ਯੋਰੋਸ਼ਲਮ (ਸਮਾਜ ਵੀਕਲੀ): ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਪਰਿਵਾਰ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਦੇਸ਼ ’ਚ ਬਦਲਵੀਂ ਸਰਕਾਰ ਦੇ ਗਠਨ ਦੇ ਨਾਲ ਹੀ ਲੰਮੇ ਸਮੇਂ ਤੱਕ ਅਹੁਦੇ ’ਤੇ ਕਾਬਜ਼ ਰਹੇ ਨੇਤਾ ਨੇ ਸੱਤਾ ਤੋਂ ਬੇਦਖਲ ਹੋਣ ਦੇ ਕਰੀਬ ਇੱਕ ਮਹੀਨੇ ਬਾਅਦ ਰਿਹਾਇਸ਼ ਖਾਲੀ ਕੀਤੀ ਹੈ। ਉਨ੍ਹਾਂ ਦੇ ਪਰਿਵਾਰਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਮੱਧ ਰਾਤਰੀ ਦੇ ਫੌਰਨ ਬਾਅਦ ਨੇਤਨਯਾਹੂ ਪਰਿਵਾਰ ਨੇ ਯੇਰੂਸ਼ਲੱਮ ’ਚ ਬਲਫੋਰ ਸਟ੍ਰੀਟ ਸਥਿਤ ਰਿਹਾਇਸ਼ ਖਾਲੀ ਕਰ ਦਿੱਤੀ।
ਨਵੇਂ ਚੁਣੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨਾਲ ਪਿਛਲੇ ਮਹੀਨੇ ਬਣੀ ਸਹਿਮਤੀ ਅਨੁਸਾਰ ਉਨ੍ਹਾਂ ਇਹ ਰਿਹਾਇਸ਼ ਛੱਡੀ ਹੈ। ਬਲਫੋਰ ਰਿਹਾਇਸ਼ ਨੇਤਨਯਾਹੂ ਦੇ ਕਥਿਤ ਘੁਟਾਲਿਆਂ ਦੀ ਪ੍ਰਤੀਕ ਬਣ ਗਈ ਸੀ ਅਤੇ ਇਹ ਉਨ੍ਹਾਂ ਖ਼ਿਲਾਫ਼ ਪਿਛਲੇ ਸਾਲ ਚੱਲੇ ਹਫ਼ਤਾਵਾਰੀ ਰੋਸ ਮੁਜ਼ਾਹਰਿਆਂ ਦੀ ਥਾਂ ਵੀ ਸੀ। ਪ੍ਰਦਰਸ਼ਨਕਾਰੀਆਂ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕੇਸ ਦਾ ਸਾਹਮਣਾ ਕਰ ਰਹੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ ਸੀ। ਹਾਲਾਂਕਿ ਨੇਤਨਯਾਹੂ ਨੇ ਦੋਸ਼ ਖਾਰਜ ਕਰਦਿਆਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly