ਪਟਿਆਲਾ (ਸਮਾਜ ਵੀਕਲੀ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2002 ਤੋਂ ਬਾਅਦ ਪਟਿਆਲਾ ਤੋਂ ਭਾਵੇਂ ਵੱਡੇ ਫ਼ਰਕ ਨਾਲ ਜਿੱਤਦੇ ਆਏ ਹਨ, ਪਰ ਇਸ ਵਾਰ ਉਨ੍ਹਾਂ ਲਈ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਕਾਫ਼ੀ ਚੁਣੌਤੀ ਭਰਿਆ ਹੋਵੇਗਾ। ਇਕ ਪਾਸੇ ਉਹ ਪੂਰੇ ਪੰਜਾਬ ਵਿੱਚ 37 ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਪ੍ਰਚਾਰ ਕਰਨਗੇ ਦੂਜੇ ਪਾਸੇ ਪਟਿਆਲਾ ਵਿੱਚ ਸਮਾਂ ਦੇਣਾ ਵੀ ਜ਼ਰੂਰੀ ਹੋਵੇਗਾ। ਕਾਂਗਰਸ ਵੱਲੋਂ ਪਟਿਆਲਾ ਤੋਂ ਹਿੰਦੂ ਚਿਹਰਾ ਵਿਸ਼ਣੂ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵੀ ਹਰਪਾਲ ਜੁਨੇਜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
‘ਆਪ’ ਵੱਲੋਂ ਇੱਥੇ ਅਜੀਤਪਾਲ ਸਿੰਘ ਕੋਹਲੀ ਉਮੀਦਵਾਰ ਹੈ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੱਖਣ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜੇਕਰ ਪਿਛਲੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾ ਕੈਪਟਨ ਅਮਰਿੰਦਰ ਨੇ 2002 ਵਿੱਚ 33,583 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ, 2007 ’ਚ ਵੀ 32,750 ਦਾ ਵੱਡਾ ਫਰਕ ਸੀ। 2012 ’ਚ 42,318 ਵੋਟਾਂ, 2014 ’ਚ ਉਪ ਚੋਣ ਦੌਰਾਨ ਪ੍ਰਨੀਤ ਕੌਰ ਨੇ 23,282 ਵੋਟਾਂ ਅਤੇ 2017 ’ਚ 52,407 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ। ਸਿਆਸੀ ਗਲਿਆਰਿਆਂ ਵਿਚ ਆਮ ਚਰਚਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਲਈ ਜਿੱਤ ਹਾਸਲ ਕਰਨਾ ਹੀ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਇਸ ਵਾਰ ਸ਼ਹਿਰੀ ਸਿੱਖਾਂ ਵਿੱਚ ਅਜੀਤਪਾਲ ਸਿੰਘ ਕੋਹਲੀ ‘ਆਪ’ ਵੱਲੋਂ ਚੋਣ ਲੜ ਰਹੇ ਹਨ, ਸ਼ਹਿਰੀ ਸਿੱਖਾਂ ਵਿੱਚੋਂ ਹੀ ਜੋਗਿੰਦਰ ਸਿੰਘ ਜੋਗੀ ਸੀਨੀਅਰ ਡਿਪਟੀ ਮੇਅਰ ਵੀ ਕੈਪਟਨ ਅਮਰਿੰਦਰ ਦੇ ਵਿਰੁੱਧ ਖੜ੍ਹੇ ਹਨ। ਹਰਪਾਲ ਜੁਨੇਜਾ ਵਾਲਮੀਕੀ ਭਾਈਚਾਰੇ ਵੱਲ ਕਾਫ਼ੀ ਜ਼ੋਰ ਲਗਾ ਰਹੇ ਹਨ। ਵਿਸ਼ਣੂ ਸ਼ਰਮਾ ਹਿੰਦੂ ਵੋਟਰਾਂ ਵੱਲ ਜ਼ਿਆਦਾ ਤਵੱਜੋ ਦੇ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly