ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਇਕ ਇਲਾਕੇ ਵਿਚ ਅੱਜ ਟੁੱਟੇ ਹੋਏ ਮਾਈਕ੍ਰੋਵੇਵ ਓਵਨ ਵਿੱਚੋਂ ਦੋ ਮਹੀਨੇ ਦੀ ਬੱਚੀ ਦੀ ਲਾਸ਼ ਮਿਲੀ ਹੈ। ਸ਼ੱਕ ਹੈ ਕਿ ਬੱਚੀ ਦੀ ਮਾਂ ਨੇ ਹੀ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਮਾਈਕ੍ਰੋਵੇਵ ’ਚ ਛੁਪਾ ਦਿੱਤਾ। ਪੁਲੀਸ ਮੁਤਾਬਕ ਪੁੱਤਰ ਦੀ ਲਾਲਸਾ ਵਿਚ ਮਾਂ ਨੇ ਅਜਿਹਾ ਕੀਤਾ ਹੋ ਸਕਦਾ ਹੈ। ਵੇਰਵਿਆਂ ਮੁਤਾਬਕ ਸੋਮਵਾਰ ਸ਼ਾਮ ਕਰੀਬ 3 ਵਜੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਪੁਲੀਸ ਨੂੰ ਵੀ ਦਿੱਤੀ। ਲੜਕੀ ਦੀ ਲਾਸ਼ ਘਰ ਦੀ ਦੂਜੀ ਮੰਜ਼ਿਲ ’ਤੇ ਰੱਖੇ ਹੋਏ ਓਵਨ ’ਚੋਂ ਮਿਲੀ। ਲਾਸ਼ ਮਿਲਣ ਤੋਂ ਬਾਅਦ ਮਾਲਵੀਆ ਨਗਰ ਥਾਣਾ ਪੁਲੀਸ ਨੇ ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਬੱਚੀ ਦੇ ਮਾਪਿਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਪਰਿਵਾਰ ਚਿਰਾਗ ਦਿੱਲੀ ਪਿੰਡ ਦਾ ਰਹਿਣ ਵਾਲਾ ਹੈ। ਘਰ ਦੀ ਹੇਠਲੀ ਮੰਜ਼ਿਲ ’ਤੇ ਇਨ੍ਹਾਂ ਦੀ ਕਰਿਆਨੇ ਦੀ ਦੁਕਾਨ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬੱਚੀ ਦੀ ਮਾਂ ਡਿੰਪਲ ਪੁੱਤਰ ਚਾਹੁੰਦੀ ਸੀ ਜਿਸ ਕਾਰਨ ਉਹ ਬੇਟੀ ਦੇ ਜਨਮ ਤੋਂ ਬਾਅਦ ਪ੍ਰੇਸ਼ਾਨ ਸੀ। ਲੋਕਾਂ ਨੇ ਦੱਸਿਆ ਕਿ ਡਿੰਪਲ ਤੇ ਉਸ ਦੇ ਪਤੀ ਵਿਚਕਾਰ ਕਈ ਵਾਰ ਝਗੜੇ ਹੁੰਦੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly