ਪਟਨਾ (ਸਮਾਜ ਵੀਕਲੀ) : ਬਿਹਾਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਵਿਅਕਤੀਆਂ ਦੀ ਹੋਈ ਮੌਤ ਮਾਮਲੇ ਨੂੰ ਲੈ ਕੇ ਅੱਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਭਾਜਪਾ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ।
ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਹੰਗਾਮਾ ਕੀਤਾ। ਇਸ ਦੌਰਾਨ ਕੁਝ ਵਿਧਾਇਕ ਸਰਕਾਰ ’ਤੇ ਨਾਜ਼ਾਇਜ਼ ਸ਼ਰਾਬ ਦੀ ਵਿਕਰੀ ਰੋਕਣ ’ਚ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਵੈਲ ਵਿੱਚ ਦਾਖਲ ਹੋ ਗਏ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਾਰਨ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨਿਤੀਸ਼ ਕੁਮਾਰੇ ਗੁੱਸੇ ਵਿੱਚ ਆਪਣੀ ਕੁਰਸੀ ਤੋਂ ਉਠ ਕੇ ਭਾਜਪਾ ਵਿਧਾਇਕਾਂ ਵੱਲ ਇਸ਼ਾਰਾ ਕਰਦੇ ਕੁਝ ਕਹਿੰਦੇ ਦੇਖੇ ਗਏ। ਹੰਗਾਮੇ ਕਾਰਨ ਸਪੀਕਰ ਅਵਧ ਬਿਹਾਰੀ ਚੌਧਰੀ ਨੇ ਸਵੇਰੇ 11 ਵਜੇ ਕਾਰਵਾਈ ਸ਼ੁਰੂ ਹੋਣ ਦੇ ਅੱਧੇ ਘੰਟੇ ਦੇ ਅੰਦਰ ਹੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ।
ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਹੰਗਾਮਾ ਜਾਰੀ ਰਿਹਾ। ਭਾਜਪਾ ਮੈਂਬਰਾਂ ਨੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਪਰ ਉਦੋਂ ਉਹ ਆਪਣੀ ਕੁਰਸੀ ’ਤੇ ਨਹੀਂ ਸਨ। ਭਾਜਪਾ ਵਿਧਾਇਕ ਸਿਫਰ ਕਾਲ ਸ਼ੁਰੂ ਹੋਣ ’ਤੇ ਵਾਕਆਊਟ ਕਰ ਗਏ।
ਸਦਨ ਦੇ ਬਾਹਰ, ਵਿਰੋਧੀ ਧਿਰ ਦੇ ਨੇਤਾ ਵਿਜੈ ਕੁਮਾਰ ਸਿਨਹਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੁੱਖ ਮੰਤਰੀ ਨੂੰ ਮੌਜੂਦਾ ਕਾਰਜਕਾਲ ਸਾਡੇ (ਭਾਜਪਾ) ਕਾਰਨ ਮਿਲਿਆ ਹੈ, ਪਰ ਉਹ ਉਨ੍ਹਾਂ ਨੂੰ ਛੱਡ ਕੇ ਆਰਜੇਡੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ’ਤੇ ਉਹ ਜੰਗਲ ਰਾਜ ਦਾ ਦੋਸ਼ ਲਗਾਉਂਦੇ ਸਨ। ਉਨ੍ਹਾਂ ਦੀ ਸੰਗਤ ਵਿੱਚ ਉਨ੍ਹਾਂ ਨੇ ਉਨ੍ਹਾਂ ਦੇ ਤਰੀਕੇ ਅਪਣਾ ਲਏ ਹਨ, ਜੋ ਸਦਨ ਵਿੱਚ ਉਨ੍ਹਾਂ ਵਿਰੁੱਧ ਵਰਤੀ ਗਈ ਡਰਾਉਣੀ ਅਤੇ ਅਪਮਾਨਜਨਕ ਭਾਸ਼ਾ ਤੋਂ ਸਪੱਸ਼ਟ ਹੈ। ’’ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸੁਧਾਕਰ ਸਿੰਘ ਨੇ ਕਿਹਾ ਕਿ ਨਿਤੀਸ਼ ਕੁਮਾਰ ਨਾਲ ਸਰਕਾਰ ਚਲਾਉਣ ਵਾਲੀ ਭਾਜਪਾ ਨੂੰ ਇਸ ਮਾਮਲੇ ਵਿੱਚ ਰੌਲਾ ਪਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਪਰ ਉਨ੍ਹਾਂ ਨੇ ਇਸ ਗੱਲ ਦਾ ਸਮਰਥਨ ਕੀਤਾ ਕਿ ਬਿਹਾਰ ਵਿੱਚ ਸ਼ਰਾਬਬੰਦੀ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿੱਚ ਗਠਿਤ ਕਮਿਸ਼ਨ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਸਾਰਨ ਜ਼ਿਲ੍ਹੇ ਦੇ ਐਸਪੀ ਸੰਤੋਸ਼ ਕੁਮਾਰ ਅਨੁਸਾਰ ਮੰਗਲਵਾਰ ਰਾਤ ਨੂੰ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਈਸੂਪੁਰ ਅਤੇ ਮਸ਼ਰਕ ਥਾਣਾ ਖੇਤਰਾਂ ਵਿੱਚ ਤਿੰਨ-ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਛੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਹੈ ਅਤੇ ਰਿਪੋਰਟ ਤੋਂ ਮੌਤ ਦਾ ਅਸਲ ਕਾਰਨ ਸਪਸ਼ਟ ਹੋਵੇਗਾ। ਉਨ੍ਹਾਂ ਕਿਹਾ ਕਿ ਛੇ ਹੋਰ ਲੋਕ ਬਿਮਾਰ ਹੋਏ ਹਨ ਜੋ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ 17 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 5 ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly