ਲੁਧਿਆਣਾ, (ਗੁਰਬਿੰਦਰ ਸਿੰਘ ਰੋਮੀ) 03 ਮਾਰਚ ਨੂੰ ਹੋਣ ਜਾ ਰਹੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਵਾਸਤੇ ਅੱਜ ਲਖਵਿੰਦਰ ਸਿੰਘ ਜੌਹਲ (ਡਾ.) ਅਤੇ ਡਾ. ਗੁਰਇਕਬਾਲ ਸਿੰਘ ਦੇ ਸਾਹਿਤਕ ਕਾਫ਼ਲੇ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਪ੍ਰਧਾਨ ਦੇ ਅਹੁਦੇ ਲਈ ਲਖਵਿੰਦਰ ਸਿੰਘ ਜੌਹਲ (ਡਾ.) , ਸੀਨੀ.ਮੀਤ ਪ੍ਰਧਾਨ ਲਈ ਡਾ. ਸ਼ਿੰਦਰਪਾਲ ਸਿੰਘ, ਜਨ. ਸਕੱਤਰ ਲਈ ਡਾ. ਗੁਰਇਕਬਾਲ ਸਿੰਘ, ਮੀਤ ਪ੍ਰ. ਲਈ ਭਗਵੰਤ ਸਿੰਘ (ਡਾ.), ਗੁਰਚਰਨ ਕੌਰ ਕੋਚਰ (ਡਾ.), ਤ੍ਰੈਲੋਚਨ ਲੋਚੀ, ਮਦਨ ਵੀਰਾ ਅਤੇ ਇਕਬਾਲ ਸਿੰਘ ਗੋਦਾਰਾ (ਪੰਜਾਬੋਂ ਬਾਹਰ) ਨੇ ਕਾਗਜ਼ ਭਰੇ। ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਡਾ. ਗੁਰਵਿੰਦਰ ਅਮਨ, ਦੀਪ ਜਗਦੀਪ ਸਿੰਘ, ਬਲਬੀਰ ਜਲਾਲਾਬਾਦੀ (ਪਟਿਆਲਾ), ਸਹਿਜਪ੍ਰੀਤ ਸਿੰਘ, ਬਲਜੀਤ ਪਰਮਾਰ (ਮੁੰਬਈ), ਹਰਦੀਪ ਢਿੱਲੋਂ, ਡਾ.ਸਰਘੀ, ਪਰਮਜੀਤ ਕੌਰ ਮਹਿਕ, ਜਗਦੀਸ਼ ਰਾਏ ਕੁਲਰੀਆਂ, ਕਰਮਜੀਤ ਸਿੰਘ ਗਰੇਵਾਲ, ਹਰਵਿੰਦਰ ਸਿੰਘ ਚੰਡੀਗੜ੍ਹ, ਨਾਇਬ ਸਿੰਘ ਮੰਡੇਰ (ਪੰਜਾਬੋਂ ਬਾਹਰ), ਰੋਜ਼ੀ ਸਿੰਘ, ਕੰਵਲਜੀਤ ਸਿੰਘ ਕੁਟੀ ਐਡਵੋਕੇਟ ਅਤੇ ਡਾਕਟਰ ਨਰੇਸ਼ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਅਗਵਾਈ ਵਿਚ ਹੋਈ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਚੋਣ ਸਮੁੱਚੇ ਅਦਬੀ ਕਾਫ਼ਲੇ ਦੇ ਰੂਪ ਵਿੱਚ ਅਕਾਦਮੀ ਦੀ ਅਮੀਰ ਸਾਹਿਤਕ ਤੇ ਅਕਾਦਮਿਕ ਵਿਰਾਸਤ ਨੂੰ ਕਾਇਮ ਰੱਖਣ ਤੇ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ ਲੜੀ ਜਾਵੇਗੀ। ਪ੍ਰੋ. ਗਿੱਲ ਨੇ ਕਿਹਾ ਕਿ ਡਾ. ਜੌਹਲ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਦੋ ਸਾਲਾਂ ਵਿਚ ਅਕਾਦਮੀ ਨੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲਦਿਆਂ ਬਹੁਤ ਸ਼ਲਾਘਾਯੋਗ ਕਾਰਜ ਕੀਤੇ ਹਨ। ਜਿਨ੍ਹਾਂ ਨੂੰ ਮੁੱਖ ਰੱਖਦਿਆਂ ਇਸ ਟੀਮ ਨੂੰ ਇਕ ਵਾਰ ਫੇਰ ਮੌਕਾ ਦੇਣਾ ਲਾਜ਼ਮੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਲੁਧਿਆਣਾ ਅਕਾਦਮੀ ਆਪਣੀ ਵਿਲੱਖਣ ਸਾਹਿਤਕ ਤੇ ਅਕਾਦਮਿਕ ਰਿਵਾਇਤ ਲਈ ਜਾਣੀ ਜਾਂਦੀ ਹੈ। ਜਿਸ ਨੇ ਸਾਹਿਤਕ ਪਰੰਪਰਾ ਤੇ ਆਧੁਨਿਕ ਤਕਨੀਕ ਵਿਚਾਲੇ ਪੁਲ ਉਸਰਾਦਿਆਂ ਆਪਣੀ ਪ੍ਰਬੰਧਕੀ ਸੂਝ ਨਾਲ ਇਸਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਸਰਬ ਸਾਂਝੀ ਮਾਨਵੀ ਭਾਵਨਾ ਨਾਲ ਚੋਣਾਂ ਲੜਣ ਦਾ ਅਹਿਦ ਦੁਹਰਾਇਆ। ਡਾ. ਜੌਹਲ ਨੇ ਕਿਹਾ ਕਿ ਅਸੀਂ ਆਪਣਾ 22 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਸਾਡੇ ਮਨੋਰਥਾਂ ਤੋਂ ਸਪੱਸ਼ਟ ਹੈ ਕਿ ਸਾਡਾ ਸਾਹਿਤਕ ਕਾਫਲਾ ਪ੍ਰਬੰਧਾਂ ਨੂੰ ਬਿਹਤਰ ਕਰਨ, ਮੌਜੂਦਾ ਅਵਸਥਾ ਵਿੱਚ ਜ਼ਮੀਨੀ ਸੁਧਾਰ ਕਰਨ ਤੋਂ ਲੈ ਕੇ ਸਾਹਿਤਕ ਤੇ ਅਕਾਦਮਿਕ ਹਸਤਾਖ਼ਰਾਂ ਨੂੰ ਹੋਰ ਗੂੜ੍ਹਾ ਕਰਨ ਲਈ ਅੱਗੇ ਵਧੇਗਾ। ਅਸੀਂ ਸਮੂਹ ਲੇਖਕ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਮਨੋਰਥ ਪੱਤਰ ‘ਤੇ ਮੋਹਰ ਲਾ ਕੇ ਸਾਡੇ ਸਾਹਿਤਕ ਕਾਫ਼ਲੇ ਨੂੰ ਅਕਾਦਮੀ ਦੀ ਸਰਬ-ਉੱਚਤਾ ਲਈ ਵਿੱਢੇ ਕਾਰਜਾਂ ਨੂੰ ਜਾਰੀ ਰੱਖਣ ਵਿਚ ਸਾਡਾ ਸਹਿਯੋਗ ਕਰਨ। ਇਸ ਮੌਕੇ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਡਾ. ਨਿਰਮਲ ਜੌੜਾ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਡਾ. ਦੀਪਕ ਮਨਮੋਹਨ, ਮਾਸਿਕ ‘ਪ੍ਰਤੀਮਾਨ’ ਦੇ ਸੰਪਾਦਕ ਡਾ. ਅਮਰਜੀਤ ਸਿੰਘ ਕੌਂਕੇ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀ. ਮੀਤ ਪ੍ਰਧਾਨ ਅਤੇ ‘ਨਵਾਂ ਜ਼ਮਾਨਾ’ ਦੇ ਮੈਗਜ਼ੀਨ ਸੰਪਾਦਕ ਡਾ. ਹਰਜਿੰਦਰ ਸਿੰਘ ਅਟਵਾਲ, ਪ੍ਰੋ. (ਡਾ.) ਉਮਿੰਦਰ ਸਿੰਘ ਜੌਹਲ, ਡਾ. ਸਵੈਰਾਜ ਸਿੰਘ ਸੰਧੂ, ਡਾ. ਨਿਰਮਲ ਸਿੰਘ ਬਾਸੀ, ਪ੍ਰਿੰ. ਇੰਦਰਜੀਤਪਾਲ ਕੌਰ, ਅਮਰਜੀਤ ਸ਼ੇਰਪੁਰੀ, ਸੁਰਿੰਦਰ ਸਿੰਘ ਵਿਰਦੀ, ਜੈਨਇੰਦਰ ਸਿੰਘ ਚੌਹਾਨ, ਸੁਰਿੰਦਰਜੀਤ ਚੌਹਾਨ ਅਤੇ ਹੋਰ ਲੇਖਕ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly