(ਸਮਾਜ ਵੀਕਲੀ)- ਭਾਰਤ ਵਿੱਚ ਲੋਕਰਾਜ ਦੀ ਪਰਿਭਾਸ਼ਾ ਸਮਝ ਨਹੀਂ ਆਉਂਦੀ,ਚੁਣੇ ਹੋਏ ਨੇਤਾਵਾਂ ਨੂੰ ਆਪਣੀ ਰਾਖੀ ਲਈ ਕੀ ਖ਼ਤਰਾ ਹੁੰਦਾ ਹੈ ? ਭਾਰਤ ਨੇ ਬਹੁਤ ਵੱਡਾ ਯੁੱਧ ਲੜ ਕੇ ਆਜ਼ਾਦੀ ਪ੍ਰਾਪਤ ਕੀਤੀ।ਪਰ ਆਜ਼ਾਦੀ ਕੀ ਹੈ ਅਸੀਂ ਕਿਸ ਪਾਸਿਓਂ ਆਜ਼ਾਦ ਹੋਏ ਹਾਂ ਹੁਣ ਤਕ ਸੱਤ ਦਹਾਕੇ ਗੁਜ਼ਰ ਗਏ ਪਤਾ ਨਹੀਂ ਲੱਗਿਆ।ਅੰਗਰੇਜ਼ਾਂ ਦੇ ਗੁਲਾਮ ਸੀ ਉਨ੍ਹਾਂ ਵਾਲਾ ਤੰਤਰ ਹੀ ਸਾਡੇ ਦੇਸ਼ ਵਿੱਚ ਚਾਲੂ ਹੋਇਆ ਪਾਰਲੀਮੈਂਟ ਜਿਸ ਵਿਚ ਲੋਕ ਸਭਾ ਤੇ ਰਾਜ ਸਭਾ ਤੇ ਹਰ ਸੂਬੇ ਲਈ ਵਿਧਾਨ ਸਭਾ,ਇਨ੍ਹਾਂ ਲਈ ਅਸੀਂ ਮੈਂਬਰ ਆਪਣੀ ਵੋਟ ਪਾ ਕੇ ਚੁਣਦੇ ਹਾਂ।ਸਾਡੇ ਚੁਣੇ ਹੋਏ ਨੇਤਾ ਸਿਰਫ਼ ਵੋਟ ਪਾਉਣ ਤਕ ਹੀ ਸਾਡੇ ਹੁੰਦੇ ਹਨ ਉਸ ਤੋਂ ਬਾਅਦ ਤੀਹ ਕੁ ਸਕਿਉਰਿਟੀ ਵਾਲੇ ਉਨ੍ਹਾਂ ਦੀ ਰਾਖੀ ਕਰਨ ਲੱਗ ਜਾਂਦੇ ਹਨ।
ਨੇਤਾ ਸਿਰਫ਼ ਵੋਟ ਲੈਣ ਲਈ ਹੀ ਸਾਡੇ ਕੋਲ ਆਉਂਦੇ ਹਨ ਉਸ ਤੋਂ ਬਾਅਦ ਪੰਜ ਸਾਲ ਤਕ ਕਿਤੇ ਲੱਭਦੇ ਨਹੀਂ ਹਨ।ਕਿਸੇ ਵੀ ਖ਼ਾਸ ਪ੍ਰੋਗਰਾਮ ਵਿੱਚ ਸਾਡੇ ਨੇਤਾ ਜੀ ਆਉਂਦੇ ਹਨ ਤੇ ਆਲੇ ਦੁਆਲੇ ਸਕਿਉਰਿਟੀ ਬਹੁਤ ਤਕੜੀ ਹੁੰਦੀ ਹੈ ਕੀ ਅਸੀਂ ਉਨ੍ਹਾਂ ਨੂੰ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਵੇਖ ਵੀ ਨਹੀਂ ਸਕਦੇ,ਕੌਣ ਕਹੇ ਰਾਣੀ ਅੱਗਾ ਢੱਕ ਆਪਣੀ ਜਨਤਾ ਨੂੰ ਭੁੱਲ ਜਾਂਦੇ ਹਨ।ਇਹੋ ਹਾਲ ਸਾਡੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਕਾਂ ਦਾ ਹੁੰਦਾ ਹੈ।ਥਾਣਾ ਜੋ ਸਾਡੇ ਰਾਖੀ ਲਈ ਹੁੰਦਾ ਹੈ,ਆਪਣੀ ਕੋਈ ਵੀ ਮੰਗ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਠਾਣੇ ਵਿੱਚ ਸਿੱਧੇ ਨਹੀਂ ਜਾ ਸਕਦੇ ਕੋਈ ਸਹਾਰਾ ਲੈਣਾ ਪੈਂਦਾ ਹੈ।
ਕੋਈ ਪੁੱਛਣ ਵਾਲਾ ਹੋਵੇ ਕਿ ਸਾਡੀਆਂ ਵੋਟਾਂ ਨਾਲ ਅਸੀਂ ਨੇਤਾ ਜੀ ਨੂੰ ਚੁਣਦੇ ਹਾਂ ਸਾਡੇ ਕੋਲੋਂ ਕਿਉਂ ਡਰ ਲੱਗਣ ਲੱਗਦਾ ਹੈ,ਇੱਕ ਇਸ ਤੋਂ ਵੱਡੀ ਇਕ ਹੋਰ ਗ਼ਲਤੀ ਹੁੰਦੀ ਹੈ ਨੇਤਾ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਕਿਸ ਨੇ ਵੋਟ ਪਾਈ ਹੈ।ਕੰਮ ਕਰਨ ਵੇਲੇ ਤੱਕੜੀ ਵਿੱਚ ਤੋਲਦੇ ਹਨ ਜੋ ਆਪਣੇ ਖ਼ਾਸ ਬੰਦੇ ਹੁੰਦੇ ਹਨ ਉਨ੍ਹਾਂ ਦਾ ਹੀ ਕੰਮ ਹੁੰਦਾ ਹੈ।ਜਿਸ ਬਾਰੇ ਪਤਾ ਹੁੰਦਾ ਹੈ ਕਿ ਉਸ ਨੇ ਵੋਟ ਨਹੀਂ ਪਾਈ ਜਦੋਂ ਵੀ ਕੰਮਕਾਜ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਰਾ ਜਵਾਬ ਮਿਲ ਜਾਂਦਾ ਹੈ।ਸਕਿਉਰਿਟੀ ਲਈ ਇਕ ਇਕ ਬੰਦਾ ਲੋੜ ਤੋਂ ਵੱਧ ਆਦਮੀ ਰੱਖਦਾ ਹੈ।ਸਾਡੇ ਨੇਤਾਵਾਂ ਦੀ ਰਾਖੀ ਲਈ ਹੀ ਸਾਡੇ ਖਾਤੇ ਵਿੱਚੋਂ ਪੈਸੇ ਖਰਚ ਕਰ ਦਿੱਤੇ ਜਾਂਦੇ ਹਨ,ਜਦੋਂ ਅਸੀਂ ਕਿਸੇ ਸਮਾਜਕ ਕੰਮਕਾਰ ਲਈ ਪੁੱਛਦੇ ਹਾਂ ਤਾਂ ਘੜਿਆ ਘੜਾਇਆ ਜਵਾਬ ਹੁੰਦਾ ਹੈ ਕਿ ਖਜ਼ਾਨਾ ਖਾਲੀ ਹੈ। ਤਿੰਨ ਕੁ ਦਹਾਕਿਆਂ ਤੋਂ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਸਕੂਲਾਂ ਕਾਲਜਾਂ ਤੇ ਹਸਪਤਾਲਾਂ ਵਿੱਚ ਜੋ ਵੀ ਸੇਵਾਮੁਕਤ ਹੋ ਗਏ ਅਧਿਕਾਰੀ ਜਾਂ ਕਰਮਚਾਰੀ ਹਨ ਉਨ੍ਹਾਂ ਨੂੰ ਹੁਣ ਤੱਕ ਭਰਿਆ ਨਹੀਂ ਜਾਂਦਾ।ਜਦੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਸਕੂਲ ਵਿੱਚ ਅਧਿਆਪਕ ਤੇ ਹਸਪਤਾਲਾਂ ਵਿੱਚ ਡਾਕਟਰ ਘੱਟ ਹਨ,ਤਾਂ ਨੇਤਾਵਾਂ ਦਾ ਬਹੁਤ ਵਧੀਆ ਘੜਿਆ ਘੜਾਇਆ ਜਵਾਬ ਹੁੰਦਾ ਹੈ।
ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ ਹੈ ਸਾਨੂੰ ਭਰ ਲੈਣ ਦੇਵੋ ਫਿਰ ਤੁਹਾਡਾ ਕੰਮ ਹੋ ਜਾਵੇਗਾ।ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਬਣਾਏ ਸਨ ਸਾਡੇ ਯੋਧਿਆਂ ਨੇ ਤਕੜਾ ਸੰਯੁਕਤ ਮੋਰਚਾ ਦਿੱਲੀ ਲਗਾਇਆ ਤਾਂ ਜਿੱਤ ਪ੍ਰਾਪਤ ਕੀਤੀ।ਮੋਰਚਾ ਜਿੱਤਣ ਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਕਿਸਾਨ ਤੇ ਮਜ਼ਦੂਰ ਨੇਤਾਵਾਂ ਨੇ ਰਾਜਨੀਤੀ ਦੀ ਬਹੁਤ ਵਧੀ ਵਧੀਆ ਸਿੱਖਿਆ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਦਿੱਤੀ।ਥੋੜ੍ਹੇ ਸਮੇਂ ਬਾਅਦ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਜਾਗੋ ਵੋਟਰੋ ਸਾਡੇ ਨੇਤਾਵਾਂ ਨੂੰ ਪੁੱਛੋ ਅਸੀਂ ਤੁਹਾਨੂੰ ਚੁਣ ਕੇ ਭੇਜਿਆ ਸੀ ਪੰਜ ਸਾਲ ਤੁਸੀਂ ਕਿੱਥੇ ਰਹੇ।ਉਨ੍ਹਾਂ ਦੇ ਨਾਲਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਹੋਣਗੇ ਉਨ੍ਹਾਂ ਨੂੰ ਵੀ ਇਹੋ ਜਿਹੇ ਸਵਾਲ ਕਰੋ ਤੇ ਜੁਆਬ ਲਓ ਕਿ ਅੱਜ ਤੁਸੀਂ ਸਾਡੇ ਦਰਵਾਜ਼ਿਆਂ ਤੇ ਆਏ ਹੋ ਪਹਿਲਾਂ ਕਿੱਥੇ ਸੀ।ਵੋਟਾਂ ਮੰਗਣ ਵੇਲੇ ਇਹ ਸਕਿਓਰਿਟੀ ਨੂੰ ਵਿਹਲਾ ਕਰ ਦਿੰਦੇ ਹਨ।ਵਿਖਾਵਾ ਰੂਪੀ ਇਕੱਲੇ ਆਉਣ ਦੀ ਕੋਸ਼ਿਸ਼ ਕਰਦੇ ਹਨ।ਹੁਣ ਪੁੱਛਣ ਦਾ ਸਮਾਂ ਹੈ ਕਿ ਨੇਤਾ ਜੀ ਤੁਸੀਂ ਤੀਹ ਆਪਣੀ ਰੱਖਿਆ ਲਈ ਪੁਲੀਸ ਕਰਮਚਾਰੀ ਲੈ ਕੇ ਆਉਂਦੇ ਹੋ,ਸਾਡੇ ਸਕੂਲਾਂ ਵਿੱਚ ਜਾ ਕੇ ਵੇਖੋ ਸਾਡੇ ਤੀਹ ਕੁ ਬੱਚਿਆਂ ਲਈ ਪੜ੍ਹਾਉਣ ਲਈ ਅਧਿਆਪਕ ਨਹੀਂ ਹੁੰਦੇ।
ਮੁੱਕਦੀ ਗੱਲ-ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣੋ ਸ਼ਰਾਬ ਦੀਆਂ ਬੋਤਲਾਂ ਤੇ ਮਾਰੂ ਨਸ਼ਿਆਂ ਤੋਂ ਦੂਰ ਰਹੋ।ਹਰ ਨੇਤਾ ਨੂੰ ਪੁੱਛੋ ਕਿ ਤੂੰ 30ਬੰਦਿਆਂ ਦੀ ਸਕਿਓਰਿਟੀ ਲੈ ਕੇ ਘੁੰਮ ਰਿਹਾ ਹੈ,ਚੱਲ ਸਾਡੇ ਨਾਲ ਸਕੂਲ ਵਿਚ ਚੱਲ ਤੈਨੂੰ ਵਿਖਾਉਂਦੇ ਹਾਂ ਸਾਡੇ ਤੀਹ ਬੱਚਿਆਂ ਲਈ ਕੋਈ ਅਧਿਆਪਕ ਨਹੀਂ ਹੈ।ਨੇਤਾ ਨਿਰ ਉੱਤਰ ਹੋ ਜਾਣਗੇ ਤੇ ਸਾਡੀ ਭੱਲ ਬਣ ਜਾਵੇਗੀ।ਨੇਤਾ ਵੋਟ ਮੰਗਣ ਲਈ ਬਹੁਤ ਵੱਡਾ ਮੂੰਹ ਖੋਲ੍ਹਦੇ ਹਨ,ਅਸੀਂ ਚੁੱਪ ਚਾਪ ਸੁਣਦੇ ਰਹਿੰਦੇ ਹਾਂ ਕਦੋਂ ਖੁੱਲ੍ਹੇਗਾ ਸਾਡਾ ਮੂੰਹ ਜਾਗੋ।ਸਾਹਮਣੇ ਕੰਧ ਤੇ ਲਿਖਿਆ ਇਨਕਲਾਬ ਪੜ੍ਹ ਲਵੋ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly