(ਸਮਾਜ ਵੀਕਲੀ)
ਕੁਰਸੀ ਕੋਲ਼ੋੰ ਹੁਣ ਚੰਗੇ ਦੀ ਆਸ ਨਹੀਂ।
ਹੁੰਦਾ ਪੱਥਰਾਂ ਵਿੱਚ ਰੂਹਾਂ ਦਾ ਵਾਸ ਨਹੀਂ।
ਉੱਤੋਂ-ਉੱਤੋਂ ਲਗਦੇ ਜੀਕਣ ਸ਼ੱਕਰ ਨੇ,
ਰਹਿਬਰ ਲੋਕਾਂ ਅੰਦਰ ਉਂਝ ਮਿਠਾਸ ਨਹੀਂ।
ਤਾਜਾਂ ਵਾਲ਼ੇ ਰਾਖੀ ਕਰਦੇ ਉੱਚਿਆਂ ਦੀ,
ਸੜਕੀਂ ਬੈਠਾ ਅੰਨਦਾਤਾ ਕੀ ਖ਼ਾਸ ਨਹੀਂ?
ਕੀਹਦੇ ਕੋਲ਼ੇ ਜਾ ਕੇ ਰੋਈਏ ਗ਼ਮ ਦਿਲ ਦਾ,
ਰੱਬਾ ਸਾਡੀ ਸੁਣਦਾ ਕਿਉਂ ਅਰਦਾਸ ਨਹੀਂ?
ਤੂੰ ਤਾਂ ਸਦਾ ਰਜਾਵੇਂ ਦਿੱਲੀਏ ਰੱਜੇ ਨੂੰ,
ਮਿਹਨਤਕਸ਼ ਨੂੰ ਤੇਰੇ ‘ਤੇ ਵਿਸ਼ਵਾਸ ਨਹੀਂ।
ਸਬਰ,ਸਿਦਕ ਦੇ ਮੋਤੀ ਜਿਹਨਾਂ ਪੱਲੇ ਨੇ,
ਬਹਿੰਦੇ ਰਸਤੇ ਵਿੱਚ ਹੋ ਕੇ ਬੇਆਸ ਨਹੀਂ।
ਜੰਗ ਲੜਾਂਗੇ, ਏਹੋ ਸਿੱਖਿਆ ਵੱਡਿਆਂ ਤੋਂ,
ਜ਼ਾਲਮ ਕੋਲ਼ੋਂ ਰਹਿਮਤ ਵਾਲ਼ੀ ਆਸ ਨਹੀਂ।
‘ਭੁੱਲਰ’ ਸਾਰੇ ਪਾਸੇ ਬੇਵਿਸ਼ਵਾਸੀ ਹੈ,
ਮਿਲ਼ਦਾ ਕਿਧਰੋਂ ਰੂਹਾਂ ਨੂੰ ਧਰਵਾਸ ਨਹੀਂ।
ਸਰਬਜੀਤ ਕੌਰ ਭੁੱਲਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly