ਅਮੇਠੀ (ਸਮਾਜ ਵੀਕਲੀ): ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਮਾੜੇ ਆਰਥਿਕ ਹਾਲਾਤ ਲਈ ਵਿਰੋਧੀ ਧਿਰਾਂ ਦੀਆਂ ਸਰਕਾਰਾਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਹੋਰ ਸੂਬਿਆਂ ’ਚ ਜਾ ਕੇ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਰਾਹੁਲ ਨੇ ਕਿਹਾ ਕਿ ਉਹ ਸਿਰਫ਼ ਅਰਬਪਤੀਆਂ ਲਈ ਕੰਮ ਕਰ ਰਹੇ ਹਨ ਜੋ ਰੁਜ਼ਗਾਰ ਨਹੀਂ ਦਿੰਦੇ ਹਨ।
ਕਾਂਗਰਸ ਦੇ ਗੜ੍ਹ ਰਹੇ ਅਮੇਠੀ ’ਚ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਦੋਵੇਂ ਆਗੂਆਂ ਨੇ ਲੋਕਾਂ ਨੂੰ ਆਪਣੀ ਅਤੇ ਬੱਚਿਆਂ ਦੀ ਭਲਾਈ ਲਈ ਕਾਂਗਰਸ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਜਾਤ ਅਤੇ ਧਰਮ ਜਿਹੇ ਮੁੱਦਿਆਂ ’ਤੇ ਥਿੜਕ ਨਾ ਜਾਣ। ਰਾਹੁਲ ਗਾਂਧੀ ਨੇ ਕਿਹਾ,‘‘ਉੱਤਰ ਪ੍ਰਦੇਸ਼ ’ਚ ਕਿਸੇ ਗੱਲ ਦੀ ਘਾਟ ਨਹੀਂ ਹੈ ਅਤੇ ਇਹ ਹੋਰ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਸਕਦਾ ਹੈ। ਤੁਸੀਂ ਰੋਜ਼ੀ-ਰੋਟੀ ਦੀ ਭਾਲ ’ਚ ਕੰਮ ਲਈ ਪੰਜਾਬ, ਮਹਾਰਾਸ਼ਟਰ ਅਤੇ ਹੋਰ ਸੂਬਿਆਂ ’ਚ ਜਾਂਦੇ ਹੋ। ਤੁਹਾਨੂੰ ਕੰਮ ਇਥੇ ਕਿਉਂ ਨਹੀਂ ਮਿਲ ਸਕਦਾ। ਕਿਉਂਕਿ ਤੁਸੀਂ ਕਈ ਸਾਲਾਂ ਤੋਂ ਸਮਾਜਵਾਦੀ ਪਾਰਟੀ, ਭਾਜਪਾ ਅਤੇ ਬਸਪਾ ਨੂੰ ਚੁਣਦੇ ਆ ਰਹੇ ਹੋ। ਇਨ੍ਹਾਂ ਸਾਰਿਆਂ ਨੇ ਤੁਹਾਡੇ ਨਾਲ ਗਲਤ ਵਾਅਦੇ ਕੀਤੇ ਅਤੇ ਤੁਹਾਡਾ ਪੈਸਾ ਖੋਹ ਲਿਆ।’’ ਮੋਦੀ ’ਤੇ ਵੱਡੇ ਕਾਰੋਬਾਰੀਆਂ ਦੀ ਸਹਾਇਤਾ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ,‘‘ਰੁਜ਼ਗਾਰ ਪੈਦਾ ਕਰਨ ਵਾਲੇ ਛੋਟੇ ਤੇ ਦਰਮਿਆਨੇ ਵਪਾਰੀਆਂ ਅਤੇ ਕਿਸਾਨਾਂ ਦੀ ਰੀੜ੍ਹ ਦੀ ਹੱੜੀ ਤੋੜ ਦਿੱਤੀ ਗਈ ਹੈ। ਇਸ ਕਾਰਨ ਪੜ੍ਹੇ-ਲਿਖਿਆਂ ਨੂੰ ਵੀ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਮੋਦੀ ਨੇ ਦੋ ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਚੋਣ ਪ੍ਰਚਾਰ ’ਚ ਇਸ ਦਾ ਜ਼ਿਕਰ ਕਿਉਂ ਨਹੀਂ ਕਰ ਰਹੇ ਹਨ।’’
ਇਸ ਦੌਰਾਨ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਵੋਟਰਾਂ ਨੂੰ ਆਪਣਾ ਮਨ ਬਣਾਉਣਾ ਪਵੇਗਾ ਕਿ ਉਹ ਵਿਕਾਸ ਦੀ ਰਾਜਨੀਤੀ ਚਾਹੁੰਦੇ ਹਨ ਜਾਂ ਧਰਮ ਤੇ ਜਾਤ ਦੇ ਝੂਠੇ ਜਾਲ ’ਚ ਉਲਝਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅਮੀਰਾਂ ਦੀ ਹੈ ਅਤੇ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੈ। ‘ਜਦੋਂ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਯੋਗੀ ਅਤੇ ਮੋਦੀ ਦੀ ਗੱਲ ਛੱਡੋ, ਨਾ ਅਖਿਲੇਸ਼ ਯਾਦਵ ਨਾ ਹੀ ਮਾਇਆਵਤੀ ਤੁਹਾਡੇ ਘਰਾਂ ’ਚ ਆਉਂਦੇ ਹਨ। ਉਹ ਮੁਲਜ਼ਮ ਦੇ ਪਿਓ ਨੂੰ ਆਪਣੇ ਨਾਲ ਮੰਚ ’ਤੇ ਖੜ੍ਹਾ ਕਰਦੇ ਹਨ।’ ਉਨ੍ਹਾਂ ਦਾ ਸਿੱਧਾ ਇਸ਼ਾਰਾ ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਕੇਂਦਰੀ ਰਾਜ ਮੰਤਰੀ ਪਿਤਾ ਅਜੈ ਮਿਸ਼ਰਾ ਵੱਲ ਸੀ। ਕਾਂਗਰਸ ਆਗੂਆਂ ਨੇ ਯੂਪੀਏ ਸਰਕਾਰ ਸਮੇਂ ਅਮੇਠੀ ’ਚ ਹੋਏ ਵਿਕਾਸ ਦਾ ਹਵਾਲਾ ਵੀ ਦਿੱਤਾ। ਦੋਵੇਂ ਭਰਾ ਅਤੇ ਭੈਣ ਨੇ ਇਹ ਰੈਲੀ ਉਸ ਸਮੇਂ ਕੀਤੀ ਹੈ ਜਦੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਅਮੇਠੀ ਤੋਂ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਦੀ ਹਾਜ਼ਰੀ ’ਚ ਇਥੇ ਰੈਲੀ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly