ਬੇਭਰੋਸਗੀ ਮਤਾ: ਮੀਟਿੰਗ ਲਈ ਪੁੱਜੇ ਕਾਂਗਰਸੀ ਪੁਲੀਸ ਨਾਲ ਭਿੜੇ

ਮੋਗਾ (ਸਮਾਜ ਵੀਕਲੀ):  ਅੰਮ੍ਰਿਤਸਰ ਨਗਰ ਨਿਗਮ ’ਚ ਕਰੀਬ 16 ਕਾਂਗਰਸੀ ਕੌਂਸਲਰਾਂ ਦੀ ਆਪ ’ਚ ਸ਼ਮੂਲੀਅਤ ਤੋਂ ਬਾਅਦ ਪੰਜਾਬ ’ਚ ਆਪ ਦੀ ਸਰਕਾਰ ਬਣਨ ਮਗਰੋਂ ਹੁਣ ਸ਼ਹਿਰੀ ਸੰਸਥਾਵਾਂ ਉੱਤੇ ਬੇਭਰੋਸਗੀ ਦੇ ਬੱਦਲ ਛਾ ਗਏ ਹਨ। ਧਰਮਕੋਟ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਕਥਿਤ ਸਰਕਾਰੀ ਰੋਕਾਂ ਦੇ ਬਾਵਜੂਦ ਪ੍ਰਧਾਨਗੀ ਦੀ ਕੁਰਸੀ ਬਚਾਉਣ ਵਿਚ ਕਾਮਯਾਬ ਹੋ ਗਏ। ਧਰਮਕੋਟ ਤੋਂ ਬਾਅਦ ਮੋਗਾ ਨਗਰ ਨਿਗਮ ਵਿੱਚ ਵੀ ਬੇਭਰੋਸਗੀ ਮਤਾ ਲਿਆਉਣ ਲਈ ਰਵਾਇਤੀ ਪਾਰਟੀਆਂ ਦੇ ਕੌਂਸਲਰ ਅੰਦਰ ਖਾਤੇ ਇੱਕਜੁੱਟ ਹੋ ਰਹੇ ਹਨ ਅਤੇ ਮੇਅਰ ਦੀ ਕੁਰਸੀ ’ਤੇ ਵੀ ਅੱਖ ਟਿਕ ਗਈ ਹੈ। ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ’ਬੇਭਰੋਸਗੀ’ ਮਤੇ ਉੱਤੇ ਨਗਰ ਕੌਂਸਲ ਦੀ ਮੀਟਿੰਗ ਵਿਚ ਹਿੱਸਾ ਲੈਣ ਪੁੱਜੇ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਕੌਂਸਲ ਦਾ ਗੇਟ ਬੰਦ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਸਾਬਕਾ ਵਿਧਾਇਕ ਤੇ ਹੋਰਾਂ ਦਾ ਪੁਲੀਸ ਨਾਲ ਟਕਰਾਅ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਹਾਕਮ ਧਿਰ ਦੇ ਇਸ਼ਾਰੇ ਉੱਤੇ ਨਗਰ ਕੌਂਸਲ ਦੇ ਸਮੁੱਚੇ ਸਟਾਫ ਨੂੰ ਦਫ਼ਤਰੋਂ ਬਾਹਰ ਭੇਜ ਦਿੱਤਾ ਅਤੇ ਕਾਰਵਾਈ ਰਜਿਸਟਰ ਨਹੀਂ ਦਿੱਤਾ ਗਿਆ। ਉਨ੍ਹਾਂ ਸਾਦੇ ਕਾਗਜ਼ ਉੱਤੇ ਹੀ ਕਾਰਵਾਈ ਲਿਖੀ। ਉਨ੍ਹਾਂ ਕਿਹਾ ਕਿ 11 ਮਾਰਚ ਨੂੰ ਉਸ ਵਿਰੁੱਧ ਬੇਭਰੋਸਗੀ ਮਤਾ ਕੌਂਸਲਰ ਮਨਜੀਤ ਸਿੰਘ, ਜਸਪ੍ਰੀਤ ਕੌਰ, ਹਰਦੀਪ ਕੌਰ, ਜਸਬੀਰ ਕੌਰ ਵੱਲੋਂ ਕਾਰਜਸਾਧਕ ਅਫਸਰ ਨਗਰ ਕੋਲ ਪੇਸ਼ ਕੀਤਾ ਗਿਆ ਸੀ। ਇਸ ਉੱਤੇ ਅੱਜ 16 ਮਾਰਚ ਨੂੰ ਸਵੇਰੇ 11.30 ਵਜੇ ਅਜਲਾਸ ਬੁਲਾਇਆ ਗਿਆ ਸੀ। ਬੇਭਰੋਸਗੀ ਮਤਾ ਲਿਆਉਣ ਵਾਲਾ ਕੋਈ ਵੀ ਕੌਂਸਲਰ ਮੀਟਿੰਗ ਵਿਚ ਹਾਜ਼ਰ ਨਹੀਂ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਕਿਹਾ ਕਿ ਆਪ ਦੀ ਸਰਕਾਰ ਦਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਦਫ਼ਤਰਾਂ ਵਿੱਚ ਸਰਕਾਰੀ ਮੁਲਾਜ਼ਮਾਂ ਨਾਲ ਬਦਸਲੂਕੀ ਆਦਿ ਕਾਰਨ ’ਆਪ’ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ। ਸੰਵਿਧਾਨ ਮੁਤਾਬਿਕ ਲੋਕਾਂ ਦੇ ਚੁਣੇ ਹੋਏ ਨਗਰ ਕੌਂਸਲ ਪ੍ਰਧਾਨ ਧਰਮਕੋਟ ਨੂੰ ਮੀਟਿੰਗ ਕਰਨ ਤੋਂ ਰੋਕਣਾ ਲੋਕਤੰਤਰ ਦਾ ਘਾਣ ਹੈ।

ਚੋਣਾਂ ਦੌਰਾਨ ਕਾਂਗਰਸ ਛੱਡ ਕੇ ’ਆਪ’ ਚ ਸ਼ਾਮਲ ਹੋਏ ਕੌਂਸਲਰ ਗੁਰਮੀਤ ਮੁਖੀਜਾ ਨੇ ਕਿਹਾ ਕਿ ਕਾਂਗਰਸੀਆਂ ਨੇ ਨਗਰ ਕੌਂਸਲ ਵਿਖੇ ਡਰਾਮੇੇਬਾਜ਼ੀ ਕੀਤੀ ਹੈ, ਇਹ ਡਰਾਮਾ ’ਆਪ’ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ। ’ਆਪ’ ਦਾ ਇਸ ਬੇਭਰੋਸਗੀ ਮਤੇ ਨਾਲ ਕੋਈ ਸਬੰਧ ਨਹੀਂ। ਨਗਰ ਕੌਂਸਲ ਪ੍ਰਧਾਨ ਖਿਲਾਫ ਜਿਹੜੇ ਕੌਂਸਲਰਾਂ ਨੇ ਬੇਭਰੋਸਗੀ ਦ ਮਤਾ ਪੇਸ਼ ਕੀਤਾ ਹੈ ਦਰਸਅਸਲ ਉਹ ਕਾਂਗਰਸੀ ਕੌਂਸਲਰ ਹਨ।

ਕੀ ਕਹਿੰਦੇ ਨੇ ਐਸਡੀਐਮ

ਐਸਡੀਐਮ ਧਰਮਕੋਟ ਸ੍ਰੀਮਤੀ ਚਾਰੂਮਿਤਾ ਨੇ ਕਿਹਾ ਕਿ ਨਗਰ ਕੌਂਸਲ ਦੇ ਪੰਜ ਕੌਂਸਲਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਜਾਣ ਦੇ ਹਵਾਲੇ ਨਾਲ ਬੇਭਰੋਸਗੀ ਮਤੇ ਉੱਤੇ ਅੱਜ ਰੱਖੀ ਮੀਟਿੰਗ ਰੱਦ ਕਰਨ ਲਈ ਅਰਜ਼ੀ ਦਿੱਤੀ ਸੀ ਉਨ੍ਹਾਂ ਇਸ ਉੱਤੇ ਨਗਰ ਕੌਂਸਲ ਨੂੰ ਮੀਟਿੰਗ ਕਿਸੇ ਹੋਰ ਦਿਨ ਕਰਨ ਲਈ ਪੱਤਰ ਲਿਖਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਦਸੇ ਵਿੱਚ ਦੋ ਸਕੇ ਭਰਾਵਾਂ ਸਣੇ ਤਿੰਨ ਨੌਜਵਾਨ ਹਲਾਕ
Next articleਪ੍ਰਿੰਸੀਪਲ 160 ਕਿਲੋਮੀਟਰ ਦੂਰੋਂ ਚਲਾ ਰਿਹਾ ਸਰਕਾਰੀ ਸਕੂਲ ਦਾ ਪ੍ਰਬੰਧ