ਕਾਠਮੰਡੂ (ਸਮਾਜ ਵੀਕਲੀ): ਨੇਪਾਲ ਦੇ ਸੁਪਰੀਮ ਕੋਰਟ ਨੇ ਅੱਜ ਇੱਕ ਮਹੱਤਵਪੂਰਨ ਫ਼ੈਸਲੇ ’ਚ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੂੰ ਨਿਰਦੇਸ਼ ਦਿੱਤਾ ਕਿ ਨੇਪਾਲੀ ਕਾਂਗਰਸ ਦੇ ਮੁਖੀ ਸ਼ੇਰ ਬਹਾਦੁਰ ਦਿਓਬਾ ਨੂੰ ਭਲਕ ਤੱਕ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਵੇ। ਅਦਾਲਤ ਨੇ ਨਾਲ ਹੀ ਪੰਜ ਮਹੀਨਿਆਂ ’ਚ ਦੂਜੀ ਵਾਰ ਭੰਗ ਹੇਠਲਾ ਸਦਨ ਬਹਾਲ ਕਰ ਦਿੱਤਾ ਹੈ।
ਚੀਫ ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਓਪੀ ਸ਼ਰਮਾ ਦੀ ਸਿਫਾਰਸ਼ ’ਤੇ ਰਾਸ਼ਟਰਪਤੀ ਭੰਡਾਰੀ ਵੱਲੋਂ ਹੇਠਲਾ ਸਦਨ ਭੰਗ ਕਰਨ ਦਾ ਫ਼ੈਸਲਾ ਗ਼ੈਰ-ਸੰਵਿਧਾਨਕ ਸੀ। ਇਸ ਨੂੰ ਬਜ਼ੁਰਗ ਕਮਿਊਨਿਸਟ ਆਗੂ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਜੋ ਇਸ ਸਮੇਂ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਹਨ। ਬੈਂਚ ਨੇ ਭਲਕ ਤੱਕ ਦਿਓਬਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਦਿਓਬਾ (74) ਚਾਰ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਅਦਾਲਤ ਨੇ ਪ੍ਰਤੀਨਿਧ ਸਭਾ ਦਾ ਨਵਾਂ ਸੈਸ਼ਨ 18 ਜੁਲਾਈ ਨੂੰ ਸ਼ਾਮ 5 ਵਜੇ ਸੱਦਣ ਦਾ ਹੁਕਮ ਵੀ ਦਿੱਤਾ ਹੈ। ਚੀਫ ਜਸਟਿਸ ਨੇ ਕਿਹਾ ਕਿ ਬੈਂਚ ਇਸ ਨਤੀਜੇ ’ਤੇ ਪਹੁੰਚਿਆ ਹੈ ਕਿ ਜਦੋਂ ਸੰਸਦ ਸੰਵਿਧਾਨ ਦੀ ਧਾਰਾ 76(5) ਤਹਿਤ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ’ਚ ਹਿੱਸਾ ਲੈਂਦਾ ਹੈ ਤਾਂ ਪਾਰਟੀ ਵ੍ਹਿਪ ਲਾਗੂ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਦੀ ਸਿਫਾਰਸ਼ ’ਤੇ ਪੰਜ ਮਹੀਨਿਆਂ ’ਚ ਦੂਜੀ ਵਾਰ 22 ਮਈ ਨੂੰ 275 ਮੈਂਬਰੀ ਸੰਸਦ ਭੰਗ ਕਰ ਦਿੱਤੀ ਸੀ ਅਤੇ 12 ਤੇ 19 ਨਵੰਬਰ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly