–ਨੱਕ ਦਾ ਅਪ੍ਰੇਸ਼ਨ–

ਬਲਦੇਵ ਸਿੰਘ ''ਪੂਨੀਆਂ''
 (ਸਮਾਜ ਵੀਕਲੀ) ਫਿਲਪਾਈਨ ਵਿੱਚ ਵਸਦੇ ਨੂੰ ਜਦੋਂ ਵੀ ਕਦੇ ਸਿਹਤ ਸਬੰਧੀ ਸਮੱਸਿਆ ਆਉਣੀ ਤਾਂ ਇਲਾਜ ਕਰਵਾਉਣ ਲਈ ਦੇਸ਼ ਪੰਜਾਬ ਨੂੰ ਚਲਿਆ ਜਾਂਦਾ ਰਿਹਾ ਹਾਂ,ਚਾਰ ਪੰਜ ਕੁ ਵਾਰ ਛੋਟੇ ਮੋਟੇ ਅਪ੍ਰੇਸ਼ਨ ਕਰਵਾਉਣ ਵੀ ਗਿਆ। ਕਿਉਂ ਕਿ ਮੇਰਾ ਪਰਵਾਰ ਉੱਥੇ ਵਸਦਾ ਸੀ ਜਿਸ ਕਰਕੇ ਦੁੱਖ ਮਹਿਸੂਸ ਹੀ ਨਹੀਂ ਸੀ ਹੁੰਦਾ, ਪਰਵਾਰ ਤੋਂ ਇਲਾਵਾ ਸੱਜਣ ਬੇਲੀ ਅਤੇ ਰਿਸ਼ਤੇਦਾਰਾਂ ਦੀਆਂ ਰੌਣਕਾਂ ਵੱਖਰੀਆਂ।ਛੋਟੇ ਹੁੰਦਿਆਂ ਤੋਂ ਹੀ ਸੁਣਦਾ ਆਇਆ ਹਾਂ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਜਾਂ ਡਾਕਟਰ ਦੂਜਾ ਰੱਬ ਹੁੰਦੇ ਹਨ…ਸੋ ਮੈਨੂੰ ਸਾਰੇ ਡਾਕਟਰ ਹੀ ਰੱਬ ਵਰਗੇ ਲੱਗਦੇ ਹੁੰਦੇ ਸਨ ਤੇ ਮੈ ਹਰੇਕ ਡਾਕਟਰ ਤੇ ਅੱਖਾਂ ਮੀਚ ਕੇ ਯਕੀਨ ਕਰ ਲਿਆ ਕਰਦਾ ਸੀ।
            ਇੱਕ ਵਾਰ ਮੇਰਾ ਨੱਕ ਬੰਦ ਰਹਿਣ ਲੱਗ ਪਿਆ, ਇੱਥੇ ਡਾਕਟਰ ਨੂੰ ਵਿਖਾਉਣ ਤੇ ਪਤਾ ਲੱਗਾ ਕਿ ਹੱਡੀ ਵਧੀ ਹੋਈ ਹੈ ਤੇ ਅਪ੍ਰੇਸ਼ਨ ਦੀ ਜ਼ਰੂਰਤ ਹੈ।ਮੈ ਪਿੰਡ ਵੱਲ ਚਾਲੇ ਪਾ ਦਿੱਤੇ ਫਿਰ ਇੱਕ ਹਸਪਤਾਲ ਚਲਾ ਗਿਆ ਚੈੱਕਅਪ ਕਰਵਾਉਣ। ਡਾਕਟਰ ਸਾਹਬ ਕਹਿੰਦੇ ਅਪ੍ਰੇਸ਼ਨ ਕਰਨਾ ਪੈਣਾ… ਤੁਸੀਂ ਫਿਕਰ ਨਾ ਕਰੋ ਬਿੱਲਕੁੱਲ ਠੀਕ ਹੋਜੂ ਤੇ ਪੰਦਰਾਂ ਕੁ ਹਜ਼ਾਰ ਖਰਚਾ ਆਊ ਮੈ ਕਿਹਾ ਠੀਕ ਹੈ,ਉਹਨੇ ਟੈਸਟ ਵਗੈਰਾ ਲਿਖ ਦਿੱਤੇ ਤੇ ਉਸੇ ਹੱਸਪਤਾਲ ਵਿੱਚੋਂ ਹੀ ਕਰਵਾ ਲਿਆਇਆ। ਟੈਸਟ ਵੇਖਣ ਤੋਂ ਬਾਅਦ ਜਦੋਂ ਉਹਨੇ ਇੱਕ ਐਕਸਰੇ ਵਰਗਾ(ਮੈਨੂੰ ਨਾਂ ਭੁੱਲ ਗਿਆ)ਜੁਗਾੜ ਜਿਹਾ ਵੇਖਦਿਆਂ ਜਿਸ ਤਰ੍ਹਾਂ ਦਾ ਮੂੰਹ ਜਿਹਾ ਬਣਾ ਕੇ ਚਿੰਤਾਜਨਕ ਮਹੌਲ ਸਿਰਜ ਲਿਆ ਉਹਨੇ ਤਾਂ ਮੇਰੀ ਜਾਨ ਹੀ ਕੱਡ ‘ਤੀ। ਡਾਕਟਰ ਸਾਹਬ ਉਹ ਐਕਸਰੇ ਜਿਹਾ ਵੇਖੀ ਜਾਣ ਨਾਲ ਨਾਲ…..ਓਹੋ ਹੋ ਹੋ ਹੋ ਹੋ ਹੋ ਹੋ ….ਚੱ ਚੱ ਚੱ ਚੱ ਚੱ ਚੱ ਚੱ ਚੱ ਚੱ ਚੱ …..ਓ ਮਾਈ ਗੋਡ… ਤੇ ਕਿੰਨਾ ਈ ਕੁਛ ਹੋਰ।ਮੈ ਏਨਾ ਕੁ ਡਰ ਗਿਆ ਕਿ ਮੇਰਾ ਸੰਘ ਸੁੱਕਣ ਲੱਗ ਗਿਆ ਮੈਨੂੰ ਜਾਪਿਆ ਕਿ ਮੈਨੂੰ ਕੋਈ ਭਿਆਨਕ ਅਤੇ ਲਾਇਲਾਜ ਰੋਗ ਚਿੰਬੜ ਗਿਆ ਹੈ… ਯਕੀਨ ਕਰਿਉ  ਮੈਨੂੰ ਝੋਟੇ ਤੇ ਚੜ੍ਹਿਆ ਆਉਂਦਾ ਯਮਰਾਜ ਈ ਦਿਸਣ ਲੱਗ ਪਿਆ ਕੇਰਾਂ ਤਾਂ। ਬੜੀ ਮੁਸ਼ਕਲ ਨਾਲ ਹੋਂਸਲਾ ਜਿਹਾ ਕਰਕੇ ਪੁੱਛਿਆ ਡਾਕਟਰ ਸਾਹਬ ਕੀ ਗੱਲ ਹੈ ਕੁਝ ਦੱਸੋ ਮੈਨੂੰ ਵੀ। ਡਾਕਟਰ ਸਾਹਬ ਕਹਿੰਦੇ ਆਹ ਵੇਖੋ ਤੁਹਾਡੇ ਨੱਕ ਵਿੱਚ ਰੇਸ਼ਾ ਬਹੁਤ ਜੰਮਿਆਂ ਹੋਇਆ ਹੈ,ਦੋ ਵਾਰ ਅਪ੍ਰੇਸ਼ਨ ਕਰਨਾ ਪਊ ਪਹਿਲੇ ਅਪ੍ਰੇਸ਼ਨ ਵਿਚ ਰੇਸ਼ਾ ਖੁਰਚ ਦਿਆਂਗੇ ਤੇ ਛੇ ਮਹੀਨੇ ਬਾਅਦ ਫਿਰ ਆ ਜਾਇਉ ਫਿਰ ਆਪਾਂ ਜੋ ਨੱਕ ਦੀ ਹੱਡੀ ਵਧੀ ਹੋਈ ਹੈ ਉਹਦਾ ਅਪ੍ਰੇਸ਼ਨ ਕਰਾਂਗੇ।ਮੈ ਤਰਲਾ ਜਿਹਾ ਮਾਰਦਿਆਂ ਆਖਿਆ ਡਾਕਟਰ ਸਾਹਬ ਜਦੋਂ ਰੇਸ਼ਾ ਖੁਰਚਣਾ ਨਾਲ ਈ ਹੱਡੀ ਖੁਰਚ ਦਿਉ ਛੇਆਂ ਮਹੀਨਿਆਂ ਨੂੰ ਕਿੱਥੇ ਆ ਹੋਣਾ ਮੈਥੋਂ।ਦੋ ਕੁ ਮਿੰਟ ਸੋਚਣ ਤੋਂ ਬਾਅਦ ਡਾਕਟਰ ਸਾਹਬ ਜਿਵੇਂ ਖੁਦ ਨਾਲ ਹੀ ਗੱਲਾਂ ਕਰ ਰਹੇ ਹੋਣ(ਪਰ ਸੁਣਾ ਮੈਨੂੰ ਹੀ ਰਹੇ ਸੀ)…. ਮੁਸ਼ਕਲ ਤਾਂ ਹੈ….ਪਰ ਕਰਾਂਗਾ ਜਰੂਰ ਕਰਾਂਗਾ,ਉਸ ਸਮੇਂ ਮੈਨੂੰ ਭੋਲੇ ਪੰਛੀ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਨੱਕ ਦਾ ਸਹੀ ਇਲਾਜ ਸਿਰਫ ਏਹੋ ਡਾਕਟਰ ਹੀ ਕਰ ਸਕਦਾ ਹੈ ਤੇ ਮੈਂ ਸਹੀ ਟਿਕਾਣੇ ਤੇ ਆਣ ਪਹੁੰਚਿਆ ਹਾਂ। ਚਲੋ ਜੀ ਡਾਕਟਰ ਸਾਹਬ ਨੇ ਮੈਨੂੰ ਅਗਲੇ ਹਫਤੇ ਦੀ ਤਰੀਕ ਦੇ ਦਿੱਤੀ ਨਾਲ ਖਰਚਾ ਵੀ ਪੰਦਰਾਂ ਹਜ਼ਾਰ ਤੋਂ ਵਧਾ ਕੇ ਬਾਈ ਤੇਈ ਹਜ਼ਾਰ ਦੱਸ ਦਿੱਤਾ ਕਿਉਂਕਿ ਦੋ ਅਪ੍ਰੇਸ਼ਨਾਂ ਵਾਲਾ ਜੱਬ੍ਹ ਇੱਕ ਵਾਰ ਹੀ ਵੱਢ ਦੇਣਾ ਸੀ। ਮੈਨੂੰ ਤਿੰਨ ਸਾਲ ਬਾਅਦ ਸਮਝ ਪਿਆ ਕਿ ਉਹ ਡਾਕਟਰ ਡਰਾਮੇਬਾਜ਼ ਸੀ।
       ਅਗਲੇ ਹਫਤੇ ਦੋ ਦਿਨ ਦਾਖਲ ਕਰਨ ਤੋਂ ਬਾਅਦ ਮੇਰਾ
ਬਲੱਡ ਪਰੈਸ਼ਰ ਵਗੈਰਾ ਚੈੱਕ ਕਰਕੇ ਅਪ੍ਰੇਸ਼ਨ ਥਿਏਟਰ ਵਿੱਚ ਦਾਖਲ ਕਰਨ ਕਰਕੇ ਡਾਕਟਰ ਸਾਹਬ ਨੇ ਇੱਕ ਫਾਰਮ ਤੇ ਮੇਰੇ ਦਸਤਖ਼ਤ ਕਰਵਾਏ ਤੇ ਮੈਨੂੰ ਪੜ੍ਹਕੇ
ਸੁਣਾਇਆ ਜਿਸ ਵਿੱਚ ਇਹ ਵੀ ਲਿਖਿਆ ਸੀ ਕਿ ਇਹ ਬੀਮਾਰੀ ਦੁਬਾਰਾ ਵੀ ਹੋ ਸਕਦੀ ਹੈ। ਅਪਰੇਸ਼ਨ ਦੀ ਪੂਰੀ ਤਿਆਰੀ ਪਰ ਮੈਨੂੰ ਗੁੱਸੇ ਤੇ ਗੁੱਸਾ ਚੜ੍ਹੀ ਜਾਵੇ ਕਿਉਂ ਕਿ ਪਹਿਲਾਂ ਤਾਂ ਇਸੇ ਡਾਕਟਰ ਨੇ ਬੜੀ ਤਸੱਲੀ ਨਾਲ ਆਖਿਆ ਸੀ ਬਿੱਲਕੁੱਲ ਠੀਕ ਹੋਜੂ ਤੇ ਆਹ ਹੁਣ ਕਹਿੰਦਾ ਦੂਬਾਰਾ ਵੀ ਹੋ ਸਕਦਾ…ਦਿਲ ਕਰੇ ਗੁਲੂਕੋਜ਼ ਆਲਾ ਸਟੈਂਡ ਜਿਹਾ ਚੱਕਕੇ ਸਿਰ ਵਿੱਚ ਮਾਰਾਂ ਡਾਕਟਰ ਸਾਹਬ ਦੇ। ਡਾਕਟਰ ਨੇ ਜਦੋਂ ਬਲੱਡ ਪਰੈਸ਼ਰ ਵਾਲੇ ਯੰਤਰ ਵੱਲ ਨਿਗਾਹ ਮਾਰੀ ਤਾਂ ਹੱਕਾ ਬੱਕਾ ਰਹਿ ਗਿਆ ਕਿਉਂਕਿ ਮੇਰਾ ਬਲੱਡ ਪਰੈਸ਼ਰ ਬਹੁਤ ਵਧਿਆ ਹੋਇਆ ਸੀ… ਡਾਕਟਰ ਸਾਹਬ ਕਹਿੰਦੇ ਤੁਸੀਂ ਕਿਹੜੀ ਟੈਂਸ਼ਨ ਲੈ ਕੇ ਬਲੱਡ ਪਰੈਸ਼ਰ ਏਨਾ ਵਧਾ ਲਿਆ? ਮੈਂ ਕਿਹਾ ਨਹੀਂ ਟੈਂਸ਼ਨ ਤਾਂ ਕੋਈ ਨਹੀਂ, ਖੈਰ ਓਦਣ ਅਪ੍ਰੇਸ਼ਨ ਕੈਂਸਲ ਕਰਕੇ ਦੋ ਦਿਨ ਬਾਅਦ ਕਰ ਦਿੱਤਾ ਗਿਆ…ਬਾਈ ਤੇਈ ਹਜ਼ਾਰ ਦੀ ਜਗ੍ਹਾ ਖਰਚਾ ਪੰਜਾਹ ਹਜ਼ਾਰ ਦੇ ਨੇੜੇ ਆ ਗਿਆ।
     ਅਗਲੇ ਹਫਤੇ ਮੇਰੀ ਵਾਪਸੀ ਸੀ ਪਰ ਮੈਂ ਖੁਸ਼ ਸੀ ਕਿ ਮੇਰਾ ਨੱਕ ਪੂਰੀ ਤਰ੍ਹਾਂ ਸਾਫ਼ ਸੀ ਤੇ ਹੁਣ ਮੂੰਹ ਦੀ ਜਗ੍ਹਾ ਨੱਕ ਥਾਣੀ ਬਹੁਤ ਵਧੀਆ ਸਾਹ ਲੈਣ ਲੱਗ ਪਿਆ ਪਰ ਇਹ ਸਿਲਸਿਲਾ ਬਹੁਤੀ ਦੇਰ ਨਹੀਂ ਚੱਲ ਸਕਿਆ… ਵੀਹਾਂ ਕੁ ਦਿਨਾਂ ਬਾਅਦ ਫਿਰ ਓਹੀ ਹਾਲ ਹੋ ਗਿਆ ਜਿਹੜਾ ਅਪ੍ਰੇਸ਼ਨ ਤੋਂ ਪਹਿਲਾਂ ਸੀ। ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਘੱਟੋ ਘੱਟ ਸੌ ਕੁ ਬੰਦਿਆਂ ਨੂੰ ਮਿਲ ਚੁੱਕਿਆ ਹਾਂ ਜਿਹਨਾਂ ਨੇ ਅਪ੍ਰੇਸ਼ਨ ਕਰਵਾਏ ਪਰ ਫਰਕ ਨਹੀਂ ਪਿਆ। ਨੱਕ ਦੀ ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੈ ਤੇ ਡਾਕਟਰ ਅਪ੍ਰੇਸ਼ਨ ਹੀ ਇਸਦਾ ਹੱਲ ਦੱਸਦੇ ਹਨ ਪਰ ਗਲਤ ਹੈ।ਮੈ ਹੁਣ ਵੀ ਮੰਨਦਾ ਹਾਂ ਕਿ ਡਾਕਟਰ ਦੂਜਾ ਰੱਬ ਹੁੰਦੇ ਹਨ ਪਰ ਸਾਰੇ ਨਹੀਂ, ਵਿੱਚ ਵਿੱਚ ਠੱਗ ਵੀ ਬਹੁਤ ਹੈਗੇ।
ਬਲਦੇਵ ਸਿੰਘ ”ਪੂਨੀਆਂ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਵੱਡੇ ਲੇਖਕ, ,?
Next articleਕਵਿਤਾ