(ਸਮਾਜ ਵੀਕਲੀ)-ਅਸੀਂ ਹਰ ਕੰਮ ਵਿੱਚ ਸਹਾਰੇ ਦੀ ਤਵੱਕੋ ਰੱਖਦੇ ਹਾਂ।ਮਨ ਹਰ ਸਮੇਂ ਇਸ ਉਮੀਦ ਵਿੱਚ ਰਹਿੰਦਾ ਹੈ ਕਿ ਕੋਈ ਆਏਗਾ ਤੇ ਸਾਡੀ ਮਦਦ ਕਰੇਗਾ।ਜਿਸ ਮੁਸੀਬਤ ਵਿੱਚ ਅਸੀਂ ਉੱਚੇ ਹੋਏ ਹਾਂ ਉਸ ਵਿੱਚੋਂ ਕੋਈ ਆ ਕੇ ਸਾਨੂੰ ਬਾਹਰ ਕੱਢੇਗਾ ।ਸਾਡੇ ਦੁੱਖ ਦਰਦ ਮਿਟਾਉਣ ਲਈ ਕੋਈ ਨਾ ਕੋਈ ਸ਼ੁਰੂ ਅਪੜੇਗਾ।ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੀ ਮਦਦ ਆਪ ਹੀ ਕਰਨੀ ਪੈਂਦੀ ਹੈ।ਜੇਕਰ ਸਾਡੀਆਂ ਅੱਖਾਂ ਚੋਂ ਹੰਝੂ ਨਿਕਲਣ ਸਾਡਾ ਆਪਣਾ ਹੱਥ ਹੀ ਉਨ੍ਹਾਂ ਨੂੰ ਪੂੰਝਦਾ ਹੈ।
ਇਕ ਕਹਾਵਤ ਹੈ ਕਿ ਪ੍ਰਮਾਤਮਾ ਉਨ੍ਹਾਂ ਦੀ ਮੱਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹਨ।ਇਹ ਬਿਲਕੁਲ ਸੱਚ ਹੈ।ਪਰਮਾਤਮਾ ਨੇ ਤੈਨੂੰ ਬਲ ਬਖ਼ਸ਼ਿਆ ਹੈ।ਤੁਹਾਡੇ ਅੰਦਰ ਹਰ ਮੁਸੀਬਤ ਨਾਲ ਲੜਨ ਦੀ ਤਾਕਤ ਹੈ।ਉਹ ਤਾਕਤ ਹੀ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ ਤਾਂ ਜੋ ਤੁਸੀਂ ਹਰ ਮੁਸੀਬਤ ਦਾ ਸਾਹਮਣਾ ਕਰ ਸਕੋ।ਸਾਡਾ ਆਪਣੇ ਆਪ ਤੇ ਵਿਸ਼ਵਾਸ ਸੀ ਸਾਨੂੰ ਮਜ਼ਬੂਤੀ ਦਿੰਦਾ ਹੈ।ਸਵੈ ਭਰੋਸੇ ਨਾਲ ਅਸੀਂ ਕਿਸੇ ਵੀ ਮੁਸੀਬਤ ਨੂੰ ਪਾਰ ਕਰ ਜਾਂਦੇ ਹਾਂ।
ਔਖਾ ਸਮਾਂ ਵੀ ਇਨਸਾਨਾਂ ਤੇ ਹੀ ਆਉਂਦਾ ਹੈ।ਇਸ ਤੋਂ ਘਬਰਾਉਣਾ ਨਹੀਂ ਚਾਹੀਦਾ।ਗੁਰਬਾਣੀ ਵੀ ਕਹਿੰਦੀ ਹੈ
ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ
ਸਾਨੂੰ ਆਪਣੇ ਅੰਦਰ ਦੀ ਤਾਕਤ ਨੂੰ ਪਛਾਣਨ ਦੀ ਲੋੜ ਹੈ।ਮਨ ਤੋਂ ਕਮਜ਼ੋਰ ਵਿਅਕਤੀ ਵਹਿਮਾਂ ਭਰਮਾਂ ਵਿੱਚ ਫਸ ਜਾਂਦਾ ਹੈ।ਦੂਸਰੇ ਤੋਂ ਸਹਾਰੇ ਦੀ ਉਮੀਦ ਵਿੱਚੋਂ ਕੀਮਤੀ ਸਮਾਂ ਗੁਆ ਬੈਠਦਾ ਹੈ।ਜਿੰਨਾ ਅਸੀਂ ਤੀਰ ਕਰਦੇ ਹਾਂ ਓਨੀ ਹੀ ਮੁਸੀਬਤ ਵੱਡੀ ਹੁੰਦੀ ਜਾਂਦੀ ਹੈ।
ਸਰੀਰਕ ਤੌਰ ਤੇ ਅਜ਼ਮਾ ਕੇ ਦੇਖੋ ਕਿ ਆਪਣੀ ਅੱਖ ਦਾ ਹੰਝੂ ਆਪਣਾ ਹੱਥ ਹੀ ਪੂੰਝਦਾ ਹੈ।ਫਿਰ ਸਾਡੇ ਮਨ ਦੀ ਤਾਕਤ ਹੀ ਸਾਨੂੰ ਹਰ ਮੁਸੀਬਤ ਦਾ ਸਾਹਮਣਾ ਕਰਨ ਦੇ ਕਾਬਿਲ ਬਣਾਉਂਦੀ ਹੈ।ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣੇ ਅੰਦਰ ਦੀ ਉਸ ਤਾਕਤ ਨੂੰ ਪਹਿਚਾਣੀਏ।ਆਪਣੇ ਆਪ ਤੇ ਵਿਸ਼ਵਾਸ ਰੱਖੀਏ ਤੇ ਤਕੜੇ ਹੋ ਕੇ ਮੁਸੀਬਤ ਦਾ ਸਾਹਮਣਾ ਕਰੀਏ।ਸਮਾਂ ਕਦੇ ਇਕੋ ਜਿਹਾ ਨਹੀਂ ਰਹਿੰਦਾ।ਜੋ ਚੜ੍ਹਿਆ ਹੈ ਉਤਰਦਾ ਵੀ ਹੈ।ਅਖ਼ਤਰ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਹਨ।ਮਨ ਦੀ ਮਜ਼ਬੂਤੀ ਨਾਲ ਅਸੀਂ ਕਿਸੇ ਤਰ੍ਹਾਂ ਦੀ ਵੀ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ।
ਔਖੇ ਵੇਲੇ ਬਿਗਾਨੀ ਆਸ ਤੇ ਨਾ ਰਹੋ।ਆਪਣੇ ਮਨ ਦੀ ਤਾਕਤ ਨੂੰ ਪਛਾਣੋ।ਆਪਣੇ ਮਸੀਹਾ ਆਪ ਬਣੋ।ਜੇਕਰ ਤੁਸੀਂ ਆਪਣੇ ਮਨ ਦੀ ਤਾਕਤ ਨੂੰ ਪਛਾਣ ਲਉਂਗੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਕੁਡ਼ੀਆਂ ਚਿਡ਼ੀਆਂ ਨਹੀਂ ਹੁੰਦੀਆਂ
ਕੁੜੀਆਂ ਹੁਣ ਕੁੜੀਆਂ ਹੁੰਦੀਆਂ ਨੇ
ਜਿਨ੍ਹਾਂ ਦੇ ਆਪਣੇ
ਖਿਆਲ ਹੁੰਦੇ ਨੇ
ਕੁੜੀਆਂ ਹੁਣ ਕੁਡ਼ੀਆਂ ਹੁੰਦੀਆਂ ਨੇ
ਜਿਨ੍ਹਾਂ ਨੂੰ ਕਿਸੇ ਦਾ ਆਕਾਸ਼ ਨਹੀਂ ਚਾਹੀਦਾ
ਉਨ੍ਹਾਂ ਦੇ ਆਪਣੇ ਆਕਾਸ਼ ਹੁੰਦੇ ਨੇ
ਕੁੜੀਆਂ ਹੁਣ ਕੁੜੀਆਂ ਹੁੰਦੀਆਂ ਨੇ
ਉਨ੍ਹਾਂ ਨੂੰ ਨਹੀਂ ਚਾਹੀਦੇ ਸਹਾਰੇ
ਉਡਾਣ ਲਈ ਉਨ੍ਹਾਂ ਦੇ ਆਪਣੇ ਪਰਾ ਤੇ ਵਿਸ਼ਵਾਸ ਹੁੰਦੇ ਨੇ
ਕੁੜੀਆਂ ਹੁਣ ਕੁੜੀਆਂ ਹੁੰਦੀਆਂ ਨੇ
ਨਹੀ ਤੱਕਦੀਆਂ ਸਹਾਰਾ ਕਿਸੇ ਦਾ
ਬੁਲੰਦ ਹੌਸਲੇ ਉਨ੍ਹਾਂ ਦੀ ਆਵਾਜ਼ ਹੁੰਦੇ ਨੇ
ਕੁੜੀਆਂ ਹੁਣ ਕੁੜੀਆਂ ਹੁੰਦੀਆਂ ਨੇ
ਬਣਾ ਲੈਂਦੀਆਂ ਨੇ ਆਪਣੇ ਆਲ੍ਹਣੇ
ਕਾਵਾਂ ਤੋਂ ਨਹੀਂ ਡਰਦੀਆਂ
ਉਨ੍ਹਾਂ ਨੇ ਵੀ ਆਪਣੇ ਅਹਿਸਾਸ ਹੁੰਦੇ ਨੇ
ਕੁੜੀਆਂ ਹੁਣ ਕੁੜੀਆਂ ਹੁੰਦੀਆਂ ਨੇ
ਵਿਚਰਦੀਆ ਖੁੱਲ੍ਹੇ ਅਸਮਾਨਾਂ ਵਿੱਚ
ਬਿਨਾਂ ਕਿਸੇ ਤੋਂ ਡਰੇ
ਉਨ੍ਹਾਂ ਦੀ ਵੀ ਆਪਣੀ ਪਰਵਾਜ਼ ਹੁੰਦੀ ਐ
ਕੁੜੀਆਂ ਹੁਣ ਕੁੜੀਆਂ ਹੁੰਦੀਆਂ ਨੇ
ਸੀਮਤ ਨਹੀਂ ਰਹਿੰਦੀ ਆਂ ਆਲ੍ਹਣਿਆਂ ਤਕ
ਉਨ੍ਹਾਂ ਦੇ ਵੀ ਖੁੱਲ੍ਹੇ ਆਕਾਸ਼ ਹੁੰਦੇ ਨੇ
ਕੁਡ਼ੀਆਂ ਚਿਡ਼ੀਆਂ ਨਹੀਂ ਹੁੰਦੀਆਂ
ਜੋ ਤੱਕਦੀਆਂ ਨੇ ਸਹਾਰਾ
ਜੋ ਡਰਦੀਆਂ ਨੇ ਸ਼ਿਕਰਿਆਂ ਤੋਂ
ਨਿਕਲ ਚੁੱਕੀਆਂ ਨੇ ਇਨ੍ਹਾਂ ਡਰਾਂ ਚੋਂ
ਕੁੜੀਆਂ ਹੁਣ ਕੁੜੀਆਂ ਹੁੰਦੀਆਂ ਨੇ
ਆਜ਼ਾਦ ਔਰਤ ਦੀ ਗਾਥਾ
ਮੈਂ ਆਜ਼ਾਦ ਔਰਤ ਹਾਂ
ਮੇਰੇ ਲਈ ਆਜ਼ਾਦੀ
ਸਿਰਫ਼ ਕੱਪੜੇ ਪਾਉਣ ਦੀ ਆਜ਼ਾਦੀ ਨਹੀਂ
ਮੈਂ ਆਰਥਿਕ ਤੌਰ ਤੇ ਆਜ਼ਾਦ ਹਾਂ
ਮੈਂ ਮਾਨਸਿਕ ਤੌਰ ਤੇ ਆਜ਼ਾਦ ਹਾਂ
ਮੈਂ ਸਮਰੱਥਾ ਆਪਣੇ ਫ਼ੈਸਲੇ ਆਪ ਲੈਣ ਦੇ
ਮੈਂ ਆਪਣੇ ਨਾਲ ਜੁੜੇ ਸਾਰੇ ਰਿਸ਼ਤਿਆਂ ਦੀ ਕਦਰ ਕਰਦੀ ਹਾਂ
ਮੈਂ ਆਪਣੇ ਸਾਰੇ ਫ਼ਰਜ਼ ਨਿਭਾਉਂਦੀ ਹਾਂ
ਇਕ ਹੋਰ ਔਰਤ ਹੋਣ ਦੇ ਨਾਤੇ ਆਪਣੇ ਆਪ ਨੂੰ ਤੇ ਆਪਣੀ ਇੱਜ਼ਤ ਨੂੰ ਸੰਭਾਲ ਕੇ ਚੱਲਦੀ ਹਾਂ
ਮੇਰੀ ਮਰਜ਼ੀ ਤੋਂ ਬਿਨਾਂ ਕੋਈ ਮੈਨੂੰ ਕੁਝ ਨਹੀਂ ਕਹਿ ਸਕਦਾ
ਕੋਈ ਆਪਣੀ ਇੱਛਾ ਮੇਰੇ ਉੱਤੇ ਥੋਪ ਨਹੀਂ ਸਕਦਾ
ਮੈਂ ਕਦੀ ਭੜਕੀਲੇ ਕੱਪੜੇ ਨਹੀਂ ਪਾਉਂਦੀ
ਮੈਂ ਆਪਣੇ ਜਿਸਮ ਦੀ ਨੁਮਾਇਸ਼ ਕਰਨਾ ਪਸੰਦ ਨਹੀਂ ਕਰਦੀ
ਮੈਂ ਚਾਹੁੰਦੀ ਹਾਂ ਲੋਕ ਮੇਰੀ ਜ਼ਹਿਨੀਅਤ ਦੀ ਕਦਰ ਕਰਨ
ਮੈਂ ਚਾਹੁੰਦੀ ਹਾਂ ਮੇਰੇ ਹੁਨਰ ਦੀ ਕਦਰ ਹੋਵੇ
ਮੈਂ ਕਦੀ ਕਿਸੇ ਤੋਂ ਕੋਈ ਅਹਿਸਾਨ ਨਹੀਂ ਲਿਆ
ਮੈਂ ਕਦੀ ਕਿਸੇ ਨੂੰ ਖੁਸ਼ ਕਰਕੇ ਆਪਣਾ ਕੋਈ ਕੰਮ ਕਰਨ ਬਾਰੇ ਨਹੀਂ ਸੋਚਿਆ
ਅਤੇ ਨਾ ਹੀ ਕਦੀ ਸੋਚਾਂਗੀ
ਮੇਰੇ ਪੁਰਸ਼ ਮਿੱਤਰ ਹਨ
ਪਰ ਮੈਨੂੰ ਆਪਣੀ ਹੱਦ ਦਾ ਪਤਾ ਹੈ
ਮੈਂ ਕਦੇ ਵੀ ਉਸ ਸੀਮਾ ਰੇਖਾ ਨੂੰ ਪਾਰ ਨਹੀਂ ਕਰਦੀ
ਮੈਂ ਮਾਨਸਿਕ ਤੌਰ ਤੇ ਆਜ਼ਾਦ ਹਾਂ
ਮੈਂ ਆਪਣੇ ਘਰ ਦੇ ਸਾਰੇ ਕੰਮ ਕਰਦੀ ਹੈ
ਮੈਨੂੰ ਘਰ ਦੇ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ
ਜਦੋਂ ਕੋਈ ਮੇਰੇ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਹੈ ਤਾਂ ਮੈਨੂੰ ਬੁਰਾ ਲੱਗਦਾ ਹੈ
ਕੋਈ ਮੈਨੂੰ ਦੇਖ ਕੇ ਸੀਟੀ ਮਾਰਦਾ ਹੈ ਤਾਂ ਮੈਨੂੰ ਤਕਲੀਫ਼ ਹੁੰਦੀ ਹੈ
ਕੋਈ ਲਲਚਾਈਆਂ ਨਜ਼ਰਾਂ ਨਾਲ ਦੇਖ ਕੇ ਮੇਰੀ ਤਾਰੀਫ਼ ਕਰਦਾ ਹੈ ਤਾਂ ਮੈਨੂੰ ਚੁਭਦਾ ਹੈ।
ਮੈਂ ਕੋਈ ਸਮਝੌਤਾ ਕਰਕੇ ਅੱਗੇ ਵਧਣਾ ਨਹੀਂ ਚਾਹੁੰਦੀ
ਮੇਰੇ ਲਈ ਮੇਰਾ ਰੁਤਬਾ ਤੇ ਮੇਰੀ ਇੱਜ਼ਤ ਸਭ ਤੋਂ ਜ਼ਰੂਰੀ ਹਨ
ਮੈਨੂੰ ਤਰੱਕੀ ਕਰਨ ਲਈ ਕਿਸੇ ਸਹਾਰੇ ਦੀ ਲੋੜ ਨਹੀਂ
ਮੈਂ ਕਿਸੇ ਮਰਦ ਦੀ ਗੁਲਾਮੀ ਸਿਰਫ਼ ਇਸ ਗੱਲ ਲਈ ਨਹੀਂ ਕਰ ਸਕਦੀ ਕਿ ਮੈ ਉਸ ਨੂੰ ਪਿਆਰ ਕਰਦੀ ਹਾਂ
ਮੈਂ ਪਿਆਰ ਤੇ ਪ੍ਰਤਾੜਨਾ ਦੇ ਫ਼ਰਕ ਨੂੰ ਸਮਝਦੀ ਹਾਂ
ਮੈਂ ਆਪਣੀ ਸੁਰੱਖਿਆ ਆਪ ਕਰ ਸਕਦੀ ਹਾਂ
ਮੈਂ ਆਪਣੇ ਸਾਰੇ ਕੰਮ ਆਪ ਕਰਦੀ ਹਾਂ
ਮੇਰੀ ਆਜ਼ਾਦੀ ਮੇਰੇ ਅਸਤਿਤਵ ਦਾ ਹਿੱਸਾ ਹੈ
ਮੈਂ ਕਾਫ਼ੀ ਹੱਦ ਤਕ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਹਾਂ
ਪਰ ਮੈਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਸਮਰੱਥ ਹਾਂ
ਮੈਂ ਆਜ਼ਾਦ ਔਰਤ ਹਾਂ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly