ਨਗਰ ਕੌਂਸਲ ਦੇ ਅਧਿਕਾਰੀਆਂ ਦੀ ਨੀਂਦ ਤੋੜਨ ਲਈ ਸੰਘੰਰਸ਼ ਦਾ ਐਲਾਨ ਛੇਤੀ-ਨਵਾਂਂਸਹਿਰ ਸੁਧਾਰ ਮੰਚ ਆਗੂ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਨਵਾਂਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈਕੇ ਨਵਾਂਂਸਹਿਰ ਸੁਧਾਰ ਮੰਚ ਦੇ ਆਗੂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਵਰਮਾ ਨੂੰ ਮਿਲੇ। ਜਿਸ ਵਿਚ 5 ਜੁਲਾਈ ਨੂੰ ਹੋਈ ਪੈਨਲ ਮੀਟਿੰਗ ਵਿਚ ਵਿਚਾਰੇ ਗਏ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਨਵਾਂਸ਼ਹਿਰ ਸੁਧਾਰ ਮੰਚ ਦੇ ਪ੍ਰਧਾਨ ਜਸਬੀਰ ਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਾਂਸ਼ਹਿਰ ਸੁਧਾਰ ਮੰਚ ਨੇ ਸੀਵਰੇਜ ਦੇ ਲੀਕੇਜ, ਟੁੱਟੀ ਹੋਈ ਰੇਲਵੇ ਰੋਡ ਬਣਾਉਣ, ਨਵਾਂਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰ, ਹੜ੍ਹਾਂ ਤੋਂ ਬਚਾਅ ਲਈ ਸੰਭਾਵਿਤ ਪ੍ਰਬੰਧ ਕਰਨ, ਸ਼ਹਿਰ ਵਿਚ ਜਨਤਕ ਪਖਾਨੇ ਬਣਾਉਣ, ਸੀਵਰੇਜ ਦੇ ਗੰਦੇ ਪਾਣੀ ਦੀ ਥਾਂ ਥਾਂ ਤੋਂ ਹੋ ਰਹੀ ਲੀਕੇਜ ਦੇ ਮਾਮਲੇ ਵਿਚਾਰੇ ਗਏ। ਉਹਨਾਂ ਦੱਸਿਆ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਮੰਗਾਂ ਉੱਤੇ ਅਧਾਰਤ ਇਕ ਮੰਗ ਪੱਤਰ 21 ਜੂਨ ਨੂੰ ਜਿਲਾ ਪ੍ਰਸ਼ਾਸਨ ਨੂੰ ਦੇ ਕੇ ਹੋਰ ਸਬੰਧਤ ਅਧਿਕਾਰੀਆਂ ਨਾਲ ਪੈਨਲ ਮੀਟਿੰਗ 5 ਜੁਲਾਈ ਨੂੰ ਕੀਤੀ ਗਈ ਸੀ। ਜਿਸ ਮੀਟਿੰਗ ਵਿਚ ਉਕਤ ਸਮੱਸਿਆਵਾਂ ਦੂਰ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਖਿਆ ਗਿਆ ਸੀ। ਉਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ, ਕਿ ਉਹ ਸੀਵਰੇਜ ਦੇ ਪਾਣੀ ਦੀ ਲੀਕੇਜ ਰੋਕਣ ਲਈ ਅਤੇ ਕੂੜਾ ਚੁਕਵਾਉਣ ਦੇ ਫੌਰੀ ਪ੍ਰਬੰਧ ਕਰਨ। ਸ਼ਹਿਰ ਵਿਚ ਬਣੇ ਜਨਤਕ ਪਖਾਨਿਆਂ ਨੂੰ ਸਵੇਰੇ 9 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਿਆ ਜਾਵੇ ਅਤੇ ਹਰ ਜਨਤਕ ਪਖਾਨੇ ਤੇ ਸਫਾਈ ਕਰਮਚਾਰੀ ਬਿਠਾਇਆ ਜਾਵੇ। ਰੇਲਵੇ ਰੋਡ ਟੁੱਟੀ ਸੜਕ ਵਿਚ ਪਏ ਖੱਡਿਆਂ ਨੂੰ ਕੇਰੀ ਪਾ ਕੇ ਭਰਿਆ ਜਾਵੇ ਅਤੇ ਗੁਜਰ ਪੁਰ ਰੋਡ ਦੇ ਡਰੇਨ ਦੇ ਪੁਲ ਉੱਤੇ ਰੇਲਿੰਗ ਲਾਈ ਜਾਵੇ। ਉਹਨਾਂ ਤਹਿਸੀਲਦਾਰ ਨੂੰ ਨਵਾਂਸ਼ਹਿਰ-ਗੜ੍ਹਸ਼ੰਕਰ ਸੜਕ ਹੇਠੋਂ ਲੰਘਦੇ ਬਰਸਾਤੀ ਨਾਲੇ ਦੇ ਪੂਰਬੀ ਪਾਸੇ ਦੀ ਨਿਸ਼ਾਨਦੇਹੀ ਕਰਨ ਲਈ ਆਖਦਿਆਂ ਇਸ ਗੱਲ ਉੱਤੇ ਜੋਰ ਦਿੱਤਾ ਗਿਆ ਸੀ, ਕਿ ਜੇਕਰ ਬਰਸਾਤੀ ਨਾਲੇ ਦੀ ਥਾਂ ਉੱਤੇ ਕਿਸੇ ਕਿਸਮ ਦਾ ਨਜਾਇਜ਼ ਕਬਜ਼ਾ ਪਾਇਆ ਗਿਆ ਤਾਂ ਉਸਨੂੰ ਹਟਾਇਆ ਜਾਵੇ। ਰਾਏ ਕਲੋਨੀ ਬਰਨਾਲਾ ਰੋਡ ਦੀ ਗਲੀ ਨੰਬਰ 1 ਦੀ ਸੀਵਰੇਜ ਦੀ ਲਾਈਨ ਦਾ ਸੀਵਰੇਜ ਦੀ ਮੇਨ ਲਾਈਨ ਨਾਲ ਕੁਨੈਕਸ਼ਨ ਜੋੜਨ ਲਈ ਵੀ ਆਖਿਆ ਸੀ।
ਮੰਚ ਦੇ ਪ੍ਰਧਾਨ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਕਈਆਂ ਥਾਵਾਂ ਤੋਂ ਕੂੜੇ ਦੇ ਢੇਰ ਹਟਾ ਦਿੱਤੇ ਗਏ ਪਰ ਕੁਝ ਥਾਵਾਂ ਤੇ ਇਹ ਅਜੇ ਵੀ ਪਏ ਹਨ। ਕੁਝ ਥਾਵਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਲੀਕੇਜ ਬੰਦ ਕਰ ਦਿੱਤੀ ਗਈ ਹੈ। ਜਦਕਿ ਕੁਝ ਥਾਵਾਂ ਉੱਤੇ ਇਹ ਗੰਦਾ ਪਾਣੀ ਅਜੇ ਵੀ ਲੀਕੇਜ ਹੋ ਰਿਹਾ ਹੈ, ਜੋ ਬਦਬੂ ਮਾਰ ਰਿਹਾ ਹੈ। ਰੇਲਵੇ ਰੋਡ ਦੇ ਟੋਇਆਂ ਵਿਚ ਮਾਮੂਲੀ ਕੇਰੀ ਪਾਈ ਗਈ ਹੈ। ਬਾਕੀ ਟੋਇਆਂ ਵਿਚ ਦੋ ਦਿਨਾਂ ਵਿਚ ਕੇਰੀ ਪਾਉਣ ਦਾ ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਗਿਆ ਹੈ। ਗੁਜਰ ਪੁਰ ਰੋਡ ਤੇ ਡਰੇਨ ਦੇ ਪੁਲ ਉੱਤੇ ਰੇਲਿੰਗ ਲਗਾ ਦਿੱਤੀ ਗਈ ਹੈ। “ਵਿਸ਼ਾਲ ਮੈਗਾ ਮਾਰਟ” ਮੌਲ ਕੋਲ ਮਾਲ ਵਿਭਾਗ ਕੋਲੋਂ ਡਰੇਨ ਦੀ ਨਿਸ਼ਾਨਦੇਹੀ ਕਰਾਉਣ ਲਈ ਅਧਿਕਾਰੀਆਂ ਨੇ ਲਿਖਤੀ ਦਰਖਾਸਤ ਮੰਗੀ, ਜੋ ਮੰਚ ਵਲੋਂ ਅੱਜ ਦੇ ਦਿੱਤੀ ਗਈ। ਉਹਨਾਂ ਦੱਸਿਆ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਲੋਂ ਪੈਨਲ ਮੀਟਿੰਗ ਵਿਚ ਜਨਤਕ ਪਖਾਨੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਣ ਅਤੇ ਉੱਥੇ ਸਫਾਈ ਕਰਮਚਾਰੀ ਬਿਠਾਉਣ ਦੀ ਗੱਲ ਕਬੂਲ ਕੀਤੀ ਸੀ, ਪਰ ਉਸ ਉੱਤੇ ਅੱਜ ਤੱਕ ਅਮਲ ਨਹੀਂ ਕੀਤਾ।ਬਰਨਾਲਾ ਰੋਡ ਦੀ ਰਾਏ ਕਲੋਨੀ ਦੀ ਗਲੀ ਨੰਬਰ ਇਕ ਦੀ ਸੀਵਰੇਜ ਦੀ ਲਾਈਨ ਸੀਵਰੇਜ ਦੀ ਮੇਨ ਲਾਈਨ ਨਾਲ ਕੁਝ ਦਿਨਾਂ ਵਿਚ ਜੋੜੇ ਜਾਣਾ ਵੀ ਮੰਨਿਆ ਸੀ, ਜੋ 20 ਦਿਨ ਬਾਅਦ ਵੀ ਜੋੜੀ ਨਹੀਂ ਗਈ। ਇਸ ਗਲੀ ਦਾ ਗੰਦਾ ਪਾਣੀ ਇਕ ਖਾਲੀ ਪਲਾਟ ਵਿਚ ਪੈ ਰਿਹਾ ਹੈ, ਜੋ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਜਸਬੀਰ ਦੀਪ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਲੋਕਾਂ ਦੀਆਂ ਉਕਤ ਸਮੱਸਿਆਵਾਂ ਵਲ ਲੋੜੀਂਦਾ ਧਿਆਨ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਵਿਰੁੱਧ ਸੰਘਰਸ਼ ਸ਼ੁਰੂ ਕਰਨ ਲਈ ਛੇਤੀ ਹੀ ਨਵਾਂਂਸਹਿਰ ਸੁਧਾਰ ਮੰਚ ਦੀ ਮੀਟਿੰਗ ਕਰਕੇ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਸੰਘਰਸ਼ ਦਾ ਇਹ ਰੂਪ ਨਗਰ ਕੌਂਸਲ ਦੇ ਘਿਰਾਓ ਦਾ ਵੀ ਹੋ ਸਕਦਾ ਹੈ। ਇਸ ਮੀਟਿੰਗ ਵਿਚ ਬਲਜਿੰਦਰ ਸਿੰਘ ਦਿਆਲ, ਸਤਨਾਮ ਸਿੰਘ ਸੁੱਜੋਂ, ਸਤਨਾਮ ਸਿੰਘ ਗੁਲਾਟੀ, ਮਦਨ ਲਾਲ, ਜਸਵੀਰਜੀਤ ਬਾਲੀ, ਜਸਵਿੰਦਰ ਸਿੰਘ ਭੰਗਲ, ਪੁਨੀਤ ਬਛੌੜੀ, ਰੋਹਿਤ ਬਛੌੜੀ ਮੰਚ ਦੇ ਆਗੂ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly