ਨਵੀਂ ਦਿੱਲੀ (ਸਮਾਜ ਵੀਕਲੀ):ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਨਵੇਂ ਓਮੀਕਰੋਨ ਸਰੂਪ ਦੇ ਸਪਾਈਕ ਪ੍ਰੋਟੀਨ ਖੇਤਰ ’ਚ 30 ਤੋਂ ਵੱਧ ਤਬਦੀਲੀਆਂ ਮਿਲੀਆਂ ਹਨ ਜਿਸ ਨਾਲ ਇਸ ਨੂੰ ਬਿਮਾਰੀਆਂ ਨਾਲ ਲੜਨ ਵਾਲੇ ਸਿਸਟਮ ਤੋਂ ਬਚਣ ਦੀ ਸਮਰਥਾ ਵਿਕਸਿਤ ਕਰਨ ’ਚ ਮਦਦ ਮਿਲ ਸਕਦੀ ਹੈ ਅਤੇ ਇਸ ਲਈ ਇਸ ਖ਼ਿਲਾਫ਼ ਟੀਕਿਆਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਗੰਭੀਰਤਾ ਨਾਲ ਕਰਨ ਦੀ ਲੋੜ ਹੈ। ਸਪਾਈਕ ਪ੍ਰੋਟੀਨ ਦੀ ਮੌਜੂਦਗੀ ਪੋਸ਼ਕ ਕੋਸ਼ਿਕਾ ’ਚ ਵਾਇਰਸ ਦਾ ਦਾਖਲਾ ਸੌਖਾ ਬਣਾਉਂਦੀ ਹੈ ਅਤੇ ਇਹ ਇਸ ਨੂੰ ਫੈਲਣ ਦੇਣ ਤੇ ਲਾਗ ਪੈਦਾ ਕਰਨ ਲਈ ਜ਼ਿੰਮੇਵਾਰ ਹੈ।
ਏਮਸ ਦੇ ਡਾਇਰੈਕਟਰ ਡਾ. ਗੁਲੇਰੀਆ ਨੇ ਦੱਸਿਆ, ‘ਕਰੋਨਾ ਵਾਇਰਸ ਦੇ ਨਵੇਂ ਸਰੂਪ ’ਚ ਸਪਾਈਕ ਪ੍ਰੋਟੀਨ ਖੇਤਰ ’ਚ ਕਥਿਤ ਤੌਰ ’ਤੇ 30 ਤੋਂ ਵੱਧ ਤਬਦੀਲੀਆਂ ਹੋਈਆਂ ਹਨ ਤੇ ਇਸ ਲਈ ਇਸ ਦੇ ਬਿਮਾਰੀਆਂ ਨਾਲ ਲੜਨ ਵਾਲੇ ਸਿਸਟਮ ਤੋਂ ਬਚ ਨਿਕਲਣ ਦੀ ਸਮਰੱਥਾ ਵਿਕਸਿਤ ਕਰਨ ਦੀ ਸੰਭਾਵਨਾ ਹੈ। ਜ਼ਿਆਦਾਤਰ ਟੀਕੇ ਸਪਾਈਕ ਪ੍ਰੋਟੀਨ ਖ਼ਿਲਾਫ਼ ਐਂਡੀਬਾਡੀ ਬਣਾ ਕੇ ਕੰਮ ਕਰਦੇ ਹਨ। ਇਸ ਲਈ ਸਪਾਈਕ ਪ੍ਰੋਟੀਨ ਖੇਤਰ ’ਚ ਇੰਨੀਆਂ ਤਬਦੀਲੀਆਂ ਹੋਣ ਨਾਲ ਕੋਵਿਡ-19 ਟੀਕਿਆਂ ਦਾ ਅਸਰ ਘੱਟ ਹੋ ਸਕਦਾ ਹੈ।’ ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਭਾਰਤ ’ਚ ਵਰਤੇ ਜਾ ਰਹੇ ਟੀਕਿਆਂ ਸਮੇਤ ਹੋਰਨਾਂ ਟੀਕਿਆਂ ਦੇ ਪ੍ਰਭਾਵ ਦਾ ਗੰਭੀਰ ਮੁਲਾਂਕਣ ਕੀਤੇ ਜਾਣ ਦੀ ਲੋੜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly