ਅਲੀਗੜ੍ਹ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉੱਤਰ ਪ੍ਰਦੇਸ਼ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਯੂਪੀ ਸਰਕਾਰ ਦੀ ਪ੍ਰਸ਼ੰਸਾ ਕਰਨ ਲਈ ਭਗਵਾਨ ਹਨੂਮਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੋਗੀ ਆਦਿਤਿਆਨਾਥ ਸਰਕਾਰ ਦੇ ਸ਼ਾਸਨ ਕਾਲ ਵਿੱਚ ਕੋਈ ਬਾਹੂਬਲੀ ਦਿਖਾਈ ਨਹੀਂ ਦਿੰਦਾ ਬਲਕਿ ਸਿਰਫ਼ ‘ਬਜਰੰਗ ਬਲੀ’ ਦਿਖਾਈ ਦਿੰਦੇ ਹਨ। ਭਾਜਪਾ ਦੀ ‘ਜਨ ਵਿਸ਼ਵਾਸ ਯਾਤਰਾ’ ਮੌਕੇ ਸ੍ਰੀ ਸ਼ਾਹ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਸਮੇਂ ਆਮ ਲੋਕ ਤੇ ਖ਼ਾਸ ਕਰਕੇ ਸਾਡੀਆਂ ਧੀਆਂ-ਭੈਣਾਂ ਨੂੰ ਬਾਹੂਬਲੀ ਪ੍ਰੇਸ਼ਾਨ ਕਰਦੇ ਸਨ। ਜ਼ਮੀਨ ਖੋਹ ਲਈ ਜਾਂਦੀ ਸੀ ਪਰ ਅੱਜ ਯੋਗੀ ਆਦਿਤਿਆਨਾਥ ਦੇ ਸ਼ਾਸਨ ’ਚ ‘ਬਾਹੂਬਲੀ’ ਵਿਖਾਈ ਨਹੀਂ ਦਿੰਦੇ ਬਲਕਿ ਸਿਰਫ਼ ਬਜਰੰਗ ਬਲੀ ਹੀ ਵੇਖੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਯੂਪੀ ਦੇ ਮੁੱਖ ਮੰਤਰੀ ਭਾਜਪਾ ਆਗੂ ਕਲਿਆਣ ਸਿੰਘ ਨੇ ਵਿਖਾਇਆ ਸੀ ਕਿ ‘ਚੰਗਾ ਸ਼ਾਸਨ’ ਕੀ ਹੁੰਦਾ ਹੈ। ਉਨ੍ਹਾਂ ਰਾਮ ਜਨਮਭੂਮੀ ਲਈ ਆਪਣੀ ਕੁਰਸੀ ਤਿਆਗ ਦਿੱਤੀ ਸੀ। ਸਪਾ ਮੁਖੀ ਅਖਿਲੇਸ਼ ਯਾਦਵ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ,‘ਜਦੋਂ ਚੋਣਾਂ ਆ ਗਈਆਂ ਹਨ ਤਾਂ ਅਖਿਲੇਸ਼ ਨੂੰ ਕਲਿਆਣ ਸਿੰਘ ਨਹੀਂ ਬਲਕਿ ਜਿਨਾਹ ਯਾਦ ਹਨ। ਕੀ ਤੁਸੀਂ ਉਨ੍ਹਾਂ ਨੂੰ ਵੋਟ ਪਾਓਗੇ ਜੋ ਜਿਨਾਹ ਦੀ ਪ੍ਰਸ਼ੰਸਾ ਕਰਦੇ ਹਨ। ਸ੍ਰੀ ਸ਼ਾਹ ਨੇ ਕਿਹਾ,‘ਅਡਵਾਨੀ ਜੀ ਨੇ ਰਾਮ ਜਨਮਭੂਮੀ ਲਈ ਰੱਥ ਯਾਤਰਾ ਕੱਢੀ ਤੇ ਸਮਾਜਵਾਦੀ ਪਾਰਟੀ ਨੇ ਗੋਲੀਆਂ (ਕਾਰਸੇਵਕਾਂ ’ਤੇ) ਚਲਾਈਆਂ ਤੇ ਉਨ੍ਹਾਂ ’ਤੇ ਲਾਠੀਚਾਰਜ ਵੀ ਕੀਤਾ ਪਰ ਇਹ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਸਨ ਜਿਨ੍ਹਾਂ ਰਾਮ ਮੰਦਰ ਲਈ ਭੂਮੀ ਪੂਜਨ ਕੀਤਾ। ਉਨ੍ਹਾਂ ਸ੍ਰੀ ਯਾਦਵ ’ਤੇ ਹਮਲਾ ਕਰਦਿਆਂ ਕਿਹਾ,‘ਤੁਸੀਂ ਭਾਵੇਂ ਕਿੰਨਾ ਵੀ ਕੋਸ਼ਿਸ਼ ਕਰ ਲਵੋ, ਕੁਝ ਹੀ ਮਹੀਨਿਆਂ ਵਿੱਚ ਭਗਵਾਨ ਰਾਮ ਦਾ ਵੱਡਾ ਮੰਦਰ ਬਣ ਕੇ ਤਿਆਰ ਹੋ ਜਾਵੇਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly