ਡਾਕ ਘਰਾਂ ਤੋਂ ਬਿਨਾਂ ਸੰਭਵ ਨਹੀਂ ਸੀ ਚਿੱਠੀਆਂ ਦਾ ਸਫ਼ਰ

ਚਿੱਠੀ ਅਤੇ ਡਾਕ ਘਰ ਦਾ ਰਿਸ਼ਤਾ ਉਹਨਾਂ ਸਮਿਆਂ ‘ਚ ਸੰਪਰਕ ਦੀ ਇੱਕ ਮਜ਼ਬੂਤ ਕੜੀ ਸੀ, ਜਦੋਂ ਲੋਕ ਆਪਸ ਵਿੱਚ ਬਿਨਾਂ ਸੰਚਾਰ ਦੇ ਸਾਧਨਾਂ ਤੋਂ ਗੱਲਬਾਤ ਕਰਦੇ ਸਨ।

ਵਿਸ਼ਵ ਡਾਕ ਦਿਵਸ ਮੌਕੇ ‘ਤੇ
(ਸਮਾਜ ਵੀਕਲੀ) ਇਕ ਸਮਾਂ ਸੀ, ਜਦੋਂ ਚਿੱਠੀਆਂ ਲਿਖਣ ਦਾ ਰਿਵਾਜ਼ ਹਰੇਕ ਘਰ ਅਤੇ ਦਿਲਾਂ ‘ਚ ਮੌਜੂਦ ਸੀ। ਇਹ ਉਹ ਦਿਨ ਸਨ, ਜਦੋਂ ਦੂਰ ਰਹਿਣ ਵਾਲੇ ਨਾਲ ਦਿਲ ਦੀਆਂ ਗੱਲਾਂ ਸਿਰਫ਼ ਚਿੱਠੀਆਂ ਰਾਹੀਂ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਸਨ। ਇੱਕ ਦੂੱਜੇ ਦੀ ਸੁੱਖ-ਦੁੱਖ ਦੀ ਜਾਣਕਾਰੀ ਦੇਣ ਵਾਲੀਆਂ ਚਿੱਠੀਆਂ ਸਿਰਫ਼ ਕਾਗਜ਼ ਦਾ ਟੁਕੜਾ ਹੀ ਨਹੀਂ ਬਲਕਿ ਸਮੇਂ ਦੇ ਹਾਲਾਤਾਂ ਨੂੰ ਵੀ ਬਿਆਨ ਕਰਦੀਆਂ ਸਨ। ਹਲਦੀ ਜਾਂ ਰੰਗ ਲੱਗੀ ਆਈ ਚਿੱਠੀ ਨੂੰ ਸ਼ਗਨਾਂ ਵਾਲੀ ਅਤੇ ਨੁੱਕਰ ਤੋਂ ਥੋੜ੍ਹੀ ਫਟੀ ਹੋਈ ਚਿੱਠੀ ਨੂੰ ਮਾੜੀ ਖ਼ਬਰ ਵਾਲੀ ਸਮਝਿਆ ਜਾਂਦਾ ਸੀ। ਚਿੱਠੀਆਂ ਵਿੱਚ ਲਿਖਣ ਵਾਲੇ ਦੇ ਜਜ਼ਬਾਤ ਅਤੇ ਸਚਾਈ ਭਰੀ ਹੁੰਦੀ ਸੀ। ਉਡੀਕ ਕਰਨ ਵਾਲੇ ਲਈ ਇਹ ਖ਼ਤ ਕਿਸੇ ਕੀਮਤੀ ਸੌਗਾਤ ਨਾਲੋ ਘੱਟ ਨਹੀਂ ਹੁੰਦਾ। ਕਈ ਵਾਰ ਤਾਂ ਮਹੀਨਿਆਂ ਤੱਕ ਚਿੱਠੀ ਪਹੁੰਚਣ ਦੀ ਉਡੀਕ ਵੀ ਕਰਨੀ ਪੈਂਦੀ ਸੀ, ਪਰ ਖ਼ਤ ਜਦੋਂ ਮਿਲਦਾ, ਤਾਂ ਉਸ ਵਿੱਚ ਦਿਲ ਦੀਆਂ ਅਣਗਿੱਣਤ ਗੱਲਾਂ ਦੇ ਨਾਲ ਆਪਣੇਪਣ ਦੀ ਖੁਸ਼ਬੂ ਵੀ ਹੁੰਦੀ। ਸਾਡੇ ਸੱਭਿਆਚਾਰ ‘ਚ ਵੀ ਤੁਹਾਨੂੰ ਚਿੱਠੀਆਂ ਤੇ ਬਹੁਤ ਸਾਰੇ ਗੀਤ ਸੁਣਨ ਨੂੰ ਮਿਲ ਜਾਣਗੇ।
ਜਿੱਥੇ ਇਹ ਚਿੱਠੀਆਂ ਦੁੱਖ-ਸੁੱਖ ਦੀਆਂ ਸਾਂਝੀ ਬਣਦੀਆਂ ਉੱਥੇ ਹੀ ਇਹ ਸਿਲਸਿਲਾ ਡਾਕ ਪ੍ਰਣਾਲ਼ੀ ਦੀ ਮਦਦ ਤੋ ਬਿਨਾਂ ਸੰਭਵ ਨਹੀਂ ਸੀ ਕਿਉਕਿ ਡਾਕ ਸੇਵਾ ਚਿੱਠੀ ਲਿਖਣ ਅਤੇ ਭੇਜਣ ਦੀ ਪ੍ਰਕਿਰਿਆ ਵਿੱਚ ਅਹਿਮ ਰੋਲ ਨਿਭਾ ਰਿਹਾ ਸੀ। ਡਾਕ ਘਰ ਉਹ ਜਗ੍ਹਾ ਸੀ, ਜਿੱਥੇ ਚਿੱਠੀਆਂ ਇਕੱਠੀਆਂ ਕੀਤੀਆਂ ਜਾਂਦੀਆਂ, ਤਰਤੀਬ ਵਿੱਚ ਰੱਖੀਆਂ ਜਾਂਦੀਆਂ ਅਤੇ ਆਪੋ-ਆਪਣੇ ਪਿੰਡ, ਸ਼ਹਿਰ ਭੇਜੀਆਂ ਜਾਂਦੀਆਂ, ਆਇਆਂ ਹੋਈਆਂ ਚਿੱਠੀਆਂ ਨੂੰ ਪਿੰਡ ਜਾਂ ਮੁਹਲਿਆਂ ‘ਚ ਡਾਕੀਏ ਦੁਆਰਾ ਘਰ-ਘਰ ਪਹੁੰਚਾਇਆ ਜਾਂਦਾ। ਇਹ ਡਾਕ ਸੇਵਾ ਸਿਰਫ਼ ਚਿੱਠੀਆਂ ਲਈ ਹੀ ਸੀਮਿਤ ਨਹੀਂ ਸੀ, ਸਗੋਂ ਮਨੁੱਖੀ ਸੰਬੰਧਾਂ ਦੀ ਗਹਿਰਾਈ ਨੂੰ ਮਜ਼ਬੂਤ ਕਰਨ ਦਾ ਇਕ ਅਹਿਮ ਯੋਗਦਾਨ ਵੀ ਸੀ।
ਅੱਜ ਦੇ ਦੌਰ ਵਿੱਚ, ਜਦੋਂ ਤਕਨੀਕੀ ਸਾਧਨ ਸਾਡੇ ਹਥਾਂ ਵਿੱਚ ਆ ਗਏ ਹਨ, ਚਿੱਠੀਆਂ ਲਿਖਣ ਦਾ ਰਿਵਾਜ਼ ਗਾਇਬ ਹੁੰਦਾ ਜਾ ਰਿਹਾ ਹੈ। ਜਿੱਥੇ ਚਿੱਠੀ ਲਿਖਣਾ, ਉਸ ਨੂੰ ਭੇਜਣ ਅਤੇ ਉਡੀਕ ਕਰਨ ਦੀ ਪ੍ਰਕਿਰਿਆ ਇੱਕ ਲੰਬੇ ਸਮੇਂ ਦੀ ਸੀ, ਉੱਥੇ ਹੀ ਇਸ ਦੀ ਥਾਂ ਮੋਬਾਈਲ, ਟੈਲੀਫੋਨ, ਈਮੇਲ ਅਤੇ ਵਟਸਐਪ ਵਰਗੇ ਤੁਰੰਤ ਸੰਚਾਰ ਦੇ ਸਾਧਨ ਲੈ ਚੁੱਕੇ ਹਨ। ਪਰ,ਅਜਿਹੇ ਸਾਧਨਾਂ ਦੀਆਂ ਸਹੂਲਤਾਂ ਦੇ ਬਾਵਜੂਦ, ਚਿੱਠੀ ਦੇ ਰਿਵਾਜ਼ ਵਿੱਚ ਜੋ ਜਜ਼ਬਾਤੀ ਡੁੰਘਾਈ ਸੀ, ਉਹ ਅਜੋਕੇ ਸੰਚਾਰ ਦੇ ਤਰੀਕਿਆਂ ‘ਚ ਬਹੁਤ ਕਮਜ਼ੋਰ ਹੈ।
ਅੱਧੀ ਮੁਲਾਕਾਤ ਵਜੋਂ ਜਾਣਿਆਂ ਜਾਂਦੀਆ ਚਿੱਠੀਆਂ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ, ਹਰ ਸਾਲ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ 1874 ਨੂੰ ਸਵਿਟਜ਼ਰਲੈਂਡ ਵਿਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ। ਜਿਸ ਵਿਚ ਹਰ ਸਾਲ ਇੱਸ ਤਰੀਕ ਨੂੰ ਡਾਕ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਸੀ। ਇਹ ਦਿਨ ਸਾਨੂੰ ਭਾਰਤੀ ਡਾਕ ਵਿਭਾਗ ਦੇ ਮਾਣਮੱਤੇ 170 ਸਾਲਾਂ ਦੇ ਸਫ਼ਰ ਅਤੇ ਸੇਵਾਵਾਂ ਦੀ ਯਾਦ ਦਿਵਾਉਂਦਾ ਹੈ। ਇਸ ਦਿਨ ਦਾ ਮੁੱਖ ਮਕਸਦ ਲੋਕਾਂ ਨੂੰ ਡਾਕ ਸੇਵਾ ਦੇ ਮਹੱਤਵ, ਇਤਿਹਾਸ ਅਤੇ ਇਸ ਦੇ ਯੋਗਦਾਨ ਬਾਰੇ ਜਾਗਰੂਕ ਕਰਨਾ ਹੈ।
1854 ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਹੋਏ, ਭਾਰਤੀ ਡਾਕ ਵਿਭਾਗ ਨੇ ਸਹੂਲਤਾਂ ਅਤੇ ਤਕਨੀਕ ਵਿੱਚ ਬਹੁਤ ਤਰੱਕੀ ਕੀਤੀ ਹੈ। ਸਮੇਂ ਦੇ ਨਾਲ, ਡਾਕ ਸੇਵਾ ਵਿੱਚ ਬਹੁਤ ਸਾਰੇ ਸੁਧਾਰ ਹੋਏ। ਪਹਿਲਾਂ, ਚਿੱਠੀਆਂ ਪੈਦਲ ਹੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਈਆਂ ਜਾਂਦੀਆਂ ਸਨ। ਇਸ ਦੇ ਬਾਅਦ ਆਵਾਜਾਈ ਦੇ ਸਾਧਨਾਂ ‘ਚ ਤਰੱਕੀ ਹੋਈ, ਜਿਵੇਂ ਕਿ ਟ੍ਰੇਨਾਂ, ਬੱਸਾਂ ਅਤੇ ਅੰਤ ਵਿੱਚ ਹਵਾਈ ਸੇਵਾ ਰਾਹੀਂ ਡਾਕ ਨੂੰ ਤੇਜ਼ੀ ਨਾਲ ਪਹੁੰਚਾਇਆ ਜਾਣ ਲੱਗਾ। ਅੱਜ ਇਹ ਸੰਸਾਰ ਦਾ ਸਭ ਤੋਂ ਵੱਡਾ ਡੇਢ ਲੱਖ ਤੋ ਵੀ ਵੱਧ ਡਾਕ ਘਰਾਂ ਦਾ ਨੈੱਟਵਰਕ ਹੈ, ਜੋ ਸ਼ਹਿਰਾਂ ਤੋਂ ਲੈ ਕੇ ਦੂਰ-ਦਰਾਜ ਦੇ ਪਿੰਡਾਂ ਦੇ ਹਰੇਕ ਬੂਹੇ ਤੱਕ ਆਪਣੀ ਪਹੁੰਚ ਰੱਖਦਾ ਹੈ।
ਅਜੋਕਾ ਯੁਗ ਤਕਨੀਕ ਨਾਲ ਭਰਪੂਰ ਹੈ, ਪਰ ਡਾਕ ਵਿਭਾਗ ਅੱਜ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਅੱਜ ਵੀ ਲੋਕ ਸਰਕਾਰੀ ਪੱਤਰਾਂ, ਪੋਸਟ ਕਾਰਡਾਂ, ਅਤੇ ਕਈ ਵਿਦੇਸ਼ੀ ਚਿੱਠੀਆਂ ਲਈ ਡਾਕ ਖਾਨਿਆਂ ‘ਤੇ ਹੀ ਵਿਸ਼ਵਾਸ ਕਰਦੇ ਹਨ। ਇਸ ਤੋਂ ਇਲਾਵਾ, ਭਾਰਤੀ ਡਾਕ ਵਿਭਾਗ ਡਾਕਘਰਾਂ ਰਾਹੀਂ ਮਨੀ ਆਰਡਰ,ਛੋਟੀਆਂ ਬੱਚਤ ਯੋਜਨਾਵਾਂ, ਡਾਕ ਜੀਵਨ ਬੀਮਾ ਅਤੇ ਬਿੱਲ ਲੈਣ ਵਰਗੀਆਂ ਸੇਵਾਵਾਂ ਤੋ ਇਲਵਾ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਦੇ ਰਿਹਾ ਹੈ। ਜਿਸ ਨਾਲ ਇਹ ਵਿਭਾਗ ਡਿਜ਼ੀਟਲ ਭਾਰਤ ਦੇ ਦੌਰ ‘ਚ ਕਦਮ ਨਾਲ ਕਦਮ ਮਿਲਾਕੇ ਚਲ ਰਿਹਾ ਹੈ।
 ਬਲਦੇਵ ਸਿੰਘ ਬੇਦੀ 
 ਜਲੰਧਰ
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਮੰਡੀ ਵਿਖੇ ਅੱਖਾਂ ਦਾ ਦੂਸਰਾ ਫਰੀ ਚੈੱਕ-ਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ
Next articleਭੰਤੇ ਦਰਸ਼ਨਦੀਪ ਮਹਾਥੇਰੋ ‘ਤੇ ਭੰਤੇ ਪ੍ਰਗਿਆ ਬੋਧੀ ਥੇਰੋ ਧੰਮ ਚੱਕਰ ਪ੍ਰਵਰਤਨ ਦਿਵਸ ਸਮਾਗਮ ‘ਚ ਦੇਣਗੇ ਧੰਮ ਦੇਸ਼ਨਾ