ਘੁਸਪੈਠ ਰੋਕਣ ਲਈ ਮਿਲ ਕੇ ਕੰਮ ਕਰਨ ਦੀ ਲੋੜ: ਰਾਜਪਾਲ

ਫਾਜ਼ਿਲਕਾ (ਸਮਾਜ ਵੀਕਲੀ):   ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹੱਦੀ ਸਥਿਤੀ ਅਤੇ ਸਰਹੱਦ ਪਾਰ ਤੋਂ ਹੋ ਰਹੀ ਹਥਿਆਰਾਂ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਅੱਜ ਇੱਥੇ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਰਾਜਪਾਲ ਨੇ ਕਿਹਾ ਕਿ ਘੁਸਪੈਠ ਨੂੰ ਰੋਕਣ ਲਈ ਕੇਂਦਰੀ ਅਤੇ ਸੂਬਾਈ ਏਜੰਸੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਸਰਹੱਦੀ ਪਿੰਡਾਂ ਦੇ ਸਰਪੰਚ ਅਤੇ ਪੰਚ ਨਾਲ ਮੀਟਿੰਗ ਕੀਤੀ।

ਰਾਜਪਾਲ ਪੁਰੋਹਿਤ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਦੀ ਸਰਹੱਦ ਅੰਦਰ ਡਰੋਨਾਂ ਰਾਹੀਂ ਹਥਿਆਰ, ਗੋਲਾ ਬਾਰੂਦ, ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥ ਆਦਿ ਸੁੱਟਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਰਕੇ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਰਾਜਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸੁਰੱਖਿਆ ਏਜੰਸੀਆਂ ਦੀ ਮਦਦ ਕਰਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਸਕੂਲਾਂ, ਕਾਲਜਾਂ ਤੋਂ ਇਲਾਵਾ ਸਰਹੱਦੀ ਖੇਤਰਾਂ ’ਚ ਸਨਅਤ ਲਿਆਉਣ ਅਤੇ ਹੁਨਰ ਵਿਕਾਸ ਸੰਸਥਾਵਾਂ ਦੀ ਸਥਾਪਨਾ ’ਤੇ ਕੇਂਦਰਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਦੇ ਮਸਲੇ ਹੱਲ ਵੀ ਜਲਦ ਕੀਤਾ ਜਾਵੇਗਾ।

ਰਾਜਪਾਲ ਪੁਰੋਹਿਤ ਨੇ ਕਿਹਾ ਕਿ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਆਮਦ ਕਿਸੇ ਜੰਗ ਤੋਂ ਘੱਟ ਨਹੀਂ। ਇਹ ਪੰਜਾਬ ਦੇ ਲੋਕਾਂ ’ਤੇ ਘਾਤਕ ਹਮਲਾ ਹੈ। ਇਸਨੂੰ ਇੱਕ ਅਪਰਾਧਕ ਗਤੀਵਿਧੀ ਵਜੋਂ ਦੇਖਿਆ ਜਾਂ ਖਾਰਜ ਵੀ ਕੀਤਾ ਜਾ ਸਕਦਾ ਹੈ, ਪਰ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਖੇਤਰ ਵਿਚ ਸੁੱਟਣਾ ਅਸਿੱਧੇ ਯੁੱਧ ਦੀ ਇੱਕ ਵਿਆਪਕ ਰਣਨੀਤੀ ਹੈ। ਇਸੇ ਤਰ੍ਹਾਂ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਜਾਅਲੀ ਕਰੰਸੀ ਜਿਹੇ ਵਿੱਤੀ ਸਾਧਨ ਅਤੇ ਹਥਿਆਰਾਂ ਤੇ ਗੋਲਾ ਬਾਰੂਦ ਵਰਗੀਆਂ ਘਾਤਕ ਸਮੱਗਰੀਆਂ ਵਰਤਮਾਨ ਅਤੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਦੀ ਬਹੁਤ ਜ਼ਿਆਦਾ ਸੰਭਾਵਨਾ ਰੱਖਦੇ ਹਨ ਤੇ ਇਹ ਯੋਜਨਾਬੱਧ ਰਣਨੀਤੀ ਦੇ ਹਿੱਸੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਸਾਨੂੰ ਹਰ ਤਰ੍ਹਾਂ ਦੀ ਘੁਸਪੈਠ ਵਿਰੁੱਧ ਇਕੱਠੇ ਹੋਣ ਅਤੇ ਆਪਣੀ ਸਰਹੱਦ ਨੂੰ ਸੀਲ ਕਰਨ ਦੀ ਲੋੜ ਹੈ।’’ ਰਾਜਪਾਲ ਨੇ ਆਪਣੇ ਸੰਬੋਧਨ ਵਿਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਾਰੀਆਂ ਕੇਂਦਰੀ ਅਤੇ ਸੂਬਾਈ ਏਜੰਸੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਨਿਯਮਿਤ ਰੂਪ ਵਿਚ ਗੁਪਤ ਜਾਣਕਾਰੀ ਅਤੇ ਸੂਚਨਾਵਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਪ੍ਰੇਰਿਤ ਕੀਤਾ ਅਤੇ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੀ ਵਚਨਬੱਧਤਾ ਅਤੇ ਬਹਾਦਰੀ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਵਿਧਾਇਕ (ਫਾਜ਼ਿਲਕਾ) ਨਰਿੰਦਰਪਾਲ ਸਿੰਘ ਸਵਨਾ, ਵਿਧਾਇਕ (ਜਲਾਲਾਬਾਦ) ਜਗਦੀਪ ਕੰਬੋਜ, ਵਿਧਾਇਕ (ਬੱਲੂਆਣਾ) ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਡੀਜੀਪੀ ਵੀਕੇ ਭਾਵੜਾ, ਪ੍ਰਮੁੱਖ ਸਕੱਤਰ (ਯੋਜਨਾ) ਰਾਜ ਕਮਲ ਚੌਧਰੀ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ ਐੱਮ ਬਾਲਾਮੁਰੂਗਨ, ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਡੀਐੱਸ ਮਾਂਗਟ, ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ, ਏਡੀਸੀ (ਜਨਰਲ) ਅਭਿਜੀਤ ਕਪਲਿਸ਼, ਏਡੀਸੀ (ਵਿਕਾਸ) ਸਾਗਰ ਸੇਤੀਆ, ਐੱਸਡੀਐੱਮ ਰਵਿੰਦਰ ਸਿੰਘ ਅਰੋੜਾ, ਅਮਿਤ ਗੁਪਤਾ, ਦੇਵਦਰਸ਼ ਦੀਪ ਸਿੰਘ ਹਾਜ਼ਰ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਮੁਫ਼ਤ ਸਹੂਲਤਾਂ ਦੀ ਵਿਹਾਰਕਤਾ ਬਾਰੇ ਫ਼ੈਸਲਾ ਲੈਣਾ ਵੋਟਰਾਂ ਦੇ ਹੱਥ’
Next articleਮਾਇਆਵਤੀ ਨੂੰ ਕੀਤੀ ਸੀ ਮੁੱਖ ਮੰਤਰੀ ਬਣਨ ਦੀ ਪੇਸ਼ਕਸ਼: ਰਾਹੁਲ