ਗਲਤੀ ਕਦੇ ਵੀ ਨਾ ਮੰਨਣਾ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)  ਇਹ ਆਦਮੀ ਦੀ ਫਿਤਰਤ ਹੈ ਕਿ ਉਹ ਗਲਤੀਆਂ ਕਰਦਾ ਹੈ। ਕੁਝ ਲੋਕ ਤਾਂ ਗਲਤੀਆਂ ਦਾ ਪੁਤਲਾ ਹੁੰਦੇ ਹਨ।ਗਲਤੀਆਂ ਦੇ ਬਾਅਦ ਫਿਰ ਗਲਤੀਆਂ ਅਤੇ ਫਿਰ ਗਲਤੀਆਂ ਕਰਦੇ ਹਨ। ਕੁਝ ਲੋਕ ਗਲਤੀਆਂ ਕਰਦੇ ਹਨ ਲੇਕਿਨ ਆਪਣੀਆਂ ਗਲਤੀਆਂ ਤੋਂ ਕੁਝ ਸਿੱਖਦੇ ਨਹੀਂ ਅਤੇ ਨਾ ਹੀ ਆਪਣੇ ਵਿਹਾਰ ਵਿੱਚ ਕੋਈ ਸੁਧਾਰ ਕਰਨਾ ਚਾਹੁੰਦੇ ਹਨ। ਅਸੀਂ ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਿਲ ਕਰਾਉਂਦੇ ਹਾਂ ਉਥੇ ਉਹਨਾਂ ਨੂੰ ਪੜਨਾ, ਲਿਖਣਾ ਅਤੇ ਪਾਠ ਯਾਦ ਕਰਾਉਣਾ ਸਿਖਾਇਆ ਜਾਂਦਾ ਹੈ। ਇਹਨਾਂ ਗੱਲਾਂ ਨੂੰ ਸਿੱਖਦੇ ਹੋਏ ਬੱਚੇ ਕਈ ਵਾਰ ਗਲਤੀਆਂ ਕਰਦੇ ਹਨ ਲੇਕਿਨ ਬੱਚਿਆਂ ਦੀਆਂ ਇਹਨਾਂ ਗਲਤੀਆਂ ਨੂੰ ਅਧਿਆਪਕ ਅਤੇ ਉਹਨਾਂ ਦੇ ਮਾਪਿਓ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਲੋਕ ਵੀ ਵੱਖ ਵੱਖ ਮੌਕਿਆਂ ਤੇ ਕੋਈ ਨਾ ਕੋਈ ਗਲਤੀ ਕਰ ਹੀ ਜਾਂਦੇ ਹਾਂ। ਗਲਤੀਆਂ ਕਰਨ ਤੇ ਸਾਡਾ ਕਈ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ, ਆਲੋਚਨਾ ਹੁੰਦੀ ਹੈ, ਜਗ ਹਸਾਈ ਹੁੰਦੀ ਹੈ ਔਰ ਕਈ ਵਾਰ ਸਜ਼ਾ ਵੀ ਮਿਲਦੀ ਹੈ, ਕਈ ਵਾਰ ਕੁਝ ਗਲਤੀਆਂ ਤੇ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਗਲਤੀ ਕਿਸੇ ਨੌਕਰੀ ਪੇਸ਼ਾ ਆਦਮੀ ਤੋ ਹੋ ਜਾਏ ਤਾਂ ਉਹ ਦੀ ਨੌਕਰੀ ਵੀ ਚਲੀ ਜਾਂਦੀ ਹੈ। ਵਾਰ ਵਾਰ ਗਲਤੀ ਨਾ ਸੁਧਾਰਨ ਵਾਲੇ ਨੂੰ ਲੋਕ ਨਾ ਲਾਈਕ ਕਹਿੰਦੇ ਹਨ। ਜੇਕਰ ਕੋਈ ਇਹ ਕਹੇ ਕਿ ਮੈਂ ਤਾਂ ਕੋਈ ਗਲਤੀ ਕਰ ਹੀ ਨਹੀਂ ਸਕਦਾ, ਤਾਂ ਉਸ ਤੋਂ ਜਿਆਦਾ ਵੱਡਾ ਮੂਰਖ ਦੁਨੀਆ ਵਿੱਚ ਕੋਈ ਹੋਰ ਨਹੀਂ ਹੋ ਸਕਦਾ। ਅੰਗਰੇਜ਼ੀ ਦੇ ਮਸ਼ਹੂਰ ਲੇਖਕ Shakespeare ਨੇ ਕਿਹਾ ਸੀ  To err is human ਅਰਥਾਤ ਆਦਮੀ ਗਲਤੀ ਦਾ ਪੁਤਲਾ ਹੈ। ਲੇਕਿਨ ਗੱਲ ਤਾਂ ਤਾਂ ਵਿਗੜਦੀ ਹੈ ਜਦੋਂ ਬੰਦਾ ਗਲਤੀ ਤੇ ਗਲਤੀ ਕਰੇ ਅਤੇ ਫਿਰ ਉਸ ਨੂੰ ਮੰਨੇ ਵੀ ਨਹੀਂ। ਆਪਣੀ ਗਲਤੀ ਨੂੰ ਲੈ ਕੇ ਉਹ ਇਹ ਸੋਚੇ ਕਿ ਲੋਕ ਉਹਦੇ ਬਾਰੇ ਕੀ ਸੋਚਣਗੇ। ਅਜਿਹੇ ਮਾਮਲਿਆਂ ਵਿੱਚ,, ਚੋਰ ਵੀ ਅਤੇ ਚਤੁਰਾਈ ਵੀ,, ਵਾਲੀ ਗੱਲ ਲਾਗੂ ਹੁੰਦੀ ਹੈ। ਅਜਿਹੇ ਆਦਮੀ ਨੂੰ ਕੌਣ ਸਹਿਨ ਕਰੇਗਾ। ਵੈਸੇ ਤਾਂ ਨੈਤਿਕਤਾ ਦਾ ਤਕਾਜਾ ਇਹ ਹੈ ਕਿ ਗਲਤੀ ਕਰਨ ਤੇ ਆਦਮੀ ਮੰਨ ਜਾਏ ਅਤੇ ਬਾਅਦ ਵਿੱਚ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰੇ। ਇਸ ਤਰ੍ਹਾਂ ਉਹ ਪਾਪ ਦਾ ਭਾਗੀ ਨਹੀਂ ਬਣੇਗਾ। ਇਸਾਈ ਧਰਮ ਦੇ ਮੁਤਾਬਿਕ ਜੇ ਕਿਸੇ ਬੰਦੇ ਕੋਲ ਕੋਈ ਗਲਤੀ ਹੋ ਜਾਏ ਅਤੇ ਉਹ ਚਰਚ ਵਿੱਚ ਜਾ ਕੇ ਈਸਾ ਮਸੀਹ ਅੱਗੇ ਆਪਣੀ ਗਲਤੀ ਮੰਨ ਲੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਈਸਾ ਮਸੀਹ ਉਸ ਨੂੰ ਮਾਫ ਕਰ ਦਿੰਦਾ ਹੈ। ਹਿੰਦੂ ਧਰਮ ਦੇ ਮੁਤਾਬਿਕ ਜੇ ਕਿਸੇ ਬੰਦੇ ਕੋਲ ਗਲਤੀ ਹੋ ਜਾਏ ਅਤੇ ਉਹ ਹਰਿਦੁਆਰ ਵਿੱਚ ਗੰਗਾ ਇਸ਼ਨਾਨ ਕਰਕੇ ਆਏ ਤਾਂ ਉਸਦੇ ਬਾਪ ਧੁਲ ਜਾਂਦੇ ਹਨ। ਲੇਕਿਨ ਸਾਵਧਾਨ! ਜੇਕਰ ਤੁਸੀਂ ਗਲਤੀ ਕਰਕੇ ਇਸ ਨੂੰ ਸਵੀਕਾਰ ਕਰਨ ਲੱਗੇ ਹੋ ਤਾਂ ਇਹ ਜਾਲਮ ਦੁਨੀਆ ਤੁਹਾਨੂੰ ਮਾਫ ਕਰਨ ਵਾਲੀ ਨਹੀਂ ਹੈ। ਸੂਲੀ ਤੇ ਚੜਾ ਕੇ ਹੀ ਦਮ ਲਵੇਗੀ।

ਅਮਿਤਾਭ ਬੱਚਨ ਦੀ ਇੱਕ ਫਿਲਮ ਵਿੱਚ ਇਹ ਦਿਖਾਇਆ ਗਿਆ ਹੈ ਕਿ ਲੋਕ ਬਚਪਨ ਵਿੱਚ ਹੀ ਉਸਦੀ ਬਾਂਹ ਤੇ ਲਿਖ ਦਿੰਦੇ ਹਨ,,, ਮੇਰਾ ਬਾਪ ਚੋਰ ਹੈ,, ਇਹ ਦੁਨੀਆ ਗਲਤੀ ਕਰਨ ਵਾਲੇ ਕਿਸੇ ਨੂੰ ਬੰਦੇ ਨੂੰ ਮਾਫ ਨਹੀਂ ਕਰਦੀ। ਜਦੋਂ ਲੋਕ ਖੁਦ ਗਲਤੀ ਕਰਦੇ ਹਨ ਤਾਂ ਉਹ ਇਹ ਤਾਂ ਉਮੀਦ ਕਰਦੇ ਹਾਂ ਕਿ ਉਸ ਨੂੰ ਮਾਫ ਕਰ ਦਿੱਤਾ ਜਾਵੇ ਪਰੰਤੂ ਜਦੋਂ ਕੋਈ ਦੂਜਾ ਬੰਦਾ ਗਲਤੀ ਕਰਦਾ ਹੈ ਤਾਂ ਉਹ ਉਸਨੂੰ ਉਸੇ ਤਰ੍ਹਾਂ ਮਾਫ ਨਹੀਂ ਕਰਦੇ ਜਿਸ ਤਰਾਂ ਖੁਦ ਮਾਫ ਕੀਤੇ ਜਾਣ ਦੀ ਉਮੀਦ ਕਰਦੇ ਹਨ ਸਾਡੇ ਘਰਾਂ ਵਿੱਚ ਹੀ ਦੇਖੋ। ਸਸ ਅਤੇ ਨੂੰਹ, ਪਤੀ ਪਤਨੀ, ਨਿਨਾਣ ਅਤੇ ਭਰਜਾਈ, ਪਿਓ ਤੇ ਪੁੱਤਰ ਵਿਚਕਾਰ ਆਮ ਤੌਰ ਤੇ ਝਗੜੇ ਹੁੰਦੇ ਰਹਿੰਦੇ ਹਨ। ਗੱਲ ਸਾਫ ਹੈ ਤਾੜੀ ਦੋਹਾਂ ਹੱਥਾਂ ਨਾਲ ਹੀ ਵੱਜਦੀ ਹੈ। ਜੇਕਰ ਇਹਨਾਂ ਦੋਹਾਂ ਵਿੱਚੋਂ ਕੋਈ ਇੱਕ ਗਲਤੀ ਕਰ ਦੇਵੇ ਤਾਂ ਦੂਜਾ ਤਾਂ ਉਸਦੇ ਫੱਟੇ ਚੁੱਕਣ ਵਾਸਤੇ ਤਿਆਰ ਹੀ ਰਹਿੰਦਾ ਹੈ । ਅਜਿਹੀ ਸਥਿਤੀ ਵਿੱਚ ਕੋਈ ਗਲਤੀ ਮੰਨਣ ਨੂੰ  ਤਿਆਰ ਨਹੀਂ ਹੈ। ਹਰ ਆਦਮੀ ਆਪਣੀ ਗਲਤੀ ਮੰਨਣ ਦੇ ਬਦਲੇ ਦੂਜੇ ਤੇ ਹੀ ਦੋਸ਼ ਮੜਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਕੱਲ ਤੁਸੀਂ ਸਿਆਸਤ ਵਿੱਚ ਦੇਖੋ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਗਲਤੀਆਂ ਤਾਂ ਸਾਰੀ ਹੁਕਮ ਰਾਨ ਪਾਰਟੀ ਨੇ ਕੀਤੀਆਂ ਹੋਣਗੀਆਂ। ਜਿਹੜੀ ਪਾਰਟੀ ਅੱਜ ਰਾਜ ਕਰਦੀ ਹੈ ਕੁਝ ਸਮੇਂ ਬਾਅਦ ਉਹ ਅਪੋਜੀਸ਼ਨ ਵਿੱਚ ਵੀ ਆ ਜਾਂਦੀ ਹੈ ਅਤੇ ਇਹ ਸਿਲਸਿਲਾ ਰਹਿੰਦਾ ਹੈ। ਹਰ ਹੁਕਮ ਰਾਨ ਪਾਰਟੀ ਤੋਂ ਕੋਈ ਨਾ ਕੋਈ ਗਲਤੀ ਜਰੂਰ ਹੁੰਦੀ ਹੈ। ਲੇਕਿਨ ਹਰ ਪਾਰਟੀ ਆਪਣੀ ਗਲਤੀ ਮੰਨਣ ਦੇ ਬਦਲੇ ਦੂਜੇ ਦੀਆਂ ਗਲਤੀਆਂ ਉਜਾਗਰ ਕਰਦੀ ਹੈ। ਆਮ ਤੌਰ ਤੇ ਲੋਕੀ ਇਹੀ ਕਹਿੰਦੇ ਹੋਏ ਸੁਣੇ ਜਾਂਦੇ ਹਨ,,, ਮੈਂ ਗਲਤੀ ਤਾਂ ਕਰ ਹੀ ਨਹੀਂ ਸਕਦਾ, ਤੇ ਜੇਕਰ ਗਲਤੀ ਹੋ ਵੀ ਜਾਏ ਤੇ ਮੈਂ ਉਸ ਨੂੰ ਮੰਨਦਾ ਨਹੀਂ ਅਤੇ ਜੇਕਰ ਗਲਤੀ ਮੰਨਣੀ ਵੀ ਪੈ ਜਾਏ ਸਾਰਾ ਸਿਆਪਾ ਕਿਸੇ ਹੋਰ ਤੇ ਪਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ,,,, ਅਤੇ ਆਪਣਾ ਪੀਛਾ ਛੁਡਵਾਇਆ ਜਾਂਦਾ ਹੈ। ਜੇ ਕਿਸੇ ਅਪਰਾਧੀ ਤੋਂ ਕੋਈ ਗਲਤੀ ਹੋ ਜਾਏ, ਬੇਸ਼ਕ ਉਸ ਨੂੰ ਫਾਂਸੀ ਤੇ ਲਟਕਾਇਆ ਜਾ ਰਿਹਾ ਹੋਵੇ ਫਿਰ ਵੀ ਉਹ ਆਪਣੀਆਂ ਗਲਤੀ ਕਦੇ ਨਹੀਂ ਮੰਨਦਾ। ਸਾਡੇ ਮੁਲਕ ਦੇ ਥਾਣਿਆਂ ਵਿੱਚ ਰੋਜ਼ ਇੱਕ ਤੋਂ ਇੱਕ ਵੱਡਾ ਮੁਲਜਮ ਫੜਿਆ ਜਾਂਦਾ ਹੈ, ਗਲਤੀ ਮਨਵਾਉਣ ਲਈ ਉਸਦੀ ਖੂਬ ,,ਖਾਤਰ ਤਵੱਜੋ,, ਕੀਤੀ ਜਾਂਦੀ ਹੈ ਇਸ ਤੇ ਬਾਵਜੂਦ ਵੀ ਉਹ ਕਦੇ ਵੀ ਆਪਣੀ ਗਲਤੀ ਨਹੀਂ ਮੰਨਦਾ। ਅੱਜ ਕੱਲ ਤਾਂ ਇਹੋ ਜਿਹੇ ਮੁਲਜਮ ਹਨ ਜਿਹੜੇ ਲਾਈ ਟੈਸਟ ਜਾਂ ਨਾਰਕੋ ਟੈਸਟ ਨੂੰ ਵੀ ਫੇਲ ਕਰ ਦਿੰਦੇ ਹਨ। ਗਲਤੀ ਕਰਨ ਵਾਲਾ ਹਰ ਬੰਦਾ ਆਪਣੇ ਆਪ ਨੂੰ ਬੇਕਸੂਰ ਕਹਿੰਦਾ। ਫਸ ਜਾਣ ਤੇ ਉਹ ਇਹੀ ਕਹਿੰਦਾ ਕਿ ਕਿਸੇ ਸਾਜਿਸ਼ ਦੇ ਤਹਿਤ ਉਸਨੂੰ ਫਸਾਇਆ ਜਾ ਰਿਹਾ ਹੈ। 1947 ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਸਮੱਸਿਆ ਨੂੰ ਲੈ ਕੇ ਕਈ ਯੁੱਧ ਹੋਏ ਨੇ। ਇਹਨਾਂ ਵਿੱਚ ਬੇਸ਼ਕ ਭਾਰਤ ਨੇ ਪਾਕਿਸਤਾਨ ਨੂੰ ਭੁੰਜੇ ਲਾ ਦਿੱਤਾ ਹੋਵੇ ਇਸ ਦੇ ਬਾਵਜੂਦ ਵੀ ਪਾਕਿਸਤਾਨ ਆਪਣੀ ਕੋਈ ਵੀ ਗਲਤੀ ਮੰਨਣ ਨੂੰ ਤਿਆਰ ਨਹੀਂ ਬਲਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਨੂੰ ਕਸੂਰਵਾਰ ਠਹਿਰਾਉਂਦਾ ਹੈ।

ਅਰਬ ਦੇਸ਼ਾਂ ਤੋ ਇਲਾਵਾ ਹਰ ਅੰਤਰਰਾਸ਼ਟਰੀ ਪਲੇਟਫਾਰਮ ਤੇ ਕਸ਼ਮੀਰ ਸਮੱਸਿਆ ਨੂੰ ਲੈ ਕੇ ਉਹ ਭਾਰਤ ਨੂੰ ਦੋਸ਼ੀ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਸ਼ਮੀਰ ਵਿੱਚ ਜਿਹੜੇ ਅੱਤਵਾਦੀ ਉਹ ਭੇਜਦਾ ਹੈ ਅਤੇ ਖੂਨ ਖਰਾਬਾ ਕਰਵਾਉਂਦਾ ਹੈ ਉਸ ਦਾ ਦੋਸ਼ ਉਹ ਕਦੇ ਵੀ ਨਹੀਂ ਮਨਦਾ। ਉਹ ਇਹ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਕਿ ਭਾਰਤ ਦੇ ਨਾਲ ਸਬੰਧ ਵਿਗਾੜਨ ਕਰਕੇ ਉਸ ਦੀ ਆਪਣੀ ਆਰਥਿਕਤਾ ਦਾ ਬੇੜਾ ਗਰਕ ਹੋ ਗਿਆ ਹੈ। ਬਲਕਿ ਆਪਣੀ ਹਰ ਸਮੱਸਿਆ ਲਈ ਉਹ ਭਾਰਤ ਦੇ ਹੀ ਇਲਜ਼ਾਮ ਲਗਾਉਂਦਾ ਹੈ। ਸ਼ਾਬਾਸ਼! ਗਲਤੀ ਕਰਨ ਵਾਲੇ ਪਿਆਰਿਓ! ਲਗੇ ਰਹੋ। ਗਲਤੀ ਕਦੇ ਨਾ ਮੰਨਣਾ, ਜਿਉਂ ਹੀ ਗਲਤੀ ਮੰਨੀ, ਫਸ ਜਾਓਗੇ, ਲੋਕੀ ਫਾਹੇ ਟੰਗ ਦੇਣਗੇ। ਅੱਜ ਕੱਲ ਦੇਸ਼ ਦੇ ਜਿਹੜੇ ਹਾਲਾਤ ਹਨ ਉਸ ਦੇ ਵਿੱਚ ਸਾਰੇ ਦੋਸ਼ ਦੂਜੇ ਉੱਤੇ ਲਾ ਰਹੇ ਹਨ, ਆਪਣੀ ਗਲਤੀ ਕੋਈ ਨਹੀਂ ਮੰਨਦਾ। ਸਾਰੇ ਆਪਣੇ ਆਪ ਨੂੰ ਹੀਰੋ ਸਮਝਦੇ ਹਨ ਅਤੇ ਦੂਜੇ ਨੂੰ ਵਿਲਨ ਸਮਝਦੇ ਹਨ। ਅੱਜ ਕੱਲ ਉਹੀ ਲੋਕ ਸਫਲ ਹੁੰਦੇ ਹਨ ਜਿਹੜੇ ਕੰਮ ਕਰਨ ਲੱਗਿਆਂ ਆਪਣੀ ਗਲਤੀ ਨੂੰ ਕਦੇ ਨਹੀਂ ਮੰਨਦੇ। ਜੇ ਕੋਈ ਉਹਨਾਂ ਦੀ ਗਲਤੀ ਨੂੰ ਉਜਾਗਰ ਕਰੇ ਤਾਂ ਰੌਲਾ ਰੱਪਾ ਪਾ ਕੇ ਉਸ ਨੂੰ ਚੁੱਪ ਕਰਾਣ ਦੀ ਕੋਸ਼ਿਸ਼ ਕਰਦੇ ਹਨ, ਉਸ ਦੇ ਉਪਰ ਇਲਜ਼ਾਮ ਲਗਾਉਂਦੇ ਹਨ, ਗਲਤੀ ਕਰਨ ਵਾਲੇ ਦੂਜਿਆਂ ਤੇ ਰੋਬ ਪਾ ਕੇ ਚੁੱਪ ਕਰਾ ਦਿੰਦੇ ਹਨ। ਕੁਝ ਵੀ ਕਰਨਾ ਹੋਵੇ, ਸ਼ਾਨੋ ਸ਼ੌਕਤ ਨਾਲ ਕਰਦੇ ਜਾਓ, ਬੇਸ਼ਕ ਗਲਤੀਆਂ ਹੋ ਜਾਣ ਮਨੋ ਨਹੀਂ। ਘਰ ਵਿੱਚ ਜੇ ਕੋਈ ਭਾਂਡਾ ਟੁੱਟ ਜਾਏ ਤਾਂ ਕਦੇ ਨਾ ਮੰਨੋ ਕਿ ਇਹ ਤੁਹਾਡੇ ਕੋਲੋਂ ਟੁੱਟਾ ਹੈ ਬਲਕਿ ਇਹ ਕਹੋ ਇਹ ਤਾਂ ਪਹਿਲਾਂ ਹੀ ਟੁੱਟਿਆ ਪਿਆ ਸੀ। ਰੂਸ ਅਤੇ ਯੂਕਰੇਨ ਵਿੱਚ ਦੋ ਸਾਲਾਂ ਤੋਂ ਖਤਰਨਾਕ ਯੁੱਧ ਚੱਲ ਰਿਹਾ, ਬਹੁਤ ਸਾਰੇ ਲੋਕ ਮਾਰੇ ਜਾ ਚੁੱਕੇ ਹਨ, ਇਮਾਰਤਾਂ ਖੰਡਰ ਬਣ ਗਈਆਂ ਹਨ। ਬੇਸ਼ਕ ਇਸ ਯੁੱਧ ਵਾਸਤੇ ਰੂਸ ਅਤੇ ਯੂਕਰੇਨ ਦੋਵੇਂ ਜਿੰਮੇਵਾਰ ਹਨ ਹਨ ਪਰ ਗਲਤੀ ਕੋਈ ਨਹੀਂ ਮੰਨਦਾ। ਇਹ ਕੁਝ ਸਾਡੇ ਰੋਜ਼ ਦੇ ਜੀਵਨ ਵਿੱਚ ਹੁੰਦਾ ਹੈ। ਕੋਈ ਗਲਤੀ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਸ ਨੂੰ ਪਤਾ ਹੈ ਗਲਤੀ ਮੰਨਦੇ ਹੀ ਸਾਰੇ ਉਸ ਤੇ ਟੁੱਟ ਪੈਣਗੇ। ਇਸ ਲਈ ਸਾਵਧਾਨ! ਗਲਤੀ ਕਦੇ ਨਾ ਮੰਨਣਾ । ਇਸੇ ਵਿੱਚ ਹੀ ਖੁਸ਼ੀ ਹੈ, ਸੁੱਖ ਹੈ ਅਤੇ ਇੱਜ਼ਤ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੱਧਰੀ ਕਵਿਤਾ ਗਾਇਨ ਮੁਕਾਬਲੇ ਲਈ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੀ ਵਿਦਿਆਰਥਣ ਗੁਰਸ਼ਾਇਨ ਕੌਰ ਨੇ ਕੀਤਾ ਕੌਲੀਫਾਈ।
Next articleਸਾਹਿਤ ਅਕੈਡਮੀ, ਪਟਿਆਲਾ ਵੱਲੋਂ ਡਾ. ਗੁਰਵਿੰਦਰ ਅਮਨ ਨਾਲ ਸੰਵਾਦ