(ਸਮਾਜ ਵੀਕਲੀ)
ਮੇਰੀ ਦੀਵਾਲੀ ਨਹੀਂ,
ਮੇਰੀ ਦਿਹਾੜੀ ਹੈ।
ਮੈਂ ਸੁਪਨੇ ਖਰੀਦਣ ਆਇਆ ਹਾਂ।
ਪਿਛਲੀਆਂ ਕਈ ਰਾਤਾਂ…
ਕਈ ਦਿਨ….
ਮਿੱਟੀ ਨਾਲ ਮਿੱਟੀ ਹੋਇਆ ਹਾਂ।
ਭੱਠੀ ਦੀ ਅੱਗ,
ਦੀਵੇ ਨਹੀਂ, ਮੈਂ ਭੁੱਜਿਆਂ ਹਾਂ।
ਮੈਂ ਦੀਵੇ ਵੇਚਣ ਨਹੀਂ ਆਇਆ,
ਮੈਂ ਕਈ ਚਿਹਰਿਆਂ ਦੇ ਹਾਸੇ ਖਰੀਦਣ ਆਇਆ ਹਾਂ।
ਮੈਂ ਵਾਅਦਾ ਕਰਕੇ ਆਇਆ ਹਾਂ,
ਅੱਜ ਦੀ ਰੋਟੀ ਅਚਾਰ ਨਾਲ ਨਹੀਂ,
ਮੈਂ ਰੱਜਵੀਂ ਰੋਟੀ ਦਾ ਵਾਅਦਾ ਕਰਕੇ ਆਇਆ ਹਾਂ।
ਲੈ ਕੇ ਜਾਵਾਂਗਾ ਪੋਤੇ ਲਈ ਫੁਲਝੜੀਆਂ,
ਮੈਂ ਪੋਤੀ ਨੂੰ ਜਲੇਬੀਆਂ,
ਮੈਂ ਵਾਅਦਾ ਕਰਕੇ ਆਇਆ ਹਾਂ…
ਮੈਂ ਵਾਅਦਾ ਕਰਕੇ ਆਇਆ ਹਾਂ…
-ਦੀਪ ਸੰਧੂ
==========================
ਉਹ ਜਗਾ ਜਗਾ ਦੀਵੇ,
ਸੁੱਖਾਂ ਮਨਾਉਂਦੇ ਰਹੇ!
ਕੁਝ ਢਿੱਡ ਤੋਂ ਭੁੱਖੇ ਜਿਹੇ,
ਇਹ ਦਾਅ ਹੀ ਲਾਉਂਦੇ ਰਹੇ!
ਜੇ ਹਵਾ ਕਿੱਧਰੋਂ ਆਵੇ,
ਸ਼ਇਦ ਗੱਲ ਹੀ ਬਣ ਜਾਵੇ!
ਤੇਲ ਕੱਠਾ ਕਰ ਲਈਏ,
ਜੇ ਦੀਵਾ ਬੁੱਝ ਜਾਵੇ,
ਸਾਡੇ ਘਰ ‘ਚ ਫ਼ਿਰ ਅੱਜ,
ਖ਼ੌਰੇ ਚੁੱਲਾ ਚੜ੍ਹ ਜਾਵੇ!
ਚੱਲੋ ਜਾ ਕੇ ਚੁੱਗ ਲਈਏ,
ਅਣਚੱਲੇ ਪਟਾਕਿਆਂ ਨੂੰ!
ਕੂੜ੍ਹੇ ਤੋਂ ਪਲੇਟਾਂ ਚੱਕ,
ਆ ਤੋੜੀਏ ਫਾਕਿਆਂ ਨੂੰ,
ਕੋਈ ਪੁੱਛੇ ਧਨਾਡਾਂ ਨੂੰ,
ਕਿਉਂ ਤੇਲ ਸਾੜਦੇ ਨੇ?
ਇਹ ਸਾਡੀ ਬਚਪਨ ਦੀ,
ਹਰੀ ਬੇਲ ਸਾੜਦੇ ਨੇ!
ਸਾਡੇ ਸੁਪਨੇ ਧੁੱਖਦੇ ਨੇ,
ਅੱਧਸੜੇ ਅਨਾਰਾਂ ਵਿੱਚ !
ਸਾਡੀ ਕੁੱਲੀ ਕਿਉਂ ਬਾਲ ਦਿੱਤੀ ,
ਇਹਨਾਂ ਚੜ੍ਹੇ ਖੁਮਾਰਾਂ ਵਿੱਚ !
ਭੁੱਖੇ ਢਿੱਡ ਤੇ ਤਨ ਦਾ, ਜੇ ਸਾਧਨ ਹੋ ਜਾਵੇ?
ਇਹ ਰਾਤ ਦੀਵਾਲੀ ਦੀ ਮੁਬਾਰਕ ਹੋ ਜਾਵੇ!
ਇਹ ਰਾਤ ਦੀਵਾਲੀ ਦੀ ਮੁਬਾਰਕ ਹੋ ਜਾਵੇ!
ਦੀਪ ਸੰਧੂ
+61 459 966 392