ਅਜੈ ਤਨਵੀਰ ਲੋਕ ਪੱਖੀ ਸ਼ਾਇਰ ਵਰਿਆਣਵੀ,ਬੱਦਨ,ਵਿਸ਼ਾਲ,ਰਾਣਾ.
ਫ਼ਗਵਾੜਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਫ਼ਗਵਾੜਾ ਦੇ ਅਰਬਨ ਅਸਟੇਟ ਵਿਖੇ ਡਾ.ਅੰਬੇਡਕਰ ਭਵਨ ਵਿੱਚ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.)ਦੇ ਸਹਿਯੋਗ ਨਾਲ ਬੇਹੱਦ ਪ੍ਰਭਾਵਸ਼ਾਲੀ ਪ੍ਰੋਗਰਾਮ ਕਰ ਕੇ ਵਿਦੇਸ਼ ਵੱਸਦੇ ਪਰ ਆਪਣੀ ਮਿੱਟੀ ਨਾਲ ਜੁੜੇ ਹੋਏ ਨਾਮਵਰ ਸ਼ਾਇਰ ਅਜੈ ਤਨਵੀਰ ਦੇ ਪਲੇਠੇ ਗ਼ਜ਼ਲ ਸੰਗ੍ਰਹਿ ਫ਼ਤਵਿਆਂ ਦੇ ਦੌਰ ਵਿੱਚ ਦਾ ਦੂਜਾ ਸੰਸਕਰਣ ਲੋਕ ਅਰਪਣ ਕੀਤਾ ਗਿਆ।ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਸੰਧੂ ਵਰਿਆਣਵੀ ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਡਾ.ਬਲਦੇਵ ਸਿੰਘ ਬੱਦਨ ਸਾਬਕਾ ਨਿਰਦੇਸ਼ਕ ਨੈਸ਼ਨਲ ਬੁੱਕ ਟਰੱਸਟ ਇੰਡੀਆ, ਵਿਸ਼ਾਲ ਮੁੱਖ ਸੰਪਾਦਕ ਸੇਵੇਂਥ ਰਿਵਰ ਟਾਈਮਜ਼,ਪ੍ਰਸਿੱਧ ਕਵੀ ਕੁਲਭੂਸ਼ਨ ਅਤੇ ਮੰਚ ਦੇ ਪ੍ਰਧਾਨ ਸ਼ਾਮ ਸਰਗੂੰਦੀ ਵਿਰਾਜਮਾਨ ਹੋਏ।
ਗ਼ਜ਼ਲ ਸੰਗ੍ਰਹਿ ਲੋਕ ਅਰਪਣ ਕਰਦੇ ਹੋਏ ਪ੍ਰੋ.ਸੰਧੂ ਵਰਿਆਣਵੀ,ਵਿਸ਼ਾਲ ਅਤੇ ਮੰਚ ਦੇ ਜਨ ਸਕੱਤਰ ਜਗਦੀਸ਼ ਰਾਣਾ ਨੇ ਕਿਹਾ ਕਿ ਅਜੈ ਤਨਵੀਰ ਹਾਸ਼ੀਆਗਤ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲ਼ਾ ਲੋਕ ਪੱਖੀ ਸ਼ਾਇਰ ਹੈ।ਭਾਵੇਂ ਉਹ ਵਿਦੇਸ਼ ਵਿੱਚ ਰਹਿੰਦਾ ਹੈ ਉਸ ਦੀਆਂ ਲਿਖਤਾਂ ਵਿੱਚ ਦੇਸ਼ ਦੇ ਗ਼ਰੀਬ ਮਜ਼ਬੂਰ ਤੇ ਰਗੜੇ ਜਾ ਰਹੇ ਸਮਾਜ ਦਾ ਫ਼ਿਕਰ ਹੈ।ਉਸ ਦੀ ਸ਼ਾਇਰੀ ਜ਼ਿਕਰ ਦੀ ਹੀ ਨਹੀਂ ਸਗੀਂ ਫ਼ਿਕਰ ਦੀ ਸ਼ਾਇਰੀ ਹੈ।ਸੰਧੂ ਵਰਿਆਣਵੀ ਨੇ ਕਿਹਾ ਕਿ ਅਜੈ ਤਨਵੀਰ ਕੀ ਲਿਖਦਾ ਹੈ ਇਹ ਵੇਖਣ ਨਾਲੋਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਵਧੇਰੇ ਜ਼ਰੂਰਤ ਹੈ ਕਿ ਉਸ ਨੂੰ ਅਜਿਹਾ ਲਿਖਣ ਦੀ ਲੋੜ ਕਿਉਂ ਪਈ।ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਾਬਕਾ ਨਿਰਦੇਸ਼ਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੀਤ ਪ੍ਰਧਾਨ ਡਾ.ਬਲਦੇਵ ਬੱਦਨ ਨੇ ਪੁਸਤਕ ਬਾਰੇ ਵਿਸਤਾਰ ਪੂਰਵਕ ਪਰਚਾ ਪੜ੍ਹਦਿਆਂ ਅਜੈ ਤਨਵੀਰ ਦੇ ਕਈ ਸ਼ਿਅਰਾਂ ਦੇ ਹਵਾਲੇ ਦੇ ਕੇ ਕਿਹਾ ਸਿਰਫ਼ ਡੇਢ ਮਹੀਨੇ ਵਿੱਚ ਹੀ ਫ਼ਤਵਿਆਂ ਦੇ ਦੌਰ ਵਿੱਚ ਦਾ ਦੂਜਾ ਸੰਸਕਰਣ ਪ੍ਰਕਾਸ਼ਿਤ ਹੋਣਾ ਕੋਈ ਛੋਟੀ ਗੱਲ ਨਹੀਂ ਹੈ।ਅਗਰ ਸ਼ਾਇਰੀ ਲੇਖਣੀ ਵਿੱਚ ਦਮ ਹੋਵੇ ਤਾਂ ਪਾਠਕ ਕਿਤਾਬਾਂ ਖ਼ਰੀਦ ਕੇ ਪੜ੍ਹਦੇ ਹਨ। ਡਾ.ਬੱਦਨ ਨੇ ਕਿਹਾ ਕਿ ਅਜੈ ਤਨਵੀਰ ਦੀ ਸਮੁੱਚੀ ਸ਼ਾਇਰੀ ਦੱਬੀਆਂ ਕੁਚਲੀਆਂ ਧਿਰਾਂ ਦੀ ਗੱਲ ਕਰਦੀ ਹੈ ਤੇ ਨਿਰਾਸ਼ ਹੋਏ ਲੋਕਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਦੀ ਹੈ।ਇਸ ਮੌਕੇ ਪ੍ਰਸਿੱਧ ਚਿੰਤਕ ਤੇ ਲੇਖਕ ਡਾ.ਜਗੀਰ ਸਿੰਘ ਨੂਰ ਨੇ ਵੀ ਅਜੈ ਤਨਵੀਰ ਦੀ ਸ਼ਾਇਰੀ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਦੇਸ਼ ਦੇ ਜੋ ਹਾਲਾਤ ਚੱਲ ਰਹੇ ਹਨ ਅਜਿਹੇ ਮੌਕੇ ਅਜੈ ਤਨਵੀਰ ਦੀ ਸ਼ਾਇਰੀ ਪੂਰੀ ਤਰ੍ਹਾਂ ਪ੍ਰਸੰਗਿਕ ਹੈ ਤੇ ਬਾਕੀ ਸ਼ਾਇਰਾਂ ਨੂੰ ਵੀ ਅਜਿਹੀ ਸ਼ਾਇਰੀ ਕਰਨੀ ਚਾਹੀਦੀ ਹੈ। ਉਹਨਾਂ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਬਾਰੇ ਬੋਲਦੀਆਂ ਕਿਹਾ ਕਿ ਬਹੁਤ ਘੱਟ ਸਮੇਂ ਵਿੱਚ ਇਸ ਸਭਾ ਨੇ ਵੱਡੇ ਵੱਡੇ ਸਾਹਤਿਕ ਪ੍ਰੋਗਰਾਮ ਸਿਰਜ ਕੇ ਮਿਸਾਲ ਕਾਇਮ ਕੀਤੀ ਹੈ ਤੇ ਵੱਡੇ ਵੱਡੇ ਸਾਹਿਤਕਾਰਾਂ ਨੂੰ ਫ਼ਗਵਾੜਾ ਵਿਖੇ ਲਿਆਂਦਾ ਹੈ।
ਇਸ ਮੌਕੇ ਮਰਹੂਮ ਸ਼ਾਇਰ ਭਜਨ ਸਿੰਘ ਵਿਰਕ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਭਜਨ ਸਿੰਘ ਵਿਰਕ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਵਿਚਾਰ ਸਾਂਝੇ ਕਰਦਿਆਂ ਪ੍ਰਸਿੱਧ ਦਲਿਤ ਚਿੰਤਕ ਅਤੇ ਨਾਮਵਰ ਲੇਖਕ ਐਡਵੋਕੇਟ ਐਸ ਐਲ ਵਿਰਦੀ ਨੇ ਕਿਹਾ ਕਿ ਨਵੀਂ ਚੇਤਨਾ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਕਿ ਉਹ ਲੋਕ ਸੰਘਰਸ਼ਾਂ ਦੇ ਹਾਮੀ ਰਹੇ ਸ਼ਾਇਰ ਭਜਨ ਸਿੰਘ ਵਿਰਕ ਨੂੰ ਯਾਦ ਕਰਦੀ ਹੈ। ਉਹਨਾਂ ਅਜੈ ਤਨਵੀਰ ਦੀ ਸ਼ਾਇਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਅਜੈ ਤਨਵੀਰ ਦੀ ਸ਼ਾਇਰੀ ਵੀ ਭਜਨ ਸਿੰਘ ਵਿਰਕ ਦੀ ਸ਼ਾਇਰੀ ਵਾਂਗ ਹਕੂਮਤਾਂ ਅੱਗੇ ਪ੍ਰਸ਼ਨ ਕਰਦੀ ਹੈ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਅਤੇ ਬੇਬਸ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਹਰਦਿਆਲ ਹੁਸ਼ਿਆਰਪੁਰੀ,ਜਗਦੀਸ਼ ਰਾਣਾ ,ਵਿਸ਼ਾਲ,ਕੁਲਭੂਸ਼ਨ, ਗੁਰਮੁਖ ਲੁਹਾਰ,ਬਲਦੇਵ ਰਾਜ ਕੋਮਲ,ਗੁਰਦੀਪ ਸਿੰਘ ਸੈਣੀ, ਡਾ.ਇੰਦਰਜੀਤ ਸਿੰਘ ਵਾਸੂ,ਸੋਹਣ ਸਹਿਜਲ, ਦਲਜੀਤ ਮਹਿਮੀ,ਜਰਨੈਲ ਸਾਖ਼ੀ,ਧਰਮਵੀਰ ਸਾਗਰ, ਮਾਧਵੀ ਅੱਗਰਵਾਲ ਮਾਲਾ, ਬੱਬੂ ਸੈਣੀ, ਸਾਹਿਬਾ ਜੀਟਨ ਕੌਰ,ਕੀਮਤੀ ਕੈਸਰ, ਨਛੱਤਰ ਭੋਗਲ,ਦਿਲਬਹਾਰ ਸ਼ੌਕਤ,ਦੇਵ ਰਾਜ ਦਾਦਰ, ਸੀਰਤ ਸਿਖਿਆਰਥੀ,ਬਚਨ ਗੁੜੇ,ਰਵਿੰਦਰ ਰਾਏ,ਸੋਢੀ ਸੱਤੋਵਾਲੀ,ਦੇਸ ਰਾਜ ਬਾਲੀ,ਬੀਬਾ ਬਲਵੰਤ, ਦੀਪ ਜਗਤਪੁਰੀ,ਮਨਜੀਤ ਦੀਪਨਗਰ,ਲਸ਼ਕਰ ਢੰਡਵਾੜਵੀ,ਸੋਹਣ ਸਿੰਘ ਭਿੰਡਰ,ਕੈਪਟਨ ਦਵਿੰਦਰ ਜੱਸਲ,ਗੁਰਨਾਮ ਬਾਵਾ ਸਮੇਤ ਚਾਰ ਦਰਜ਼ਨ ਤੋਂ ਵੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਬੀਬੀ ਬੰਸੋ ਦੇਵੀ,ਬਲਕਾਰ ਭਾਈਆ, ਘਣਸ਼ਿਆਮ ਅਤੇ ਡਾ.ਅੰਬੇਦਕਰ ਭਵਨ ਕਮੇਟੀ ਦੇ ਹੋਰ ਅਹੁਦੇਦਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly