ਇਸਲਾਮਾਬਾਦ (ਸਮਾਜ ਵੀਕਲੀ): ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੂੰ ਸੱਤਾ ਤੋਂ ਬਾਹਰ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਨਵਾਂ ਆਗੂ ਚੁਣਨ ਦਾ ਅਮਲ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਕੌਮੀ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਦੌਰਾਨ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਮੁਲਕ ਦੀ ਸਾਂਝੀ ਵਿਰੋਧੀ ਧਿਰ, ਜੋ ਸੋਸ਼ਲਿਸਟ, ਲਿਬਰਲ ਤੇ ਕੱਟੜਵਾਦੀ ਧਾਰਮਿਕ ਪਾਰਟੀਆਂ ਦਾ ਗੱਠਜੋੜ ਹੈ, ਨੇ 70 ਸਾਲਾ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ ਜਦੋਂਕਿ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਉਨ੍ਹਾਂ ਦੇ ਮੁਕਾਬਲੇ ਵਿੱਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਮਰਾਨ ਖ਼ਾਨ ਦੇ ਜਾਨਸ਼ੀਨ ਦੀ ਚੋਣ ਸੋਮਵਾਰ ਨੂੰ ਕੌਮੀ ਅਸੈਂਬਲੀ ਵਿੱਚ ਹੋਵੇਗੀ। ਇਸ ਦੌਰਾਨ ਕੌਮੀ ਅਸੈਂਬਲੀ ਸਕੱਤਰੇਤ ਨੇ ਪੀਟੀਆਈ ਵੱਲੋਂ ਦਾਇਰ ਇਤਰਾਜ਼ਾਂ ਨੂੰ ਖਾਰਜ ਕਰਦਿਆਂ ਸ਼ਾਹਬਾਜ਼ ਤੇ ਉਸ ਦੇ ਰਵਾਇਤੀ ਵਿਰੋਧੀ ਕੁਰੈਸ਼ੀ ਨੂੰ ਭਲਕੇ ਚੋਣ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਚੋਣ ਅਮਲ ਪੂਰਾ ਕਰਨ ਲਈ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਨਵਾਂ ਪ੍ਰਧਾਨ ਮੰਤਰੀ ਬਣਨ ਲਈ ਉਮੀਦਵਾਰ ਨੂੰ 342 ਮੈਂਬਰੀ ਅਸੈਂਬਲੀ ਵਿੱਚ 172 ਵੋਟਾਂ ਲੋੜੀਂਦੀਆਂ ਹਨ। ਦੇਸ਼ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਨੂੰ ਵੇਖਦਿਆਂ ਸ਼ਾਹਬਾਜ਼ ਸ਼ਰੀਫ਼ ਦੇ ਸਦਨ ਦਾ ਨਵਾਂ ਆਗੂ ਚੁਣੇ ਜਾਣ ਦੇ ਆਸਾਰ ਹਨ। ਹਾਲਾਂਕਿ ਸ਼ਰੀਫ਼ ਲਈ ਗੱਠਜੋੜ ਦੇ ਮੈਂਬਰਾਂ, ਜਿਨ੍ਹਾਂ ਵਿੱਚ ਚਾਰ ਆਜ਼ਾਦ ਉਮੀਦਵਾਰ ਵੀ ਹਨ, ਨੂੰ ਸੰਭਾਲ ਕੇ ਰੱਖਣਾ ਤੇ ਨਾਲ ਤੋਰਨਾ ਅਸਲ ਚੁਣੌਤੀ ਹੋਵੇਗੀ। ਮੌਜੂਦਾ ਕੌਮੀ ਅਸੈਂਬਲੀ ਦੀ ਮਿਆਦ ਅਗਲੇ ਸਾਲ ਅਗਸਤ ਵਿੱਚ ਖ਼ਤਮ ਹੋਣੀ ਹੈ।
ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਕੌਮੀ ਅਸੈਂਬਲੀ ਨੂੰ ਆਪਣੇ ਸੰਬੋਧਨ ਵਿੱਚ ‘ਸੰਵਿਧਾਨ ਲਈ’ ਖੜ੍ਹਨ ਵਾਲਿਆਂ ਦਾ ‘ਵਿਸ਼ੇਸ਼ ਧੰਨਵਾਦ’ ਕੀਤਾ। ਉਨ੍ਹਾਂ ਕਿਹਾ, ‘‘ਮੈਂ ਬੀਤੇ ਦੀ ਕੜਵਾਹਟ ਵਿੱਚ ਨਹੀਂ ਪੈਣਾ ਚਾਹੁੰਦਾ। ਅਸੀਂ ਉਸ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਹਾਂ। ਅਸੀਂ ਕੋਈ ਬਦਲਾ ਨਹੀਂ ਲਵਾਂਗੇ ਤੇ ਨਾ ਹੀ ਕੋਈ ਅਨਿਆਂ ਕਰਾਂਗੇ। ਅਸੀਂ ਬੇਵਜ੍ਹਾ ਲੋਕਾਂ ਨੂੰ ਜੇਲ੍ਹ ਵੀ ਨਹੀਂ ਭੇਜਾਂਗੇ, ਜੋ ਕੁਝ ਹੋਵੇਗਾ ਉਹ ਕਾਨੂੰਨ ਤੇ ਨਿਆਂਇਕ ਪ੍ਰਕਿਰਿਆ ਤਹਿਤ ਹੋਵੇਗਾ।’’ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਕੋ-ਚੇਅਰ ਆਸਿਫ਼ ਅਲੀ ਜ਼ਰਦਾਰੀ ਨੇ ਸਾਂਝੀ ਵਿਰੋਧੀ ਧਿਰ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸ਼ਾਹਬਾਜ਼ ਦੇ ਨਾਂ ਦੀ ਤਜਵੀਜ਼ ਰੱਖੀ। ਪੀਐੱਮਐੱਲ-ਐੱਨ ਦੇ ਸੀਨੀਅਰ ਆਗੂਆਂ ਖ਼ਵਾਜਾ ਆਸਿਫ਼ ਤੇ ਰਾਣਾ ਤਨਵੀਰ ਨੇ ਸ਼ਾਹਬਾਜ਼ ਦੇ ਨਾਂ ਦੀ ਤਾਈਦ ਕੀਤੀ। ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ਦੇ ਆਸਾਰ ਹਨ।
ਉਧਰ ਮੀਡੀਆ ਰਿਪੋਰਟਾਂ ਮੁਤਾਬਕ ਬੇਵਿਸਾਹੀ ਮਤੇ ਦਾ ਸਾਹਮਣਾ ਕਰਨ ਦਰਮਿਆਨ ਇਮਰਾਨ ਖ਼ਾਨ ਨੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਨ੍ਹਾਂ ਦੀ ਥਾਂ ਕਿਸੇ ਅਜਿਹੇ ਸ਼ਖ਼ਸ ਨੂੰ ਲਾਇਜਾ ਜਾ ਸਕੇ, ਜੋ ਉਨ੍ਹਾਂ ਦੇ ‘ਵਿਦੇਸ਼ੀ ਸਾਜ਼ਿਸ਼’ ਦੇ ਵਿਚਾਰ ਨਾਲ ਹਮਦਰਦੀ ਰੱਖਣ ਦੇ ਨਾਲ ਇਸ ਦੀ ਹਮਾਇਤ ਕਰਦਾ ਹੋਵੇ। ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਸ਼ਨਿੱਚਰਵਾਰ ਰਾਤ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਹਿਸ਼ ’ਤੇ ‘ਦੋ ਬਿਨ-ਬੁਲਾੲੇ ਮਹਿਮਾਨ’ ਪੁੱਜੇ ਸਨ, ਜਿਨ੍ਹਾਂ ਖ਼ਾਨ ਨਾਲ ਪੌਣਾ ਘੰਟੇ ਦੇ ਕਰੀਬ ਇਕੱਲਿਆਂ ਵਿੱਚ ਮੀਟਿੰਗ ਕੀਤੀ। ਰਿਪੋਰਟ ਮੁਤਾਬਕ ਇਸ ਮੀਟਿੰਗ ਬਾਰੇ ਭਾਵੇਂ ਕੋਈ ਵੇਰਵੇ ਨਹੀਂ ਦਿੱਤੇ ਗਏ, ਪਰ ਮੀਟਿੰਗ ਦੋਸਤਾਨਾ ਮਾਹੌਲ ਵਿੱਚ ਨਹੀਂ ਹੋਈ।
ਰਿਪੋਰਟ ਵਿੱਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨੇ ਘੰਟਾ ਕੁ ਪਹਿਲਾਂ ਉਨ੍ਹਾਂ ਨੂੰ ਮਿਲਣ ਲਈ ਆ ਰਹੇ ਉੱਚ ਅਧਿਕਾਰੀਆਂ ’ਚੋਂ ਇਕ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ। ਇਮਰਾਨ ਨੂੰ ਹੈਲੀਕਾਪਟਰ ਦੀ ਉਡੀਕ ਸੀ, ਪਰ ਜਿਹੜਾ ਮਹਿਮਾਨ ਇਸ ’ਤੇ ਆਇਆ, ਉਹ ਉਨ੍ਹਾਂ ਦੀ ਉਮੀਦ ਤੇ ਅਨੁਮਾਨਾਂ ਤੋਂ ਪਰੇ ਸੀ।’’ ਖਾਨ ਨੂੰ ਉਮੀਦ ਸੀ ਕਿ ਹੈਲੀਕਾਪਟਰ ‘ਨਵੇਂ ਨਿਯੁਕਤ ਕੀਤੇ ਅਧਿਕਾਰੀ’ ਨੂੰ ਲੈ ਕੇ ਆਏਗਾ, ਜਿਸ ਦੇ ਆਉਂਦੇ ਸਾਰ ਸਮੁੱਚਾ ਸਿਆਸੀ ਘੜਮੱਸ ਮੁੱਕ ਜਾਵੇਗਾ। ਇਮਰਾਨ ਦੀ ‘ਬਦਲਾਅ’ ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ ਕਿਉਂਕਿ ਰੱਖਿਆ ਮੰਤਰਾਲੇ ਨੇ ਨਵੀਂ ਨਿਯੁਕਤੀ ਬਾਰੇ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕੀਤਾ।
ਬੀਬੀਸੀ ਨੇ ਇਸ ‘ਅਣਸੱਦੇ ਮਹਿਮਾਨ’ ਦੀ ਪਛਾਣ ਨਹੀਂ ਦੱਸੀ, ਪਰ ਰਿਪੋਰਟ ’ਚ ਵਰਤੇ ਸ਼ਬਦਾਂ, ਤਰੀਕੇ ਤੇ ਲਹਿਜੇ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਉਹ ਜਨਰਲ ਬਾਜਵਾ ਤੇ ਆਈਐੱਸਆਈ ਮੁਖੀ ਲੈਫਟੀਨੈਂਟ ਨਦੀਮ ਅਹਿਮਦ ਅੰਜੁਮ ਹੋ ਸਕਦੇ ਸਨ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਸਿਜ਼ ਪਬਲਿਕ ਰਿਲੇਸ਼ਨਜ਼ ਨੇ ਬੀਬੀਸੀ ਉਰਦੂ ਦੇ ਮਜਮੂਨ ਨੂੰ ਖਾਰਜ ਕਰਦਿਆਂ ਇਸ ਨੂੰ ‘ਪੂਰੀ ਤਰ੍ਹਾਂ ਬੇਬੁਨਿਆਦ ਤੇ ਝੂਠ’ ਕਰਾਰ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly