(ਸਮਾਜ ਵੀਕਲੀ)
ਨਵੇਂ ਸਾਲ ਦੇ ਸੂਰਜਾ, ਰੁੱਸ ਕੇ ਨਾ ਜਾ ਦੂਰ।
ਘੁੰਡ ਚੁੱਕ ਮੁੱਖ ਵਿਖਾ ਦੇ,ਕਰ ਦੇ ਨੂਰੋ-ਨੂਰ।
ਜੋ ਤੇਰੇ ‘ਤੇ ਲਾਈਆਂ ,ਆਸਾਂ ਨੂੰ ਪਾ ਬੂਰ।
ਮਿਲੇ ਨਵੀਂ ਜੇ ਊਰਜਾ,ਆਲਸ ਹੋਵੇ ਚੂਰ।
ਨਿੱਘ ਧੁੱਪ ਦਾ ਵੰਡ ਕੇ,ਠੰਢ ਦਾ ਤੋੜ ਗ਼ਰੂਰ।
ਸਿਰ ‘ਨ੍ਹੇਰੇ ਦਾ ਕੁਚਲ ਕੇ, ਕਰ ਦੇ ਚਕਨਾਚੂਰ।
ਨਵੇਂ ਸਾਲ ਦੇ ਵਿੱਚ ਰਹੇ ,ਭੁੱਖਾ ਨਾ ਮਜ਼ਦੂਰ।
ਤਨ ਦੀ ਚਰਬੀ ਢਾਲ ਵੀ ,ਹੋਵੇ ਨਾ ਮਜਬੂਰ।
ਬਖ਼ਸ਼ ਖ਼ੁਸ਼ੀ ਹਰ ਬਸ਼ਰ ਨੂੰ, ਹਰ ਚਿਹਰੇ ਨੂੰ ਨੂਰ।
ਫ਼ਸਲਾਂ ਨੱਚਣ ਖੇਤ ਵਿੱਚ ,ਝੂਮਣ ਰੁੱਖ ਜ਼ਰੂਰ।
ਜਵਾਨੀ ਤੁਰੇ ਬਾਹਰ ਨਾ, ਭਰ ਪੂਰਾਂ ਦੇ ਪੂਰ।
ਬੁੱਢੇ ਮਾਂ ਬਾਪ ਦੇ ਨਾ,ਹਾਸੇ ਹੋਣ ਕਫੂਰ।
ਕਰ ਅਪਰੇਸ਼ਨ ਕੱਢੀਏ, ਨਫ਼ਰਤ ਦਾ ਨਾਸੂਰ।
ਪਾਈਏ ਗੰਢ ਪ੍ਰੇਮ ਦੀ,ਦਿਲ ਨੂੰ ਚੜ੍ਹੇ ਸਰੂਰ।
ਅਮਰਜੀਤ ਕੌਰ ਮੋਰਿੰਡਾ