ ਨੰਬਰ ਤੇ, ਇਹ ਫ਼ੈਸਲਾ ਕਰਨਾ ਬਹੁਤ ਮੁਸ਼ਕਿਲ ਸੀ।
ਇਸ ਦੁਬਿਧਾ ਨੂੰ ਹੱਲ ਕਰਨ ਲਈ ਭਾਈਚਾਰੇ ਵੱਲੋਂ ਫੈਸਲਾ ਕੀਤਾ ਗਿਆ ਕਿ ਮੁਕਾਬਲੇ ਵਿੱਚ ਪਹਿਲੇ ਦੂਜੇ ਨੰਬਰ ਤੇ ਰਹਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਵਿਦਿਆਰਥੀ ਨੂੰ, ਉਸਦੇ ਸਕੂਲ ਵਿੱਚ ਜਾ ਕੇ ਭਾਈਚਾਰੇ ਵੱਲੋਂ ਵੀ ਸਨਮਾਨਿਤ/ਉਤਸ਼ਾਹਿਤ ਕੀਤਾ ਜਾਵੇ।
BCM ਬਸੰਤ ਐਵਨਿਊ ਲੁਧਿਆਣਾ ਸਕੂਲ ਦੇ ਤਿੰਨ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਵਧੀਆ ਕਹਾਣੀ ਲਿਖਣ ਲਈ ਇਸ ਸਕੂਲ ਦੀ ਵਿਦਿਆਰਥਣ ਦੂਜੇ ਨੰਬਰ ਤੇ ਰਹੀ ਸੀ।
ਜਦੋਂ ਇਹ ਵਿਚਾਰ ਇਸ ਸਕੂਲ ਦੀ ਤਾਲਮੇਲ (co-ordinator) ਅਧਿਆਪਕਾ ਨਾਲ ਸਾਂਝਾ ਕੀਤਾ ਗਿਆ ਤਾਂ ਉਹਨਾਂ ਨੇ ਭਾਈਚਾਰੇ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ ਪਬਲਿਕ ਸਕੂਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਪੱਧਰ ਦੇ ਉਨ੍ਹਾਂ ਕੋਲ ਬੀਸੀਆਂ ਬੱਚੇ ਹਨ। ਉਹਨਾਂ ਮੰਗ ਕੀਤੀ ਕਿ ਦਿੱਲੀ ਪਬਲਿਕ ਸਕੂਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਪੱਧਰ ਦੇ ਘੱਟੋ ਘੱਟ 16 ਬੱਚਿਆਂ ਨੂੰ ਭਾਈਚਾਰੇ ਵੱਲੋਂ ਜ਼ਰੂਰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਦੇ ਹਿਤ ਵਿੱਚ ਹੋਣ ਕਾਰਨ ਭਾਈਚਾਰੇ ਵੱਲੋਂ ਤੁਰੰਤ ਇਹ ਮੰਗ ਪ੍ਰਵਾਨ ਕਰਨ ਲਈ ਗਈ।
ਸਮਾਗਮ ਬਾਲ ਦਿਵਸ ਵਾਲੇ ਦਿਨ, 14 ਨਵੰਬਰ ਨੂੰ ਰੱਖਿਆ ਗਿਆ। ਖਚਾ ਖਚ ਭਰੇ ਹਾਲ ਵਿੱਚ ਬੱਚਿਆਂ ਨੇ ਠੇਠ ਪੰਜਾਬੀ ਵਿੱਚ ਆਪਣੀਆਂ ਲਿਖੀਆਂ ਕਵਿਤਾਵਾਂ ਦੇ ਪਾਠ ਕਰਨ ਦੇ ਨਾਲ ਨਾਲ ਉੱਚ ਪੱਧਰ ਦੀਆਂ ਹੋਰ ਕਵਿਤਾਵਾਂ ਦਾ ਉਚਾਰਨ ਵੀ ਬਾਖ਼ੂਬੀ ਕੀਤਾ।
ਪੰਜਾਬੀ ਭਾਸ਼ਾ ਦਾ ਝੰਡਾ ਬੁਲੰਦ ਕਰਨ ਵਾਲੇ 16 ਵਿਦਿਆਰਥੀਆਂ ਨੂੰ ਉੱਤਮ ਸਾਹਿਤਿਕ ਪੁਸਤਕਾਂ, 35 ਅੱਖਰੀ ਫੱਟੀ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
ਵਧੀਆ ਕਹਾਣੀ ਲਿਖਣ ਦਾ ਸਨਮਾਨ ਗੁਰਨਾਮ ਕੌਰ ਨੂੰ ਪ੍ਰਾਪਤ ਹੋਇਆ।
ਕਵਿਤਾ ਉਚਾਰਨ ਵਿੱਚ (ਹਰਕੀਰਤ ਸਿੰਘ, ਅਨੰਨਿਆ ਅਤੇ ਜਸਮਾਈਨ ਕੌਰ ਦੀ ਜੋੜੀ, ਅਰਸ਼ਪ੍ਰੀਤ ਕੌਰ ਅਤੇ ਜਸਜੋਤ ਸਿੰਘ ਨੇ) ਆਪਣੀ ਕਲਾ ਦੇ ਜ਼ੋਹਰ ਦਿਖਾਏ। ਜਸਜੋਤ ਸਿੰਘ ਨੇ ਆਪਣੀ ਲਿਖੀ ਖੂਬਸੂਰਤ ਕਵਿਤਾ ਆਪ ਪੇਸ਼ ਕੀਤੀ।
ਭਾਈਚਾਰੇ ਦੇ ਸੰਚਾਲਕਾਂ ਮਿੱਤਰ ਸੈਨ ਮੀਤ ਅਤੇ ਪ੍ਰੋਫੈਸਰ ਇੰਦਰਪਾਲ ਸਿੰਘ ਨੇ ‘ਪਬਲਿਕ ਸਕੂਲਾਂ ਵਿੱਚ ਮਾਂ ਬੋਲੀ ਦੀ ਮਹੱਤਤਾ’ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ।
ਇਸ ਸਮਾਗਮ ਨੇ ਆਮ ਲੋਕਾਂ ਵਿੱਚ ਫੈਲੀ ਇਸ ਧਾਰਨਾ ਨੂੰ ਕਿ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਪੜ੍ਹਨ ਅਤੇ ਬੋਲਣ ਤੇ ਪਾਬੰਦੀ ਹੈ ਨੂੰ ਝੂਠਾ ਸਾਬਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly