ਆਪ ਸਰਕਾਰ ਦੇ ਇਰਾਦਿਆਂ ਤੋਂ ਲੱਗਦਾ ਹੈ ਕਿ ਉਹ ਨਸ਼ਾ ਮੁਕਤ ਨਹੀਂ, ਪੰਜਾਬ ਨੂੰ ਨਸ਼ਾ ਮੁਫ਼ਤ ਕਰੂਗੀ
ਫਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ) ਪੰਜਾਬ ਗੁਰੂਆਂ ਪੀਰਾਂ, ਸਾਧੂ, ਸੰਤਾਂ ਦੀ ਧਰਤੀ ਵਜੋਂ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਇੱਥੇ ਨਸ਼ਿਆਂ ਦਾ ਸੇਵਨ ਹੋਣਾ ਵੱਡੀ ਗੁਸਤਾਖ਼ੀ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਆਪਣੇ ਸਿੱਖਾਂ ਨੂੰ ਨਸ਼ਿਆਂ ਦਾ ਸੇਵਨ ਕਰਨ ਤੋਂ ਵਰਜਿਆ ਸੀ, ਕਿਉਂਕਿ ਨਸ਼ੇ ਦੀ ਹਾਲਤ ਵਿੱਚ ਵਿਆਕਤੀ ਅਪਰਾਧੀ ਬਣਦਾ ਹੈ। ਨਸ਼ੇ ਕਾਰਨ ਹੀ ਬੁਰੀਆਂ ਅਲਾਮਤਾਂ ਪਨਪਦੀਆਂ ਹਨ। ਗੁਰੂ ਸਾਹਿਬ ਨੇ ਮਨੁੱਖ ਨੂੰ ਮਨੁੱਖ ਬਣਨ ਦੀ ਸੋਝੀ ਦਿੱਤੀ। ਸ਼ਰਾਬ ਪੀ ਕੇ ਬੰਦਾ ਪਸ਼ੂਆਂ ਦੀ ਬਿਰਤੀ ਧਾਰ ਲੈਂਦਾ ਹੈ। ਉਹ ਆਪਣੀ ਸਿਹਤ ਦਾ ਨੁਕਸਾਨ ਵੀ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਉਜਾੜਾ ਕਰਨ ਦਾ ਵੀ ਗ਼ੁਨਾਹਗਾਰ ਬਣਦਾ ਹੈ। ਸ਼ਰਾਬ ਦੇ ਨਸ਼ੇ ਵਿਚ ਧੁੱਤ ਬੰਦਾ ਰਿਸ਼ਤੇ ਨਾਤਿਆਂ ਦੀ ਲਿਹਾਜ਼ ਵੀ ਭੁੱਲ ਬਹਿੰਦਾ ਹੈ। ਛੋਟੇ ਵੱਡੇ ਦਾ ਫ਼ਰਕ ਸਮਝਣ ਤੋਂ ਅਸਮਰਥ ਹੋ ਜਾਂਦਾ ਹੈ।
ਭਾਰਤ ਦੇ ਆਜ਼ਾਦ ਹੋਣ ਮਗਰੋਂ ਪੰਜਾਬ ਵਿੱਚ ਹੌਲੀ ਹੌਲੀ ਸਾਜ਼ਿਸ਼ ਤਹਿਤ ਬੜੇ ਨਸ਼ੇ ਲਿਆਂਦੇ ਗਏ। ਸ਼ਰਾਬ ਤਾਂ ਇੱਥੇ ਇਸ ਕਦਰ ਮੁਫ਼ਤ ਹੀ ਵੰਡੀ ਜਾਣ ਲੱਗੀ ਕਿ ਇਹ ਕਿਹੜਾ ਕੋਈ ਨਸ਼ਿਆਂ ਵਿਚ ਆਉਂਦੀ ਹੈ, ਜਦਕਿ ਪੰਜਾਬ ਨੂੰ ਬਰਬਾਦ ਕਰਨ ਵਿਚ ‘ਸ਼ਰਾਬ’ ਦਾ ਵੱਡਾ ਰੋਲ ਹੈ। ਇਕ ਔਰਤ ਆਪਣੇ ਪਤੀ, ਬਾਪ, ਪੁੱਤ, ਜੇਠ, ਦਿਉਰ ਜਾਂ ਹੋਰ ਮਰਦ ਰਿਸ਼ਤੇਦਾਰ ਦੇ ਸ਼ਰਾਬ ਪੀਣ ਤੋਂ ਬੇਹੱਦ ਮੁਸੀਬਤਾਂ ਝੱਲਦੀ ਆ ਰਹੀ ਹੈ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਇਆ ਇਕ ਮਰਦ ਆਪਣੀ ਔਰਤ ਨੂੰ ਅਪਸ਼ਬਦ ਬੋਲਣ ਦੇ ਨਾਲ ਨਾਲ ਬੇਇੰਤਹਾ ਕੁੱਟ ਮਾਰ ਵੀ ਕਰਦਾ ਹੈ, ਇਹ ਹੁਣ ਤੱਕ ਪੰਜਾਬ ਵਿੱਚ ਹਰ ਪੰਜਵੇਂ ਘਰ ਦੀ ਕਹਾਣੀ ਹੈ। ਇਸ ਕਹਾਣੀ ਨੇ ਬੱਚਿਆਂ ਉੱਪਰ ਮਾਰੂ ਪ੍ਰਭਾਵ ਪਾਏ। ਪਿਓ ਦੀ ਸ਼ਰਾਬ ਕਾਰਨ ਬੱਚਿਆਂ ਦੀ ਪੜ੍ਹਾਈ ਅੱਧਵਿਚਾਲੇ ਛੁੱਟ ਜਾਣੀ ਵੀ ਪੰਜਾਬ ਦਾ ਵੱਡਾ ਦੁਖਾਂਤ ਰਿਹਾ ਹੈ। ਸ਼ਰਾਬ ਦੇ ਕਾਰਨ ਘਰਾਂ ਦੇ ਘਰ ਤਬਾਹ ਹੋ ਚੁੱਕੇ ਹਨ। ਗੁਰਦਾਸ ਮਾਨ ਦੇ ਗੀਤ “ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ”, ਨੇ ਵੀ ਪੰਜਾਬੀਆਂ ਦਾ ਵੱਡਾ ਨੁਕਸਾਨ ਕਰਨ ਵਿਚ ਵੱਡਾ ਹਿੱਸਾ ਪਾਇਆ। ਹੁਣ ਜਵਾਂ ਹੀ ਬੇੜਾ ਗ਼ਰਕ ਕਰਨ ਲਈ ‘ਸਤੌਜ ਵਾਲਾ ਮਾਨ’ ਆ ਗਿਆ । ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲਾ ਮੁੱਖ ਮੰਤਰੀ ਹੁਣ ਬੀਬੀਆਂ ਨੂੰ ਵੀ ਗਲਾਸੀ ਖੜ੍ਹਕਾਉਣ ਦੀ ਹੱਲਾਸ਼ੇਰੀ ਦੇਣ ‘ਤੇ ਉੱਤਰ ਆਇਆ। ਮਾਨ ਸਾਬ੍ਹ ! ‘ਝੰਡੇ ਅਮਲੀ’ ਵਾਲੇ ਕੰਮ ਕੈਸਿਟਾਂ ਵਿਚ ਤਾਂ ਚੱਲ ਜਾਂਦੇ ਨੇ ਪਰ ਆਹ ਜੋ ਤੁਸੀਂ ਬੀਬੀਆਂ ਲਈ ਵੀ ਠੇਕੇ ਖੋਲ੍ਹਣ ਦੇ ਹਕੀਕਤੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ, ਥੋੜੇ ਬਹੁਤ ਸਹਿਕਦੇ ਪੰਜਾਬ ਨੂੰ ਉੱਕਾ ਹੀ ਤਬਾਹ ਕਰ ਦੇਣਗੇ। ਹੁਣ ਤੱਕ ਪੰਜਾਬ ਦੀ ਸੁਆਣੀ ਦੀ ਹਿੰਮਤ ਤੇ ਦਲੇਰੀ ਨਾਲ ਤਾਂ ਬਹੁਤ ਸਾਰੇ ਮਰਦ ਲੋਕ ਨਸ਼ਿਆਂ ਤੋਂ ਬਚੇ ਹੋਏ ਹਨ। ਜੇ ਚਿੱਟੇ ਦੇ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਦੀਆਂ ਮਾਵਾਂ, ਭੈਣਾ, ਪਤਨੀਆਂ ਤੇ ਧੀਆਂ ਵੀ ਸ਼ਰਾਬ ਪੀਣ ਲਾ ਦਿੱਤੀਆਂ ਤਾਂ ਕੀ ਹਾਲਾਤ ਹੋਣਗੇ ਪੰਜਾਬੀਆਂ ਦੇ। ਕੀ ਪੰਜਾਬੀਆਂ ਨੇ ਥੋਨੂੰ ਇਸੇ ਕੰਮ ਲਈ ਐਨੀ ਬਹੁਮਤ ਨਾਲ ਜਿਤਾਇਆ ਸੀ। ਮਾਨ ਸਾਬ੍ਹ ! ਇਹ ਪੰਜਾਬ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ। ਤੁਹਾਡੇ ਅਜਿਹੇ ਕੰਮਾਂ ਨੂੰ ਕੋਈ ਸਲਾਹੁਤਾ ਨਹੀਂ ਦੇ ਰਿਹਾ। ਸੱਥਾਂ ਵਿਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਇਰਾਦਿਆਂ ਤੋਂ ਲੱਗਦਾ ਹੈ ਕਿ ਉਹ ਸੱਤਾ ਵਿਚ ਪੰਜਾਬ ਨੂੰ ‘ਨਸ਼ਾ ਮੁਕਤ’ ਕਰਨ ਵਾਸਤੇ ਨਹੀਂ, ਸਗੋਂ ‘ਪੰਜਾਬ ਨੂੰ ਨਸ਼ਾ ਮੁਫ਼ਤ’ ਕਰਨ ਲਈ ਆਏ ਲੱਗਦੇ ਹਨ। ਜਿੱਥੇ ਪਹਿਲਾਂ ਚੋਣਾਂ ਦੌਰਾਨ ਵੋਟਾਂ ਦੇ ਲਾਲਚ ਲਈ ਪੰਜਾਬ ਵਿੱਚ ਖੁੱਲ੍ਹੇਆਮ ਤੇ ਸ਼ਰੇਆਮ ਨਸ਼ਾ ਵੰਡਿਆ ਜਾਣ ਤੋਂ ਸੂਝਵਾਨ ਵਰਗ ਪ੍ਰੇਸ਼ਾਨੀ ਦੇ ਆਲਮ ਵਿਚ ਹੈ, ਹੁਣ ਉੱਥੇ ਆਮ ਆਦਮੀ ਦੀ ਸਰਕਾਰ ਵੱਲੋਂ ਬੀਬੀਆਂ ਲਈ ਸ਼ਰਾਬ ਦੇ ਠੇਕੇ ਹੀ ਖੋਲ੍ਹ ਦੇਣੇ ਚਿੰਤਾ ਤੇ ਗੰਭੀਰ ਵਾਲਾ ਵਿਸ਼ਾ ਬਣ ਗਿਆ ਹੈ। ਕਿੱਥੇ ਤਾਂ ਲੋਕਾਂ ਨੂੰ ਇਹ ਆਸ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰੇਗੀ ਪਰ ਹੋਣ ਸਭ ਕੁਝ ਉੱਲਟ ਲੱਗ ਪਿਆ ਹੈ। ਇਕ ਪਾਸੇ ਨਸ਼ੇ ਦੇ ਖ਼ਾਤਮੇ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਮੁੱਚੀ ਟੀਮ ਜੇਲ੍ਹ ਵਿੱਚ ਕੈਦ ਹੋ ਗਈ ਹੈ, ਪਰਮਿੰਦਰ ਸਿੰਘ ਝੋਟੇ ਵਰਗੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਕੰਮ ਕਰਦਿਆਂ ਜੇਲ੍ਹਾਂ ਵਿੱਚ ਡੱਕਿਆ ਗਿਆ। ਦੂਜੇ ਪਾਸੇ ਸਰਕਾਰ ਨਸ਼ਿਆਂ ਵਿਚ ਵਾਧਾ ਕਰ ਰਹੀ ਹੈ। ਪੁਲਿਸ ਅਫਸਰ ਕਹਿੰਦੇ ਨਸ਼ੇ ਰੋਕਣਾ ਸਾਡਾ ਕੰਮ ਹੈ ਪਰ ਚੱਕਰ ਸਾਰਾ ਪੁੱਠਾ ਚੱਲ ਰਿਹਾ ਹੈ। ਇਹਦਾ ਮਤਲਬ ਇਹੀ ਹੋਇਆ ਕਿ ਸਰਕਾਰ ਨਸ਼ਾ ਬੰਦ ਨਹੀਂ ਸਗੋਂ ਪੰਜਾਬ ਵਿੱਚ ਨਸ਼ੇ ਨੂੰ ਸਿਖ਼ਰ ਚੜ੍ਹਾਉਣ ਦੇ ਇਰਾਦਿਆਂ ਵਿਚ ਹੈ। ਜੇਕਰ ਪੰਜਾਬ ਵਾਸੀਓ, ਮਾਈ ਭਾਗੋ ਦੀ ਵਾਰਿਸ ਵੀ ‘ਬੋਤਲਾਂ ਜੋਗੀ’ ਕਰ ਦਿੱਤੀ ਤਾਂ ਪੰਜਾਬ ਦੇ ਹਾਲਾਤਾਂ ਦੀ ਫਿਲਮ ਆਪਣੀ ਦੂਰਅੰਦੇਸ਼ੀ ਨਾਲ ਹੁਣੇ ਹੀ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ। ਇਹ ਸਭ ਕੁੱਝ ਪੰਜਾਬ ਨੂੰ ਤਬਾਹ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਹਨ। ਪੰਜਾਬ ਨੂੰ ਉਸਦੇ ਸੱਭਿਆਚਾਰ ਨਾਲੋਂ ਤੋੜ ਕੇ ਹਿੰਦੁਸਤਾਨ ਦੇ ਮਿਥਿਹਾਸ ਨਾਲ ਰਲ਼ਗੱਡ ਕਰਨ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly