ਨਿਹੰਗ ਕਹਾਵੈ ਸੋ ਪੁਰਸ਼………………..

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

ਪਿਛਲੇ ਦਿਨੀਂ ਪਟਿਆਲੇ ਵਿਚ ਨਿਹੰਗ ਸਿੰਘਾਂ ਅਤੇ ਪੰਜਾਬ ਪੁਲਿਸ ਵਿਚ ਇੱਕ ਝੜਪ ਹੋ ਗਈ ਸੀ ਜਿਸ ਦੇ ਸਿੱਟੇ ਵਜੋਂ ਪੁਲਿਸ ਦੇ ਇੱਕ ਏ.ਐਸ.ਆਈ ਦਾ ਹੱਥ ਵੱਢਿਆ ਗਿਆ ਸੀ।ਇਸ ਘਟਨਾ ਤੋਂ ਬਾਅਦ ਪੰਜਾਬ ਦੀ ਸਰਕਾਰੀ ਧਿਰ ਅਤੇ ਮੀਡੀਏ ਵੱਲੋਂ ਜਿਥੇ ਪੰਜਾਬ ਪੁਲਿਸ ਨਾਲ ਹਮਦਰਦੀ ਦਾ ਪ੍ਰਗਟਾਵਾ ਤੇ ਅਜੋਕੇ ਸਮੇਂ ਨਿਭਾਈ ਜਾ ਰਹੀ ਡਿਊਟੀ ਦੀ ਰੱਜਵੀਂ ਪ੍ਰਸ਼ੰਸਾ ਕੀਤੀ ਗਈ ਉਥੇ ਕੁੱਝ ਕੁ ਅਖ਼ਬਾਰ ਵਿਚ ਛਪੇ ਲੇਖਾਂ ਵਿਚ ‘ਤਾੜੀ ਦੋਵਾਂ ਹੱਥਾਂ ਨਾਲ ਵੱਜਣ’ ਦੇ ਸਿਧਾਂਤ ਮੁਤਾਬਿਕ ਨਿਹੰਗ ਸਿੰਘਾਂ ਦਾ ਪੱਖ ਵੀ ਪੁੂਰਿਆ ਗਿਆ ਹੈ।ਵਿਅਕਤੀਗਤ ਰੂਪ ਵਿਚ ਕਿਸੇ ਵਿਅਕਤੀ ਵਿਸ਼ੇਸ਼ ਵਿਚ ਇੱਕ ਜਾ ਇੱਕ ਤੋਂ ਵੱਧ ਕਾਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਪਰ ਇੱਕ ਜਥੇਬੰਦਕ ਰੂਪ ਵਿਚ ਨਿਹੰਗ ਸਿੰਘਾਂ ਦਾ ਇੱਕ ਮਾਣ-ਮੱਤਾ ਅਤੇ ਸ਼ਾਨਦਾਰ ਇਤਿਹਾਸ ਰਿਹਾ ਹੈ।

ਪੇਸ਼ ਹੈ ਗੁਰੂ ਕੀ ਇਸ ਲਾਡਲੀ ਫ਼ੌਜ ਦਾ ਇਤਿਹਾਸਕ ਪਿਛੋਕੜ- . 1708 ਈ.ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖ਼ਸ਼ ਕੇ ਜਿਥੇ ਪੰਥ ਨੂੰ ਸਦੀਵੀ ਤੌਰ ‘ਤੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜ ਦਿੱਤਾ ਹੈ ਉਥੇ ਨਾਲ ਹੀ ਇਸ (ਪੰਥ) ਦੀ ਚੜ੍ਹਦੀਕਲਾ ਲਈ (ਆਪਣੇ ਵਿਸ਼ੇਸ਼ ਥਾਪੜੇ ਨਾਲ) ਕੁੱਝ ਕੁ ਜਥੇਬੰਦੀਆਂ/ਸੰਪ੍ਰਦਾਵਾਂ ਦੀ ਸਥਾਪਨਾ ਵੀ ਕੀਤੀ ਹੈ।ਇਨ੍ਹਾਂ ਜਥੇਬੰਦੀਆਂ ਵਿਚੋਂ ਹੀ ਇੱਕ ਸਿਰਕੱਢਵੀਂ ਜਥੇਬੰਦੀ ਹੈ ਨਿਹੰਗ ਸਿੰਘਾਂ ਦੀ ਹੈ ਜਿਸ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਨਿਹੰਗ ਸਿੰਘ ਸਿੱਖ ਪੰਥ ਦਾ ਅਨਿੱਖੜਵਾਂ ਅਤੇ ਅਹਿਮ ਅੰਗ ਹਨ।ਬਾਣੀ ਅਤੇ ਬਾਣੇ ਨਾਲ ਜੁੜੇ ਹੋਣ ਕਰਕੇ ਇਨ੍ਹਾਂ ਦੀ ਇੱਕ ਅੱਡਰੀ ਅਤੇ ਵਿਲੱਖਣ ਪਹਿਚਾਣ ਹੈ।ਪੁਰਾਤਨ ਜੰਗੀ ਸਰੂਪ ਅਤੇ ਆਚਾਰ-ਵਿਹਾਰ ਨੂੰ ਸੰਭਾਲਣ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਨਿਹੰਗ ਸ਼ਬਦ ਫ਼ਾਰਸੀ ਭਾਸ਼ਾ ਵਿਚੋਂ ਲਿਆ ਗਿਆ ਹੈ ਜਿਸ ਦੇ ਅਰਥ ਹਨ-

ਖੜਗ,ਤਲਵਾਰ,ਕਲਮ,ਮਗਰਮੱਛ,ਘੜਿਆਲ,ਘੋੜਾ,ਦਲੇਰ,ਨਿਰਲੇਪ,ਆਤਮ ਗਿਆਨੀ ਜਿਸ ਨੂੰ ਮੌਤ ਦਾ ਭੈਅ ਨਾ ਹੋਵੇ।ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਿਹੰਗ ਸਿੰਘਾਂ ਦੀ ਨਿਰਭੈਅਤਾ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਅੰਗ 392 ਉਪਰ ਇਸ ਤਰ੍ਹਾਂ ਫ਼ੁਰਮਾਉਂਦੇ ਹਨ:- ਨਿਰਭਉ ਹੋਇਓ ਭਇਆ ਨਿਹੰਗਾ॥ . ਆਪਣੀ ਚਰਚਿਤ ਰਚਨਾ ‘ਚੰਡੀ ਦੀ ਵਾਰ’ ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ:- ਪਹਿਲਾਂ ਦਲਾਂ ਮਿਲੰਦਿਆਂ,ਭੇੜ ਪਿਆ ਨਿਹੰਗਾਂ॥ ਪੰਥ ਦੇ ਪ੍ਰਸਿੱਧ ਲਿਖਾਰੀ ਭਾਈ ਰਤਨ ਸਿੰਘ ਭੰਗੂ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਨਿਹੰਗ ਸਿੰਘਾਂ ਦਾ ਜਿਕਰ ਇਸ ਤਰ੍ਹਾਂ ਕਰਦੇ ਹਨ:- ਨਿਹੰਗ ਕਹਾਵੈ ਸੋ ਪੁਰਸ਼,ਦੁਖ ਸੁਖ ਮੰਨੇ ਨਾ ਅੰਗ। ‘ਮਹਾਨ ਕੋਸ਼’ ਦੇ ਪੰਨਾ ਨੰਬਰ 704 ਉਪਰ ਨਿਹੰਗ ਸਿੰਘਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ:- ‘ਨਿਹੰਗ ਸਿੰਘ,ਸਿੰਘਾਂ ਦਾ ਇੱਕ ਫਿਰਕਾ ਹੈ,ਜੋ ਸੀਸ ‘ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ,ਤੋੜਾ,ਕਿਰਪਾਨ,ਖੰਡਾ,ਗਜਗਾਹ ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ।’

ਪੰਥ ਦੀ ਸ਼ਸਤਰਧਾਰੀ ਧਿਰ ਨਿਹੰਗ ਸਿੰਘਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇੱਕ ਅਕਾਲ (ਵਹਿਗੁਰੂ) ਦੇ ਪੁਜਾਰੀ ਹਨ ਅਤੇ ਅਕਾਲ-ਅਕਾਲ ਜਪਦੇ ਹਨ।ਇਨ੍ਹਾਂ ਦੇ ਵਿਲੱਖਣ ਸਰੂਪ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਪ੍ਰਚਲਿਤ ਹਨ।ਜੇਕਰ ‘ਮਾਲਵਾ ਇਤਹਾਸ’ ਦੇ ਸਫ਼ਾ ਨੰਬਰ 436 ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਸਫ਼ਾ ਕਹਿੰਦਾ ਹੈ ਕਿ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ੍ਹ ਵਿਚ ਨਜ਼ਰਬੰਦ ਕੀਤੇ ਗਏ ਸਨ ਤਾਂ ਉਸ ਵਕਤ ਗੁਰੂ ਨਾਨਕ ਨਾਮ-ਲੇਵਾ ਸੰਗਤ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਗੁਰੂ-ਦਰਸ਼ਨਾਂ ਲਈ ਕਿਲੇ੍ਹ ਵੱਲ ਜਾਇਆ ਕਰਦੀ ਸੀ।

ਬਾਬਾ ਬੁੱਢਾ ਜੀ ਨਿਸ਼ਾਨ ਸਾਹਿਬ ਲੈ ਕੇ ਸੰਗਤ ਦੇ ਅੱਗੇ-ਅੱਗੇ ਚੱਲਿਆ ਕਰਦੇ ਸਨ।ਬਾਬਾ ਜੀ ਦੀ ਇਸ ਪਿਆਰ ਅਤੇ ਦੀਦਾਰ ਭਾਵਨਾ ਤੋਂ ਖੁਸ਼ ਹੋ ਕਿ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ‘ਬਾਬਾ ਜੀ ਕੁੱਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰੇਗਾ।’ ਇੱਕ ਹੋਰ ਧਾਰਨਾ ਅਨੁਸਾਰ ਇਕ ਵਾਰ ਸਾਹਿਬਜ਼ਾਦਾ ਫ਼ਤਿਹ ਸਿੰਘ ਸੀਸ ‘ਤੇ ਦੁਮਾਲਾ ਸਜਾ ਕੇ ਕਲਗੀਧਰ ਪਾਤਸ਼ਾਹ ਦੇ ਸਨਮੁੱਖ ਹੋਏ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ। ਇੱਕ ਵਿਚਾਰ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ (ਉੱਚ ਦਾ ਪੀਰ ਬਣ ਕੇ) ਚੱਲਣ ਸਮੇਂ ਜਿਹੜਾ ਨੀਲਾ ਬਾਣਾ ਧਾਰਨ ਕੀਤਾ ਸੀ ਜਦੋਂ ਉਸ ਨੂੰ ਅੱਗ ਵਿਚ ਸਾੜਿਆ ਗਿਆ ਤਾਂ ਉਸ ਦੀ ਇੱਕ ਲੀਰ ਭਾਈ ਮਾਨ ਸਿੰਘ ਨੇ ਆਪਣੀ ਦਸਤਾਰ ਵਿਚ ਸਜਾ ਲਈ ਸੀ ਜਿਸ ਤੋਂ ਨਿਹੰਗ ਸਿੰਘਾਂ ਦੇ ਬਾਣੇ ਦੀ ਆਰੰਭਤਾ ਮੰਨੀ ਜਾਂਦੀ ਹੈ।

ਜਦੋਂ ਮੁਗਲਾਂ ਨੇ ਖ਼ਾਲਸਾ ਪੰਥ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦਾ ਅਤਿਆਚਾਰੀ ਹੀਲਾ-ਵਸੀਲਾ ਵਰਤਣਾ ਸ਼ੁਰੂ ਕੀਤਾ ਤਾਂ ਉਸ ਸੰਕਟਕਾਲੀ ਸਥਿਤੀ ਦਾ ਟਾਕਰਾ ਕਰਨ ਲਈ ਖ਼ਾਲਸਾ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਲੱਗਾ।ਇਸ ਟਾਕਰੇ ਲਈ ਉਸ (ਖ਼ਾਲਸੇ) ਨੇ ਵੱਧ ਤੋਂ ਵੱਧ ਸ਼ਸਤਰ ਰੱਖਣ ਦੇ ਨਾਲ-ਨਾਲ ਆਪਣੀ ਵੱਖਰੀ ਵਰਦੀ ਵੀ ਧਾਰਨ ਕਰ ਲਈ ਜਿਸ ਵਿਚ ਨੀਲੇ ਰੰਗ ਦਾ ਲੰਮਾ ਚੋਲਾ,ਲੱਕ ਨੂੰ ਕਮਰਕੱਸਾ,ਗੋਡਿਆਂ ਤੱਕ ਕਛਹਿਰਾ,ਸਿਰ ‘ਤੇ ਉੱਚੀ ਦਸਤਾਰ ਤੇ ਉਸ ਦੁਆਲੇ ਚੱਕਰ ਸਜਾਉਣਾ ਸ਼ਾਮਿਲ ਹੈ।ਇਸ ਤਰ੍ਹਾਂ ਸ਼ਸਤਰ ਅਤੇ ਬਸਤਰ (ਨਿਹੰਗੀ ਬਾਣੇ) ਦਾ ਧਾਰਨੀ ਹੋ ਕੇ ਖ਼ਾਲਸਾ ਅਕਾਲ ਪੁਰਖ ਦੀ ਫੌਜ ਦੇ ਰੂਪ ਵਿਚ ਮੈਦਾਨ-ਏ-ਜੰਗ ਵਿਚ ਨਿੱਤਰਦਾ ਰਿਹਾ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਭਾਜੜਾਂ ਪਾਉਂਦਾ ਰਿਹਾ ਹੈ।

ਸਿੱਖ ਧਰਮ ਦੀ ਪਰੰਪਰਾ ਅਤੇ ਗੁਰ-ਮਰਯਾਦਾ ਨੂੰ ਕਾਇਮ ਰੱਖਣ ਅਤੇ ਗੁਰਧਾਮਾਂ ਦੀ ਸੇਵਾ-ਸੰਭਾਲ ਹਿੱਤ ਨਿਹੰਗ ਸਿੰਘ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਲੋੜ ਪੈਣ ‘ਤੇ ਕੁਰਬਾਨੀਆਂ ਵੀ ਕੀਤੀਆਂ ਹਨ।ਨਿਹੰਗ ਸਿੰਘਾਂ ਵਿਚ ਉਹ ਸਾਰੀਆਂ ਖ਼ੂਬੀਆਂ ਮਿਲਦੀਆਂ ਸਨ,ਜਿੰਨ੍ਹਾਂ ਨੂੰ ਕਲਗੀਧਰ ਪਿਤਾ ਪਿਆਰਦੇ ਅਤੇ ਸਤਿਕਾਰਦੇ ਸਨ।ਇਨ੍ਹਾਂ ਖ਼ੂਬੀਆਂ ਕਾਰਨ ਹੀ ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ iਖ਼ਤਾਬ ਮਿਲਿਆ ਹੋਇਆ ਹੈ। ਪੰਜ ਸ਼ਸਤਰ ਨਿਹੰਗ ਸਿੰਘਾਂ ਨੂੰ ਜਾਨ ਤੋਂ ਵੀ ਪਿਆਰੇ ਹਨ ਜਿੰਨ੍ਹਾਂ ਵਿੱਚ ਕਿਰਪਾਨ,ਖੰਡਾ,ਬਾਘ ਨਖਾ,ਤੀਰ-ਕਮਾਨ ਅਤੇ ਚੱਕਰ।

ਇਹ ਸਾਰੇ ਨਿੱਕੇ ਅਕਾਰ ਦੇ ਹੁੰਦੇ ਹਨ ਅਤੇ ਨਿਹੰਗ ਸਿੰਘ ਇਨ੍ਹਾਂ ਨੂੰ ਦੁਮਾਲੇ ਵਿਚ ਸਜਾ ਕੇ ਰੱਖਦੇ ਹਨ। . ਸਿੱਖ ਫੌਜਾਂ ਵਿਚ ਵੱਡੀ ਤਦਾਦ ਨਿਹੰਗ ਸਿੰਘਾਂ ਦੀ ਹੀ ਹੁੰਦੀ ਸੀ।ਇਨ੍ਹਾਂ ਦੇ ਕਿਰਦਾਰ ਦਾ ਇੱਕ ਤਸੱਲੀਬਖ਼ਸ਼ ਪੱਖ ਇਹ ਵੀ ਰਿਹਾ ਹੈ ਕਿ ਜਦੋਂ ਇਹ ਜੈਕਾਰੇ ਗਜਾਉਂਦੇ ਕਿਸੇ ਨਗਰ-ਖੇੜੇ ਵਿਚ ਪੈਰ ਪਾਉਂਦੇ ਤਾਂ ਲੋਕ ਆਪ ਮੁਹਾਰੇ ਹੀ ਆਪਣੀਆਂ ਨੂੰਹਾਂ-ਧੀਆਂ ਨੂੰ ਕਹਿ ਦਿੰਦੇ ਸਨ:- ‘ਆਏ ਨੀ ਨਿਹੰਗ,ਬੂਹੇ ਖੋਲ੍ਹ ਦੇ ਨਿਸੰਗ।’ . ਉੱਚੇ ਅਤੇ ਸੁੱਚੇ ਕਿਰਦਾਰ ਦੇ ਮਾਲਕ ਨਿਹੰਗ ਸਿੰਘ ਬਹੁਤ ਹੀ ਭਜਨੀਕ,ਸੂਰਬੀਰ,ਨਿਰਭੈ,ਨਿਰਵੈਰ ਅਤੇ ਕਹਿਣੀ-ਕਰਨੀ ਦੇ ਧਨੀ ਹੋਏ ਹਨ।ਸਿੱਖ ਵਿਸ਼ਵਾਸ ਅਤੇ ਇਤਿਹਾਸ ਨੂੰ ਮਾਣ-ਮੱਤਾ ਬਣਾਉਣ ਵਿਚ ਇਨ੍ਹਾਂ ਦੀ ਭੂਮਿਕਾ ਹਾਂ-ਪੱਖੀ ਰਹੀ ਹੈ।

ਲੰਮੇ ਸਮੇਂ ਤੋਂ ਕਈ ਸ਼ਹੀਦੀ ਸਥਾਨਾਂ ਅਤੇ ਡੇਰਿਆਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਹੰਗ ਸਿੰਘਾਂ ਵੱਲੋਂ ਨਿਭਾਈ ਜਾ ਰਹੀ ਹੈ।ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ। ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਵਿਸਾਖੀ,ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਿਵਾਲੀ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਨਿਹੰਗ ਸਿੰਘਾਂ ਦੀ ਭਰਪੂਰ ਅਤੇ ਮਸ਼ਹੂਰ ਹਾਜ਼ਰੀ ਵਾਲੇ ਤਿਉਹਾਰ ਹਨ।ਹੋਲੇ-ਮਹੱਲੇ ਦੇ ਰੰਗ ਤਾਂ ਨਿਹੰਗ ਸਿੰਘਾਂ ਦੀ ਹਾਜ਼ਰੀ ਤੋਂ ਬਗ਼ੈਰ ਉੱਘੜਦੇ ਹੀ ਨਹੀਂ ਹਨ। ਸਰਬ-ਲੋਹ ਦੇ ਬਰਤਨਾਂ ਅਤੇ ਘੋੜਿਆਂ ਨਾਲ ਨਿਹੰਗ ਸਿੰਘਾਂ ਨੂੰ ਵਿਸ਼ੇਸ਼ ਪ੍ਰੇਮ ਹੁੰਦਾ ਹੈ।ਇਸ ਤੋਂ ਇਲਾਵਾ ਇਹ ਸ਼ਸਤਰਾਂ ਨੂੰ ਵੀ ਅੰਗ ਲਗਾ ਕੇ ਰੱਖਦੇ ਹਨ।

ਨਿਹੰਗ ਸਿੰਘਾਂ ਦੀ ਬੋਲ-ਬਾਣੀ ਵੀ ਵਿਲੱਖਣ ਅਤੇ ਰੋਚਿਕਤਾ ਭਰਪੂਰ ਹੁੰਦੀ ਹੈ।ਘਾਟੇਵੰਦੀ ਸਥਿਤੀ ਨੂੰ ਲਾਹੇਵੰਦੀ ਨਜ਼ਰ ਨਾਲ ਦੇਖਣਾ ਇਸ ਬੋਲ-ਬਾਣੀ ਦਾ ਅਹਿਮ ਪੱਖ ਰਿਹਾ ਹੈ।ਇਸੇ ਕਰਕੇ ਹੀ ਇਸ ਬੋਲ-ਬਾਣੀ ਨੂੰ ‘ਗੜਗੱਜ ਬੋਲਿਆਂ’ ਦਾ ਨਾਮ ਦਿੱਤਾ ਜਾਂਦਾ ਹੈ।ਇਨ੍ਹਾਂ ਬੋਲਿਆਂ ਤਹਿਤ ਇੱਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣ ਦੰਗ ਰਹਿ ਜਾਂਦੇ ਸਨ ਅਤੇ ਮੈਦਾਨ ਛੱਡ ਜਾਂਦੇ ਸਨ। ਅਜੋਕੇ ਸਮੇਂ ਵੀ ਨਿਹੰਗ ਸਿੰਘਾਂ ਦੇ ਕਈ ਦਲ ਮੌਜ਼ੂਦ ਹਨ ਜੋ ਵੱਖਰਤਾਮਕ ਲੀਹਾਂ ਦੇ ਪਾਂਧੀ ਹੋਣ ਕਰਕੇ ਕਈ ਤਰ੍ਹਾਂ ਦੀ ਅਲੋਚਨਾਵਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।

ਰਮੇਸ਼ ਬੱਗਾ ਚੋਹਲਾ

#1348/17/1

ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬ:9463132719

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਸਲਾਮੀ ਜਗਤ ਵਿਚ ਸਤਿਕਾਰਯੋਗ ਸਥਾਨ ਰੱਖਣ ਵਾਲੇ ਪੈਗ਼ੰਬਰ: ਹਜ਼ਰਤ ਮੁਹੰਮਦ ਸਾਹਿਬ ਜੀ
Next articleਅਣਖੀਲਾ ਸੂਰਮਾ:-ਸ.ਜੱਸਾ ਸਿੰਘ ਆਹਲੂਵਾਲੀਆ