ਨਵੀਂ ਦਿੱਲੀ (ਸਮਾਜ ਵੀਕਲੀ): ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਵੱਲੋਂ ਲੋਕਤੰਤਰ ਬਾਰੇ ਦਿੱਤੇ ਗਏ ਭਾਸ਼ਣ ’ਚ ਜਵਾਹਰਲਾਲ ਨਹਿਰੂ ਦਾ ਹਵਾਲਾ ਦਿੱਤੇ ਜਾਣ ’ਤੇ ਕਾਂਗਰਸ ਨੇ ਅੱਜ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਅੱਜ ਵੀ ਆਲਮੀ ਆਗੂਆਂ ਲਈ ਪ੍ਰੇਰਣਾ ਸਰੋਤ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਸੰਸਦ ਅਤੇ ਬਾਹਰ ਭੰਡਦੇ ਰਹਿੰਦੇ ਹਨ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਕਿਹਾ,‘‘ਪੰਡਤ ਨਹਿਰੂ ਦੀ ਮਹਾਨਤਾ ਅੱਜ ਵੀ ਆਲਮੀ ਆਗੂਆਂ ਨੂੰ ਲਗਾਤਾਰ ਪ੍ਰੇਰਣਾ ਦਿੰਦੀ ਹੈ। ਪਰ ਦੇਸ਼ ਦੇ ਆਗੂਆਂ ’ਤੇ ਤਰਸ ਆਉਂਦਾ ਹੈ ਜਿਹੜੇ ਵਿਲੱਖਣ ਆਗੂ ਨੂੰ ਸਮਝਣ ’ਚ ਨਾਕਾਮ ਰਹੇ ਹਨ।’’
ਸੀਨੀਅਰ ਪਾਰਟੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਲੀ ਸਿਏਨ ਲੂੰਗ ਦੇ ਭਾਸ਼ਣ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਨੇ ਵੀ ਟਵਿੱਟਰ ’ਤੇ ਕਿਹਾ,‘‘ਨਹਿਰੂ ਲੋਕਤੰਤਰ ਦੇ ਸਭ ਤੋਂ ਵੱਡੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੂੰ ਸੁਣੋ ਜਿਨ੍ਹਾਂ ਜਮਹੂਰੀ ਸਮਾਜ ਦੀ ਸਿਰਜਣਾ ਬਾਰੇ ਗੱਲ ਕਰਦਿਆਂ ਨਹਿਰੂ ਦਾ ਹਵਾਲਾ ਦਿੱਤਾ ਹੈ। ਆਸ ਹੈ ਕਿ ਸਾਡੇ ਪ੍ਰਧਾਨ ਮੰਤਰੀ ਵੀ ਇਸ ਨੂੰ ਸੁਣਨਗੇ।’’ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਇਹ ਲੀ ਸਿਏਨ ਲੂੰਗ ਅਤੇ ਨਰਿੰਦਰ ਮੋਦੀ ਵਿਚਕਾਰਲਾ ਫਰਕ ਹੈ। ‘ਲੀ ਸਿੰਗਾਪੁਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲੈ ਕੇ ਜਾ ਰਹੇ ਹਨ ਅਤੇ ਮੋਦੀ ਝੂਠੇ ਵਾਅਦਿਆਂ ਦੇ ਸਹਾਰੇ ਮੁਲਕ ’ਤੇ ਰਾਜ ਕਰ ਰਹੇ ਹਨ। ਮੋਦੀ ਭਾਵੇਂ ਜਿੰਨੀ ਮਰਜ਼ੀ ਸਖ਼ਤ ਮਿਹਨਤ ਕਰਨ ਪਰ ਪੰਡਤ ਨਹਿਰੂ ਅਮਰ ਅਤੇ ਆਧੁਨਿਕ ਭਾਰਤ ਦੇ ਸਿਰਜਣਹਾਰ ਬਣੇ ਰਹਿਣਗੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly