(ਸਮਾਜ ਵੀਕਲੀ)
ਰਾਣੂੰ ਬੇਬੇ ਆਹ ਲੋਕ ਕਿਹੋ ਜਿਹੇ ਹੋ ਗਏ? ਸਮਝ ਹੀ ਨਹੀਂ ਆਉਂਦੀ। ਪੁੱਤ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰ ਅੱਗੋਂ ਬੇਬੇ ਬਲਦੇਵੀ ਨੇ ਸੁਭਾਵਿਕ ਹੀ ਉੱਤਰ ਦੇਣਾ। ਇਹ ਲੋਕ ਤਾਂ ਪੁੱਤ ਪਲ਼ ਵਿੱਚ ਤੋਲਾ ਤੇ ਪਲ਼ ਵਿੱਚ ਮਾਸਾ ਬਣ ਜਾਂਦੇ ਨੇ। ਰਾਣੂੰ ਪਰ ਮਾਂ ਇਹ ਲੋਕ ਇਸ ਤਰ੍ਹਾਂ ਕਿਉਂ ਕਰਦੇ ਹਨ । ਪੁੱਤ ਕਈ ਲੋਕਾਂ ਦੀ ਫ਼ਿਤਰਤ ਹੀ ਹੁੰਦੀ ਹੈ।ਜੋ ਲੋੜ ਪੈਣ ਤੇ ਗਧੇ ਨੂੰ ਵੀ ਬਾਪੂ ਕਹਿਣ ਤੋਂ ਵੀ ਪਿੱਛੇ ਨਹੀਂ ਹਟਦੇ। ਰਾਣੂੰ ਬੇਬੇ ਦੀਆਂ ਮੁਹਾਵਰੇਦਾਰ ਠੇਠ ਪੰਜਾਬੀ ਸ਼ਬਦਾਵਲੀ ਸੁਣ ਕੇ ਦੰਗ ਰਹਿ ਜਾਂਦਾ।
ਕਦੇ ਕਦੇ ਤਾਂ ਰਾਣੂੰ ਨੂੰ ਬੇਬੇ ਸਕੂਲ ਵਾਲ਼ੀ ਭੈਣ ਜੀ ਲੱਗਦੀ।ਜੋ ਅਕਸਰ ਪੰਜਾਬੀ ਪੜ੍ਹਾਉਣ ਸਮੇਂ ਮੁਹਾਵਰੇਦਾਰ ਭਾਸ਼ਾ ਵਿੱਚ ਕੰਮ ਕਰਵਾਉਂਦੇ ਤੇ ਰਾਣੂੰ ਦੇ ਢੁਕਵੇਂ ਜਵਾਬ ਸੁਣ ਕੇ ਦੰਗ ਰਹਿ ਜਾਂਦੇ।ਤੇ ਰਾਣੂੰ ਹੱਸਦਾ ਹੋਇਆ ਨੀਵੀਂ ਜਿਹੀ ਪਾ ਕੇ ਸੰਗਦਾ ਹੋਇਆ ਆਖਦਾ ਸੀ ਇਹ ਤਾਂ ਮੇਰੀ ਬੇਬੇ ਦਾ ਕਮਾਲ ਹੈ।
ਕੀ ਗੱਲ ਪੁੱਤ ਰਾਣੂੰ ਬੇਬੇ ਨੇ ਸਕੂਲੋਂ ਉਦਾਸ ਪਰਤ ਦੇ ਰਾਣੂੰ ਨੂੰ ਪੁੱਛਿਆ ? ਕੁਝ ਨਹੀਂ ਬੇਬੇ ਆਹ ਗੁਰਮਨ ਨੂੰ ਮੈਂ ਹੁਣ ਕਦੇ ਨਹੀਂ ਬੁਲਾਉਣਾ। ਆਪਣੇ ਹੀ ਈਗੋ ‘ਚ ਰਹਿੰਦਾ।ਨਾ ਪੁੱਤ ਐਦਾਂ ਕਿਸੇ ਨਾਲ਼ ਤੋੜ ਤੜਾਗੀ ਨਹੀਂ ਕਰਦੇ। ਪੁੱਤ ਨਾ ਕਿਸੇ ਨਾਲ਼ ਇੰਨੇ ਮਿੱਠੇ ਹੋਵੋ ਕਿ ਅਗਲਾ ਇੱਕਦਮ ਮੂੰਹ ਵਿੱਚ ਪਾ ਲਵੇ ਨਾ ਹੀ ਇੰਨੇ ਕੌੜੇ ਕਿ ਅਗਲਾ ਜੀਭ ਤੇ ਧਰਨ ਸਾਰ ਥੁੱਕ ਦੇਵੇ।ਬਸ ਪੁੱਤ ਜਿਹੋ ਜਿਹਾ ਸਾਹਮਣੇ ਵਾਲ਼ਾ ਉਹੋ ਜਿਹੇ ਬਣ ਜਾਓ।
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 148001
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly