(ਸਮਾਜ ਵੀਕਲੀ) “ਸੁਣਾ ਕੋਈ ਖ਼ਬਰ, ਆਈ ਆ ਨਵੀਂ ਤਾਜ਼ੀ ਭਤੀਜ,” ਤਾਏ ਬਖਤੌਰੇ ਨੇ ਸੱਥ ਚ’ ਬੋਹੜ ਥੱਲੇ ਬਣੇ ਥੜੇ ਨਾਲ ਖੂੰਡਾ ਲਾ, ਮੋਢੇ ਤੋਂ ਪਰਨਾ ਲਾਹ ਕੇ ਥੜੇ ਨੂੰ
ਝਾੜਦੇ ਹੋਏ ਨੇ ਗੱਜੂ ਕੇ ਬਿੱਕਰ ਨੂੰ ਕਿਹਾ। “ਆ ਤਾਇਆ ਬੈਠ, ਮੈਂ ਵੀ ਹੁਣੇ ਪੜ੍ਹਨ ਲੱਗਿਆ, ਅਜੇ
ਤਾਂ ਖੋਲ੍ਹਿਆ ਆ ਅਖ਼ਬਾਰ, ਸੁਣਾ ਦਿੰਨੇ ਆ ਤੈਨੂੰ ਕੋਈ ਨਵੀਂ ਤਾਜ਼ੀ ਖ਼ਬਰ”। ਬਿੱਕਰ ਨੇ ਅਖ਼ਬਾਰ ਦੀ
ਤਹਿ ਖੋਲ੍ਹੀ , “ਲ਼ੈ ਸੁਣ? ਚਿੱਟੇ ਨੇ ਦੋ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਲੈ ਲਈਆਂ ਤੇ ਤਸਕਰਾਂ ਕੋਲੋਂ ਭਾਰੀ ਨਸ਼ਿਆਂ ਦੀ ਖੇਪ ਫੜੀ ਗਈ। ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ। ਤਾਇਆ ਤੈਨੂੰ ਮੋਟੀਆਂ ਮੋਟੀਆਂ ਦੋ ਤਿੰਨ ਖਬਰਾਂ ਸੁਣਾ ਦਿੱਤੀਆਂ ਹੁਣ ਤੂੰ ਇਹਨਾਂ ਦਾ ਤਿਸਕਰਾ ਕਰ,”( ਭਾਵ ਆਪਣੇ ਵਿਚਾਰ ਦੱਸ) ਬਿੱਕਰ ਨੇ ਤਾਏ ਵੱਲ ਝਾਕ ਅਖ਼ਬਾਰ ਨੂੰ ਕੱਠਾ ਕਰਦੇ ਹੋਏ ਨੇ ਮੁਸਕਰਾ ਕੇ ਕਿਹਾ। “ਭਤੀਜ ਕਾਹਦੇ ਤਿਸਕਰੇ, ਕਿਹੜੀਆਂ ਵਿਚਾਰਾਂ ਅੱਗੇ ਅਫੀਮ ਭੁੱਕੀ ਵਰਗੇ ਰਵਾਇਤੀ ਨਸ਼ੇ ਸੀ।
ਉਹ ਖਾ ਕੇ ਬੰਦਾ ਕੰਮ ਕਰਦਾ ਤੇ
ਬਿਮਾਰੀ ਖਮਾਰੀ ਤੋਂ ਬਚਿਆ ਰਹਿੰਦਾ। ਜਿਹੜੇ ਹੁਣ ਕੈਮੀਕਲ ਤੇ ਚਿੱਟੇ ਵਰਗੇ ਨਸ਼ੇ ਚੱਲੇ ਆ ਇਹ ਖਾ ਕੇ ਤਾਂ ਬੰਦਾ ਮਾੜੀਆਂ ਵਾਰਦਾਤਾਂ ਕਰਦਾ। ਸਾਰੇ ਪਵਾੜੇ ਦੀ ਜੜ੍ਹ ਇਹ ਨਸ਼ੇ ਹਨ। ਜੇ ਇਹ ਬੰਦ ਹੋ ਜਾਣ ਤਾਂ ਸਭ ਦੁਰਘਟਨਾਵਾਂ ਬੰਦ ਹੋ ਜਾਣਗੀਆਂ। ਭਤੀਜ ਸਰਕਾਰਾਂ ਨੂੰ ਇਹ ਨਸ਼ੇ ਬੰਦ ਕਰਨੇ ਚਾਹੀਦੇ ਆ। ਜੋ ਮਾੜਾ ਮੋਟਾ ਖਾਂਦੇ ਆ ਸਰਕਾਰਾਂ ਉਹਨਾਂ ਨੂੰ ਫੜਦੀਆਂ। ਜਿੱਥੋਂ ਆਉਂਦਾ ਉਧਰ ਝਾਕਦੀਆਂ ਨੀ। ਜੇ ਬਾਂਸ ਈ ਵੱਢ ਦਿੱਤਾ ਜਾਵੇ ਤਾਂ ਬੰਸਰੀ ਆਪਣੇ ਆਪ ਵੱਜਣੋ ਹੱਟ ਜਾਊ।
ਸਿਆਣੇ ਕਹਿੰਦੇ ਆ ਬਈ ਚੋਰ ਨਾ ਮਰੇ ਚੋਰ ਦੀ ਮਾਂ ਮਰੇ, ਹੋਰ ਨਾ ਜੰਮੇ। ਪਰ ਇਹਨਾਂ ਨੂੰ ” ਕੌਣ ਕਹੇ ਰਾਣੀ ਅੱਗਾ ਢੱਕ”, ਤਾਏ ਨੇ ਖੰਘੂਰਾ ਮਾਰ ਮੁੱਛਾਂ ਸਾਫ਼ ਕਰਦੇ ਹੋਏ ਨੇ ਸਰਕਾਰਾਂ ਤੇ ਕਾਫੀ ਗ਼ਿਲਾ ਸ਼ਿਕਵਾ ਜ਼ਾਹਰ ਕੀਤਾ। ਨਸ਼ਿਆਂ ਦੇ ਵਿਰੁੱਧ ਸਰਕਾਰਾਂ ਨੂੰ ਕੋਸਿਆ। ਬਿੱਕਰ ਨੇ ਕਿਹਾ “ਤਾਇਆ ਗੱਲ ਤਾਂ ਤੇਰੀ ਠੀਕ ਆ। ਪਰ ਇਹ ਗੱਲਾਂ ਸਿਰਫ਼ ਆਪਣੇ ਤੱਕ ਰਹਿ ਜਾਂਦੀਆਂ ਸਾਡੇ ਲੀਡਰਾਂ ਦਾ ਮਤਲਬ ਵੋਟਾਂ ਤੱਕ ਆ। ਉਹਨਾਂ ਨੂੰ ਕੀ “ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ”। “ਚੱਲ ਭਤੀਜ! ਕੋਈ ਕੰਮ ਦੀ ਗੱਲ ਸੁਣਾ” ਇਹ ਸੁਣ ਬਿੱਕਰ ਫੇਰ ਅਖ਼ਬਾਰ ਖੋਲ੍ਹ ਨਵਾਂ ਪੰਨਾ ਪੜ੍ਹਨ ਲੱਗ ਪਿਆ। ਤੇ ਤਾਇਆ ਕੋਈ ਹੋਰ ਕੰਮ ਦੀ ਗੱਲ ਸੁਣਨ ਲਈ ਕਾਹਲਾ ਸੀ।
ਪਰ ਕਿੱਥੇ ਇਹ ਅਖ਼ਬਾਰ ਤਾਂ ਦੁੱਖਾਂ ਦੀਆਂ ਪੰਡਾਂ, ਜਿਹੜਾ ਮਰਜ਼ੀ ਵਰਕਾ ਖੋਲ੍ਹ ਖਬਰਾਂ ਪੜ੍ਹ ਸੁਣ ਕੇ ਦਿਲ ਦਹਿਲ ਜਾਂਦਾ।
ਚੱਲ ਛੱਡ ਤਾਇਆ ਕੋਈ ਆਪਣੀ ਗੱਲ ਸੁਣਾ, ਇਹ ਕਹਿ ਬਿੱਕਰ ਨੇ ਅਖ਼ਬਾਰ ਕੱਠਾ ਕਰ ਗੋਡੇ ਥੱਲੇ ਰੱਖ ਲਿਆ ਤੇ ਤਾਇਆ ਭਤੀਜਾ ਆਪਣੀਆਂ ਗੱਲਾਂ ਵਿੱਚ ਰੁੱਝ ਗਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly