ਠੱਗੀਆਂ ਮਾਰਨ ਦੇ ਨਵੇਂ ਨਵੇਂ ਢੰਗ ਤਰੀਕੇ

(ਸਮਾਜ ਵੀਕਲੀ)

ਵਕਤ ਬਦਲਿਆ ਲੋਕ ਬਦਲੇ,ਲੋਕਾਂ ਦਾ ਰਹਿਣ ਸਹਿਣ ਬਦਲਿਆ ਅਤੇ ਨਾਲ ਹੀ ਬਦਲਿਆ ਠੱਗੀਆਂ ਮਾਰਨ ਦਾ ਦੌਰ।ਇਹ ਸੱਚ ਹੈ ਕਿ ਚੋਰ ਆਮ ਲੋਕਾਂ ਨਾਲੋਂ ਤਾਂ ਕੀ ਬੁੱਧੀਮਾਨ ਲੋਕਾਂ ਨਾਲੋਂ ਵੀ ਵਧੇਰੇ ਦਿਮਾਗੀ ਹੁੰਦਾ ਹੈ।ਰੋਜ਼ ਕੋਈ ਨਵੀਂ ਤਰ੍ਹਾਂ ਦੀ ਠੱਗੀ ਦਾ ਤਰੀਕਾ ਸਾਹਮਣੇ ਆ ਜਾਂਦਾ ਹੈ।ਆਮ ਬੰਦਾ ਕਿੱਥੋਂ ਕਿੱਥੋਂ ਅਤੇ ਕਿਵੇਂ ਬਚੇ,ਇਹ ਵੱਡੀ ਸਮੱਸਿਆ ਬਣ ਗਈ ਹੈ।ਹਾਲਾਤ ਇਹ ਹਨ ਕਿ ਨਾ ਬੰਦਾ ਘਰਾਂ ਵਿੱਚ ਸੁਰੱਖਿਅਤ ਹੈ ਅਤੇ ਨਾ ਬਾਹਰ।ਹਰ ਵੇਲੇ ਮਾਨਸਿਕ ਦਬਾਅ ਬਣਿਆ ਰਹਿੰਦਾ ਹੈ ਕਿ ਕੁੱਝ ਕਿੱਧਰੇ ਗਲਤ ਨਾ ਹੋ ਜਾਵੇ। ਕਿੱਧਰ ਨੂੰ ਅਸੀਂ ਜਾ ਰਹੇ ਹਾਂ ਸਮਝੋਂ ਬਾਹਰ ਹੈ। ਪਹਿਲਾਂ ਫੋਨ ਆਉਂਦਾ ਸੀ ਕਿ ਮੈਂ ਬੈਂਕ ਤੋਂ ਬੋਲ ਰਿਹਾ ਹਾਂ,ਤੁਹਾਡਾ ਖਾਤਾ ਬੰਦ ਹੋ ਜਾਏਗਾ,ਆਧਾਰ ਕਾਰਡ ਦੀ ਫੋਟੋ ਭੇਜੋ।ਮੇਰੇ ਨਾਲ ਨਿੱਜੀ ਤੌਰ ਤੇ ਹੋਇਆ।

ਮੈਨੂੰ ਕਹਿਣ ਲੱਗਾ ਤੁਹਾਡਾ ਏ ਟੀ ਐਮ ਕਾਰਡ ਐਕਸਪਾਇਰ ਹੋ ਗਿਆ ਹੈ,ਆਧਾਰ ਕਾਰਡ ਦੀ ਫੋਟੋ ਜਲਦੀ ਭੇਜੋ,ਨਹੀਂ ਤਾਂ ਤੁਹਾਡਾ ਅਕਾਊਂਟ ਬੰਦ ਹੋ ਜਾਏਗਾ।ਮੈਨੂੰ ਗੱਲ ਹਜ਼ਮ ਨਾ ਹੋਈ।ਮੈਂ ਕਿਹਾ,”ਠੀਕ ਹੈ ਮੈਂ ਬਰਾਂਚ ਜਾਕੇ ਪੁੱਛਦੀ ਹਾਂ।”ਮੈਨੂੰ ਉਸਨੇ ਗੁੱਸੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ।ਮੈਨੂੰ ਬੜੀ ਹੈਰਾਨੀ ਹੋਈ।ਅਖੀਰ ਮੈਂ ਉਸਨੂੰ ਕਿਹਾ ਕਿ ਖਾਤੇ ਦਾ ਅਤੇ ਏ ਟੀ ਐਮ ਕਾਰਡ ਦੀ ਜੇ ਸਮੱਸਿਆ ਹੈ ਤਾਂ ਠੀਕ ਹੈ ਖਾਤਾ ਬੰਦ ਕਰ ਦਿਉ।ਅਸੀਂ ਫੇਰ ਖੁਲਵਾ ਲਵਾਂਗੇ।ਮੈਂ ਫੋਨ ਬੰਦ ਕਰ ਦਿੱਤਾ। ਫੇਰ ਫੋਨ ਆ ਗਿਆ ਅਤੇ ਗੁੱਸੇ ਵਿੱਚ ਹੀ ਬੋਲਣ ਲੱਗ ਪਿਆ।ਮੈਂ ਅੱਗੋਂ ਗੁੱਸੇ ਵਿੱਚ ਬੋਲੀ ਅਤੇ ਗਾਲਾਂ ਕੱਢੀਆਂ ਅਤੇ ਸ਼ਕਾਇਤ ਕਰਨ ਦੀ ਗੱਲ ਕਹੀ ਤਾਂ ਫੋਨ ਬੰਦ ਕਰ ਗਿਆ।ਅਸੀਂ ਬੈਂਕ ਜਾਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬਹੁਤ ਲੋਕਾਂ ਦੇ ਪੈਸੇ ਇਵੇਂ ਨਿਕਲ ਚੁੱਕੇ ਹਨ।ਹੁਣ ਤਾਂ ਹਕੀਕਤ ਵਿੱਚ ਵੀ ਬੈਂਕ ਤੋਂ ਬੋਲ ਰਹੇ ਹੋਣ ਤਾਂ ਕਹਿ ਦੇਂਦੇ ਹਾਂ ਕਿ ਸਵੇਰੇ ਆਕੇ ਮਿਲਦੇ ਹਾਂ।

ਮਹੀਨਾ ਡੇਢ ਮਹੀਨਾ ਹੋਇਆ ਫੋਨ ਆਇਆ ਭੂਆ ਜੀ ਸਤਿ ਸ੍ਰੀ ਅਕਾਲ।ਮੈਂ ਜਵਾਬ ਤਾਂ ਦਿੱਤਾ ਪਰ ਆਵਾਜ਼ ਦੀ ਕੋਈ ਸਮਝ ਜਿਹੀ ਨਾ ਆਵੇ।ਮੈਨੂੰ ਵਾਰ ਵਾਰ ਕਹੇ ਪਹਿਚਾਣੋ, ਪਹਿਚਾਣੋ।ਮੈਂ ਕੁੱਝ ਲਿਖ ਰਹੀ ਸੀ।ਮੈਂ ਕਿਹਾ ਮੈਂ ਕੋਈ ਕੰਮ ਕਰ ਰਹੀ ਹਾਂ ਤੂੰ ਦੱਸ ਦੇ,ਮੈਨੂੰ ਤਾਂ ਪਹਿਚਾਣ ਨਹੀਂ ਆ ਰਹੀ।ਮੈਨੂੰ ਉਸਦੀ ਪੰਜਾਬੀ ਤਾਂ ਠੀਕ ਲੱਗੀ ਪਰ ਜਿੱਥੇ ਜਿੱਥੇ ਸਾਡੀਆਂ ਰਿਸ਼ਤੇਦਾਰੀਆਂ ਨੇ,ਉਸ ਇਲਾਕੇ ਦੀ ਬੋਲੀ ਨਾ ਲੱਗੀ। ਜਦੋਂ ਤੂੰ ਆਪਣਾ ਨਾਮ ਦੱਸਣਾ ਹੋਇਆ ਫੋਨ ਕਰ ਲਈ,ਇਹ ਕਹਿਕੇ ਮੈਂ ਫੋਨ ਬੰਦ ਕਰ ਦਿੱਤਾ।ਅੱਗਲੇ ਹੀ ਦਿਨ ਮੈਂ ਸੋਸ਼ਲ ਮੀਡੀਆ ਤੇ ਇਸ ਬਾਰੇ ਸੁਣ ਲਿਆ।ਥੋੜ੍ਹੇ ਦਿਨ ਪਹਿਲਾਂ ਫੇਰ ਫੋਨ ਆ ਗਿਆ।ਭੈਣ ਜੀ ਸਤਿ ਸ੍ਰੀ ਅਕਾਲ ਤੇ ਫੇਰ ਪਹਿਚਾਣ ਵਾਲੀ ਗੱਲ ਸ਼ੁਰੂ ਹੋ ਗਈ।ਮੈਂ ਫੇਰ ਸਖ਼ਤ ਜਿਹਾ ਜਵਾਬ ਦਿੱਤਾ ਅਤੇ ਨੰਬਰ ਬਲੌਕ ਕਰ ਦਿੱਤਾ।ਨਾਲ ਹੀ ਲਾਟਰੀ ਨਿਕਲੀ ਦੀ ਲੁੱਟ ਵਾਲਾ ਕੰਮ ਚੱਲ ਪਿਆ।ਆਮ ਬੰਦੇ ਨੂੰ ਤਾਂ ਰੋਜ਼ ਨਵੀਂ ਲੁੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਿਮਾਗ਼ ਦੀ ਕੋਈ ਘਾਟ ਨਹੀਂ ਪਰ ਲਗਾ ਗਲਤ ਪਾਸੇ ਰਹੇ ਨੇ।ਅਸਲ ਵਿੱਚ ਹੁਣ ਚੋਰੀਆਂ ਡਾਕੇ ਅਤੇ ਲੁੱਟਾਂ ਖੋਹਾਂ ਦੇ ਤਰੀਕੇ ਵੀ ਸਮੇਂ ਦੇ ਨਾਲ ਬਦਲ ਗਏ ਹਨ।ਪੜ੍ਹੇ ਲਿਖੇ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹਨ।ਬਹੁਤ ਸਾਰੀ ਜਾਣਕਾਰੀ ਉਨ੍ਹਾਂ ਕੋਲ ਹੈ,ਪੈਸੇ ਕਮਾਉਣ ਦੀ ਵਿਉਂਤ ਅਤੇ ਢੰਗ ਤਰੀਕੇ ਲੱਭ ਲੈਂਦੇ ਹਨ।ਉਨ੍ਹਾਂ ਨੂੰ ਪੈਸੇ ਨਾਲ ਮਤਲਬ ਹੈ,ਗਲਤ ਠੀਕ ਕੋਈ ਮਾਇਨੇ ਨਹੀਂ ਰੱਖਦਾ।ਲੋਕਾਂ ਨੂੰ ਵਾਰ ਵਾਰ ਕਿਹਾ ਜਾਂਦਾ ਹੈ ਕਿ ਠੱਗੀਆਂ ਤੋਂ ਬਚੋ।ਪਰ ਲੋਕਾਂ ਦੇ ਦਿਮਾਗ਼ ਵਿੱਚ ਅਜੇ ਪਹਿਲੀ ਠੱਗੀ ਵਾਲੀ ਗੱਲ ਬੈਠਦੀ ਹੈ ਤਾਂ ਨਾਲ ਹੀ ਨਵੀਂ ਠੱਗੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।ਪਰ ਸੋਚਣ ਵਾਲੀ ਅਤੇ ਸਮਝਣ ਵਾਲੀ ਗੱਲ ਹੈ ਕਿ ਦਿਮਾਗ਼ ਲੋਕਾਂ ਦੀ ਘਾਟ ਨਹੀਂ ਪਰ ਸਹੀ ਜਗ੍ਹਾ ਤੇ ਤਰੀਕੇ ਨਾਲ ਵਰਤਿਆ ਨਹੀਂ ਜਾ ਰਿਹਾ। ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਫੇਲ ਹੀ ਹੋਈਆਂ ਹਨ ਅਤੇ ਇਹ ਉਸਦੇ ਨਤੀਜੇ ਹਨ।ਜੇਕਰ ਇੰਨਾਂ ਨੂੰ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਨਤੀਜੇ ਹੈਰਾਨ ਕਰਨ ਵਾਲੇ ਹੋਣ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਦਲਾਅ ਕੁਦਰਤ ਦਾ ਨਿਯਮ ਹੈ।ਸਮੇਂ ਦੇ ਨਾਲ ਬਦਲਣਾ ਵੀ ਜ਼ਰੂਰੀ ਹੈ।ਸ਼ਾਇਦ ਇਸ ਬਦਲਾਅ ਨੇ ਹੀ ਠੱਗੀਆਂ ਮਾਰਨ ਦੇ ਤੌਰ ਤਰੀਕੇ ਵੀ ਆਧੁਨਿਕ ਕਰ ਦਿੱਤੇ।ਜਿਵੇਂ ਸਾਰਾ ਕੁੱਝ ਤੇਜ਼ੀ ਨਾਲ ਬਦਲ ਰਿਹਾ ਹੈ ਉਵੇਂ ਹੀ ਠੱਗੀਆਂ ਮਾਰਨ ਦੇ ਤਰੀਕੇ ਵੀ ਤੇਜ਼ੀ ਨਾਲ ਬਦਲ ਰਹੇ ਹਨ।ਪਰ ਸਰਕਾਰਾਂ ਨੂੰ ਰੁਜ਼ਗਾਰ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਨੌਜਵਾਨ ਇਵੇਂ ਦੇ ਰਾਹ ਨਾ ਚੁਣਨ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ 9815030221

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleScuffle between cops, transgender activists near Mamata’s residence
Next articleਨਹਿਰੂ ਯੁਵਾ ਕੇਂਦਰ ਵੱਲੋਂ PGIMER ਘਾਬਦਾਂ ਵਿਖੇ ਸਵੱਛ ਭਾਰਤ ਅਭਿਆਨ ਦਾ ਪ੍ਰੋਗਰਾਮ ਕਰਵਾਇਆ ਗਿਆ।