ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਅੱਜ ਤਰੀ ਮੋਹਨ ਹੋਟਲ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸੰਸਥਾ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ ਵਿਸਵ ਕਬੱਡੀ ਡੋਪਿੰਗ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ 20 ਤੋਂ 30 ਦਸੰਬਰ ਤੱਕ ਆਪਣੀ ਸੰਸਥਾ ਦੀਆਂ ਟੀਮਾਂ ਦੇ ਖਿਡਾਰੀਆਂ ਦੇ ਡੋਪ ਟੈਸਟ ਕੁਐਸਟ ਲੈਬ ਚੰਡੀਗੜ੍ਹ ਤੋਂ ਕਰਾਏਗੀ।
ਜਿਸ ਦੀ ਰਿਪੋਰਟ 14 ਜਨਵਰੀ ਤੱਕ ਆ ਜਾਵੇਗੀ। ਜੋ ਕਿ ਵਿਸਵ ਕਬੱਡੀ ਡੋਪਿੰਗ ਕਮੇਟੀ ਨੂੰ ਸੌਂਪੀ ਜਾਵੇਗੀ। ਉਸ ਤੋਂ ਬਾਅਦ ਵਿਸਵ ਕਬੱਡੀ ਡੋਪਿੰਗ ਕਮੇਟੀ ਦੇ ਜੋ ਦਿਸ਼ਾ ਨਿਰਦੇਸ ਹੋਣਗੇ ਉਸ ਤੇ ਫੈਡਰੇਸ਼ਨ ਹੂਬਹੂ ਪਹਿਰਾ ਦੇਵੇਗੀ। ਇਸ ਤੋਂ ਬਾਅਦ ਹੀ ਸੰਸਥਾ ਆਪਣਾ ਸੀਜਨ ਸ਼ੁਰੂ ਕਰੇਗੀ। ਕਬੱਡੀ ਵਿੱਚੋਂ ਡੋਪਿੰਗ ਨੂੰ ਖਤਮ ਕਰਨ ਲਈ ਫੈਡਰੇਸ਼ਨ ਸਖਤੀ ਨਾਲ ਕੰਮ ਕਰੇਗੀ।
ਚੱਠਾ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਆਪਣੇ ਨਾਲ ਖੇਡਣ ਵਾਲੇ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਕਰਾਉਣ ਵਿੱਚ ਕੋਈ ਢਿੱਲ ਨਹੀਂ ਵਰਤੇਗੀ। ਉਹਨਾਂ ਚਿੰਤਾ ਜਾਹਿਰ ਕੀਤੀ ਕਿ ਪਿੰਡਾਂ ਵਿੱਚ ਜੋ ਮੈਚ ਹੋ ਰਹੇ ਹਨ ਉੱਥੇ ਕਬੱਡੀ ਵਿੱਚ ਡੋਪ ਟੈਸਟ ਨੂੰ ਲੈਕੇ ਕੰਮ ਨਹੀਂ ਹੋ ਰਿਹਾ। ਜਿਸ ਨਾਲ ਡੋਪ ਨੂੰ ਬੜਾਵਾ ਮਿਲ ਰਿਹਾ ਹੈ। ਇਸ ਨੂੰ ਰੋਕਣ ਲਈ ਸਭ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਕਾਰਜਕਾਰੀ ਪ੍ਧਾਨ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਫੈਸਲੇ ਹਮੇਸ਼ਾ ਦਰੁਸਤ ਹੁੰਦੇ ਹਨ। ਅਸੀਂ ਹਰ ਫੈਸਲਾ ਕਬੱਡੀ ਦੀ ਬੇਹਤਰੀ ਲਈ ਲਿਆ ਹੈ। ਅੱਜ ਡੋਪ ਕਬੱਡੀ ਵਿੱਚ ਵੱਡੀ ਸਮੱਸਿਆ ਹੈ ਜਿਸ ਨੂੰ ਹੱਲ ਕਰਨਾ ਸਾਡਾ ਪਹਿਲਾ ਫਰਜ ਹੈ। ਇਸ ਬਾਰੇ ਅਸੀ ਡਬਲਿਊ ਕੇ ਡੀ ਸੀ ਦੇ ਨਿਯਮਾਂ ਤਹਿਤ ਕੰਮ ਕਰਾਂਗੇ।
ਇਸ ਮੌਕੇ ਖਜਾਨਚੀ ਜਸਵੀਰ ਸਿੰਘ ਧਨੋਆ, ਕਾਰਜਕਾਰੀ ਜਰਨਲ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ,ਕੋਚ ਹੈਪੀ ਲਿੱਤਰਾਂ,ਖੇਡ ਪੱਤਰਕਾਰ ਹਰਜਿੰਦਰ ਪਾਲ ਛਾਬੜਾ , ਪਰਮਜੀਤ ਸਿੰਘ ਬਾਗੜੀਆਂ, ਸੀਰਾ ਟਿੰਬਰਵਾਲ,ਖੇਡ ਬੁਲਾਰੇ ਸਤਪਾਲ ਖਡਿਆਲ , ਜੱਸਾ ਘਰਖਣਾ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly