ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”
(ਸਮਾਜ ਵੀਕਲੀ) ਪਲ-ਪਲ ਨਾਲ ਬਦਲਦੇ ਪਲਾਂ ਦੀ ਰਫਤਾਰ ਸਦਕਾ ਦਿਨ,ਮਹੀਨੇ , ਸਾਲਾਂ ਅਤੇ ਸਦੀਆਂ ਦਾ ਬਦਲ ਜਾਣਾ ਕੋਈ ਹੈਰਾਨੀ ਦਾ ਸਬੱਬ ਨਹੀਂ। ਹਰ ਵਰ੍ਹੇ. ਨਵੇਂ ਵਰ੍ਹੇ ਦੀ ਤਾਜਪੋਸ਼ੀ ਬੜੇ ਚਾਵਾਂ ,ਸੱਧਰਾਂ,ਖੁਸ਼ੀਆਂ ਤੇ ਰੰਗ ਬਿਰੰਗੇ ਜਸ਼ਨਾਂ ਨਾਲ ਬਚਪਨ,ਜਵਾਨੀ ਤੇ ਬੁਢਾਪੇ ਦੇ ਤਿੰਨੋ ਰੰਗਾਂ ਦੁਆਰਾ ਕੀਤੀ ਜਾਂਦੀ ਹੈ।ਆਪਣਿਆਂ,ਬਿਗਾਨਿਆਂ ਤੇ ਅਜਨਬੀਆਂ ਨੂੰ ਆਪੋ ਆਪਣੇ ਅੰਦਾਜ ਰਾਹੀਂ “ਨਵਾਂ ਸਾਲ ਮੁਬਾਰਕ” ਆਖਣ ਦਾ ਪ੍ਰਚਲਣ ਵੀ ਮਨੁੱਖੀ ਰਿਸ਼ਤਿਆਂ,ਸਮਾਜਿਕ ਸਬੰਧਾਂ ਅਤੇ ਮੋਹ ਪਿਆਰ ਦੀਆਂ ਤੰਦਾਂ ਵਿੱਚ ਸਾਰਥਕ ਰੰਗ ਭਰਦਾ ਹੈ।
ਜਿੰਦਗੀ ਨੂੰ ਜੀਣ,ਖੁਸ਼ੀਆਂ ਨੂੰ ਮਾਨਣ ਦਾ ਅਹਿਸਾਸ ਭਰਦਾ ਹੈ ਹਰੇਕ “ਨਵਾਂ ਸਾਲ”।ਨਿੱਜ ਨੂੰ ਤਿਆਗਣ,ਅੰਤਰੀਵ ਤੋਂ ਬਾਹਰ ਵੱਲ ਨੂੰ ਝਾਕਣ,ਦੂਜਿਆਂ ਦੀਆਂ ਹਨੇਰ ਜਿੰਦਗੀਆ ਨੂੰ ਰੁਸਨਾਉਣ ਦੇ ਸੰਕਲਪ,ਸਮਾਜ,ਦੇਸ਼ ,ਦੁਨੀਆਂ ਵਿੱਚ ਹਾਂ ਪੱਖੀ ਪਰਿਵਰਤਣਾਂ ਦੇ ਮਨਸੂਬਿਆਂ ਦੀ ਯਥਾਰਕਤਾ ਹਿੱਤ ਯਤਨਾਂ ਵਿੱਚ ਤੇਜੀ ਲਿਆਉਣ ਵਾਸਤੇ ਪ੍ਰੇਰਨਾਵਾਂ ਦਾ ਸ੍ਰੋਤ ਹੁੰਦਾ ਹੈ ਹਰੇਕ “ਨਵਾਂ ਵਰ੍ਹਾ”।
ਧਰਤ ਗ੍ਰਹਿ ‘ਤੇ ਉਪਜੇ ਜੀਵਾਂ ਵਿੱਚ ਸਭਤੋਂ ਸ਼੍ਰੇਸ਼ਟ ਮਨੁੱਖ ਵਾਸਤੇ ਜਰੂਰੀ ਤੇ ਲਾਜਮੀ ਹੋ ਜਾਦਾ ਹੈ ਕਿ ਸਭਨਾਂ ਨੂੰ ਸਭਨਾਂ ਦੀ ਖੈਰੀਅਤ ਵਾਸਤੇ ਨਵੇਂ ਵਰ੍ਹੇ ਦੀ ਖੁਸ਼ਆਮਦੀਦ ਕਰਨ ਹਿੱਤ ਰਚਨਹਾਰੇ ਨੂੰ ਮਨ ਮਸਤਕ ਵਿੱਚ ਧਿਆਉਦਿਆ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ,ਬੀਤੇ ਪਲਾਂ,ਦਿਨਾਂ ਮਹੀਨਿਆਂ ਤੇ ਸਾਲਾਂ ਦੇ ਰੋਸਿਆਂ,ਪਛਤਾਵਿਆ,ਭੁੱਲਾਂ ਤੇ ਗਲਤੀਆਂ ਨੂੰ ਮਨੋ ਵਿਸਾਰਨ ਦਾ ਸੰਕਲਪ ,ਨਿਵੇਕਲੇ,ਅਦਭੁਤ,ਸਲਾਹੁਣਯੋਗ,ਸਾਰਥਕ ਅਤੇ ਸਭਨਾਂ ਦੇ ਮਨਾਂ ਨੂੰ ਅਸੀਮ ਖੁਸ਼ੀਆਂ ਵੰਡਣ ਵਾਲੇ ਕਾਰਜਾਂ ਨੂੰ ਵਿੱਢਣਾ ,ਟੁੱਟਿਆਂ ਸੰਗ ਜੁੜ ਬੈਠਣਾ,ਉੱਚਿਆਂ ਸੰਗ ਨੀਵੇਂ ਤੇ ਨੀਵਿਆਂ ਤੋਂ ਨੀਵੇਂ ਬਣ ਕੇ ਵਿਚਰਨ ਦੇ ਖਿਆਲਾਂ ਨੂੰ ਹਾਂ ਪੱਖੀ ਹੁਲਾਰਾ ਦੇਣਾ,ਮਾਨਵਤਾ ਦੇ ਦੁੱਖ ਦਰਦਾਂ ਨੂੰ ਭਾਪਦਿਆਂ ਦੂਜਿਆਂ ਦੇ ਹਿਰਦਿਆਂ ਨੂੰ ਠਾਰਨ ਦੇ ਮਨੋਭਾਵ ਉਸਾਰਨਾ,ਚੌਗਿਰਦੇ ਵਿੱਚ ਫੈਲੀਆ ਕੁਰੀਤੀਆਂ ਖਿਲਾਫ ਜੂਝਦੇ ਮਨੁੱਖੀ ਮੁਜੱਸਮਿਆਂ ਦੀ ਸੁਰ ਨਾਲ ਸੁਰ ਮਿਲਾਉਣਾ,ਗੰਧਲੇ ਹੋ ਰਹੇ ਪਾਣੀਆਂ ਤੇ ਹਵਾਵਾਂ ਪ੍ਰਤੀ ਚਿੰਤਾਮਈ ਵਿਚਾਰਾਂ ਨੂੰ ਤੂਲ ਦਿੰਦਿਆਂ“ਵਾਤਾਵਰਨ ਪ੍ਰੇਮੀ” ਬਨਣ ਦੀਆਂ ਚੇਸ਼ਟਾਵਾਂ ਦੇ ਵਿਸਥਾਰ ਦਾ ਤਹੱਈਆ ਕਰਨਾ,ਧਰਤ ਗ੍ਰਹਿ ਤੇ ਨਿੱਤ ਪ੍ਰਤੀ ਦਿਨ ਵਧ ਰਹੀ ਅਬਾਦੀ ਬਾਰੇ ਲੁਕਾਈ ਵਿੱਚ ਚੇਤਨਤਾ ਫੈਲਾਉਣਾ,ਪਦਾਰਥਵਾਦੀ ਪਹੁੰਚ ਨੂੰ ਨਕਾਰਦਿਆਂ ਮਾਇਆ ਦੇ ਅੰਬਾਰਾਂ ਦਾ ਸਮਾਜੀ ਹਿੱਤਾਂ ਵਿੱਚ ਨਿਵੇਸ਼ ਕਰਨਾ, ਨਸ਼ਿਆਂ ਦੇ ਪ੍ਰਚਲਣ ਨਾਲ ਨੌਜਵਾਨੀ ਦੀ ਹੋ ਰਹੀ ਨਸਲਕੁਸ਼ੀ ਨੂੰ ਠੱਲਣਾ, ਵਿਦੇਸ਼ਾਂ ਵੱਲ ਹੋ ਰਹੇ ਗਭਰੇਟਾਂ ਦੇ ਪਲਾਇਨ ਦੀ ਤੀਬਰ ਗਤੀ ਨੂੰ ਮੱਧਮ ਕਰਨ ਦੇ ਉਪਰਾਲਿਆ ਵਿੱਚ ਮਗਨ ਹੋ ਜਾਣਾ ਵੀ ਨਵੇਂ ਸਾਲ ਦੀ ਨਿਵੇਕਲੀ ਤਾਜਪੋਸ਼ੀ ਹੋਵੇਗਾ।
ਨਵੇਂ ਸਾਲ ਨੂੰ ਮੁਬਾਰਕਵਾਦ ਆਖਦਿਆਂ ਸਾਨੂੰ ਸੰਕਲਪ ਕਰਨਾ ਚਹੀਦਾ ਹੈ ਕਿ ਅਸੀਂ ਪੰਜਾਬੀ ਵਿਰਸੇ,ਸੱਭਿਆਚਾਰ ਤੇ ਕਦਰਾਂ ਕੀਮਤਾਂ ਵਿੱਚ ਆ ਰਹੇ ਨਿਘਾਰ ਪ੍ਰਤੀ ਮੰਥਨ ਕਰੀਏ ।“ਸਿੱਖਇਜਮ” ਦੇ ਯਥਾਰਥਕ ਸਿੱਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ,ਦਿਨ- ਬ -ਦਿਨ ਬੱਚਿਆਂ,ਔਰਤਾਂ ਬਜੁਰਗਾਂ ਤੇ ਹੋ ਰਹੇ ਮਾਨਸਿਕ,ਸਰੀਰਕ,ਅਤੇ ਆਰਥਿਕ ਸ਼ੋਸਣਾਂ ਖਿਲਾਫ ਵਿਚਾਰਾਂ ਦੀ ਜੰਗ ਛੇੜਨਾਂ,ਮਨੁੱਖਤਾ ਦੇ ਦੁੱਖ ,ਦਲਿਦਰਾਂ ,ਬਿਮਾਰੀਆਂ’ਤੇ ਹਮਦਰਦੀਪੂਰਨ ਰਵੱਈਆ ਅਖਤਿਆਰ ਕਰਨਾ,ਕਾਲਾਬਜਾਰੀ,ਰਿਸ਼ਵਤਖੋਰੀ,ਭ੍ਰਿਸ਼ਟਾਚਾਰ,ਭਾਈਭਤੀਜਾਵਾਦ,ਰੰਗ,ਨਸਲ,ਜਾਤੀ,ਦੇਸ਼,ਵਿਦੇਸ਼,ਪ੍ਰਾਤਾਂ,ਬੋਲੀਆਂ ਦੇ ਵਖਰੇਵਿਆਂ ਸਦਕਾ ਦਿਲਾਂ ਵਿੱਚ ਪਨਪਦੇ ਈਰਖਾ,ਸਾੜੇ ,ਵੈਰ,ਵਿਰੋਧਾਂ ਤੇ ਨਫਰਤਾਂ ਦੇ ਨਾਕਾਰਤਾਮਕ ਖਿਆਲਾਂ,ਵਿਚਾਰਾਂ ਤੇ ਮਨੋਭਾਵਾਂ ਨੂੰ ਤਿਲਾਂਜਲੀ ਦੇਣ ਦਾ ਅਹਿਦ ,ਇਕੱਲਿਆਂ ਦੀ ਬਜਾਇ ਸਭਨਾਂ ਸੰਗ ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ ਹਾਸਿਆਂ ਨੂੰ ਹੱਸਣਾ,ਭਾਈਚਾਰੇ ਦੀਆਂ ਤੰਦਾਂ ਨੂੰ ਪੀਡੀਆਂ ਕਰਨ ਦੀਆਂ ਕੋਸ਼ਿਸਾਂ ਵਿੱਚ ਮਸ਼ਰੂਫ ਹੋਣਾ,ਨੇਕ ਕਮਾਈ ਦੇ ਦਸਵੰਦ ਨੂੰ ਧਾਰਮਿਕ ਸਥਾਨਾਂ ਦੀ ਬਜਾਇ ਸਕੂਲਾਂ,ਕਾਲਜਾਂ ,ਲਾਇਬੇਰੀਆਂ ਨੂੰ ਦਾਨ ਕਰਨ ਦੀ ਪ੍ਰਥਾ ਦਾ ਅਗਾਜ ਕਰਨਾ ਭਾਵ ਕਿ “ਪੇ ਬੈਕ ਟੂ ਸੁਸਾਇਟੀ” ਵਰਗੇ ਵਿਸ਼ਾਲ ਤੇ ਮਨੁੱਖਤਾ ਪੱਖੀ ਬਹੁ ਸੰਕਲਪਾਂ ਨੂੰ ਪੂਰਾ ਕਰਨ ਦੇ ਪ੍ਰਣ ਅਤੇ ਅਹਿਦ ਨਿਸ਼ਚਿਤ ਰੂਪ ਵਿੱਚ ਨਵੇਂ ਵਰ੍ਹੇ ਦੀ ਅਸਲ ਤਾਜਪੋਸ਼ੀ ਹੋਣਗੇ।
ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”
9/97,ਪੁਰਾਣੀ ਮੰਡੀ, ਮੰਡੀ ਮੁੱਲਾਂਪੁਰ
ਸੰਪਰਕ:94646-01001
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj