ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਿਊ ਆਟੋ ਵਰਕਰ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ(ਇਫਟੂ) ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਡਾਕਟਰ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਤੋਂ ਪਹਿਲਾਂ ਸ਼ਹਿਰ ਵਿੱਚ ਮੁਜਾਹਰਾ ਵੀ ਕੀਤਾ ਗਿਆ। ਇਸ ਮੌਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸਕੱਤਰ ਜਸਬੀਰ ਦੀਪ, ਨਿਊ ਆਟੋ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਬਛੌੜੀ, ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਜਲੰਧਰ ਦੇ ਪ੍ਰਧਾਨ, ਰਣਜੀਤ ਕੁਮਾਰ, ਡਾਕਟਰ ਅੰਬੇਡਕਰ ਭਵਨ ਨਵਾਂਸ਼ਹਿਰ ਦੇ ਪ੍ਰਧਾਨ ਸਤੀਸ਼ ਕੁਮਾਰ, ਸਮਾਜ ਸੇਵੀ ਸਿਮਰਨਜੀਤ ਕੌਰ ਸਿੰਮੀ, ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ, ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਹਰੀ ਰਾਮ ਰਸੂਲਪੁਰੀ, ਮੁਸਲਿਮ ਸੰਗਠਨ ਪੰਜਾਬ ਦੇ ਜਿਲ੍ਹਾ ਜਨਰਲ ਸਕੱਤਰ ਸ਼ਾਹਿਦ ਨੇ ਕਿਹਾ ਕਿ ਅਮਰੀਕਾ ਬੈਠਾ ਪੰਨੂੰ ਡਾਕਟਰ ਅੰਬੇਡਕਰ ਅਤੇ ਸੰਵਿਧਾਨ ਵਿਰੁੱਧ ਕਾਰਵਾਈਆਂ ਕਰਵਾ ਕੇ ਭਾਜਪਾ-ਆਰ.ਐਸ.ਐਸ ਸਰਕਾਰ ਦੇ ਲੋਕ ਵਿਰੋਧੀ ਮਨਸੂਬੇ ਪੂਰੇ ਕਰਨ ਦੇ ਯਤਨਾਂ ‘ਚ ਹੈ। ਇਹ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਅਜਿਹੇ ਕਾਰੇ ਕਰਵਾਕੇ ਦਲਿਤਾਂ ਵਿੱਚ ਭੈਅ ਦਾ ਮਹੌਲ ਬਣਾਕੇ ਉਹਨਾਂ ਨੂੰ ਆਪਣੇ ਨੇੜੇ ਖਿੱਚਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਮੁੰਡਿਆਂ ਨਾਲ ਗੜਬੜ ਕਰਵਾਈ ਗਈ। ਫਿਰ ਪੰਜਾਬ ਅੰਦਰ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਦੀ ਭੰਨਤੋੜ ਕੀਤੀ ਗਈ ਅਤੇ ਇਹਨਾਂ ਬੱਸਾਂ ਉੱਤੇ ਖਾਲਿਸਤਾਨ ਦੇ ਨਾਹਰੇ ਲਿਖੇ ਗਏ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਵਿੱਚ ਖਾਲਿਸਤਾਨ ਲਹਿਰ ਵੇਲੇ ਪੰਜਾਬ ਵਿੱਚ 35 ਹਜਾਰ ਬੰਦਿਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਭਾਵੇਂ ਉਹ ਜਾਨਾਂ ਨੌਜਵਾਨ ਸਿੱਖ ਮੁੰਡਿਆਂ ਦੀਆਂ ਸਨ, ਭਾਵੇਂ ਪੁਲਸ ਮੁਲਾਜਮਾਂ ਦੀਆਂ ਭਾਵੇਂ ਵੱਖੋ ਵੱਖ ਪਾਰਟੀਆਂ ਦੇ ਲੀਡਰਾਂ ਜਾਂ ਵਰਕਰਾਂ ਦੀਆਂ ਸਨ। ਉਸ ਸਮੇਂ ਵੀ ਖਾਲਿਸਤਾਨੀ ਲਹਿਰ ਦੀ ਸ਼ੁਰੂਆਤ ਕੇਂਦਰੀ ਲਾਬੀ ਨੇ ਆਪਣੀਆਂ ਏਜੰਸੀਆਂ ਰਾਹੀਂ ਕਰਵਾਈ ਸੀ, ਜਿਸਦਾ ਸੰਤਾਪ ਪੰਜਾਬ ਨੂੰ ਭੁਗਤਣਾ ਪਿਆ ਸੀ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ-ਆਰ.ਐਸ.ਐਸ ਸਰਕਾਰ ਆਪਣੇ ਲੋਕ ਵਿਰੋਧੀ ਏਜੰਡੇ ਦੀ ਪੂਰਤੀ ਲਈ ਆਪਣੀਆਂ ਏਜੰਸੀਆਂ ਕੋਲੋਂ ਇਹ ਕੰਮ ਕਰਵਾ ਰਹੀ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਖੁਦ ਹੀ ਫਾਸ਼ੀਵਾਦ ਰਾਹੀਂ ਸੰਵਿਧਾਨਕ ਕਦਰਾਂ ਕੀਮਤਾਂ ਅਤੇ ਜਮਹੂਰੀਅਤ ਨੂੰ ਪੈਰਾਂ ਹੇਠਾਂ ਦਰੜ ਰਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਯੂ.ਪੀ ਦੀ ਜੋਗੀ ਸਰਕਾਰ ਦੇ ਪਦਚਿੰਨ੍ਹਾਂ ਉੱਤੇ ਚੱਲਦਿਆਂ ਬੁਲਡੋਜ਼ਰ ਕਲਚਰ ਨੂੰ ਫੈਲਾਅ ਰਹੀ ਹੈ ਅਤੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਹੈ।ਇਸ ਤਰ੍ਹਾਂ ਪੰਜਾਬ ਪੁਲਸ ਰਾਜ ਵੱਲ ਵਧ ਰਿਹਾ ਹੈ। ਜਿਸਦਾ ਤਿੱਖਾ ਵਿਰੋਧ ਕਰਨ ਦੀ ਲੋੜ ਸਾਡੇ ਸਾਹਮਣੇ ਹੈ। ਉਹਨਾ ਨੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਪ੍ਰਸ਼ਾਸਨ ਕੋਲੋਂ ਸੰਵਿਧਾਨ ਅਤੇ ਡਾਕਟਰ ਬੀ. ਆਰ ਅੰਬੇਡਕਰ ਦੇ ਬੁੱਤਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਆਗੂਆਂ ਵੱਲੋਂ ਡਾਕਟਰ ਬੀ.ਆਰ ਅੰਬੇਡਕਰ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਵੀ ਪਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj