ਨਵਤੇਜ ਗੜ੍ਹਦੀਵਾਲਾ ਦੀ ਪੁਸਤਕ ‘ਸਤਿਗੁਰ ਰਵਿਦਾਸ ਬਾਣੀ – ਕ੍ਰਾਂਤੀਕਾਰੀ ਸੰਦੇਸ਼’ ਉੱਤੇ ਹੋਈ ਵਿਚਾਰ-ਚਰਚਾ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਅੱਜ ਇਥੇ ਇਕ ਮੀਟਿੰਗ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਵਿਦਾਸ ਜੀ ਦੇ ਦਰਜ਼ 40 ਸਲੋਕਾਂ ‘ਤੇ ਆਧਾਰਿਤ ਸ਼ਾਇਰ ਨਵਤੇਜ ਗੜ੍ਹਦੀਵਾਲਾ ਵੱਲੋਂ ਲਿਖੀ ਪੁਸਤਕ ‘ਸਤਿਗੁਰ ਰਵਿਦਾਸ ਬਾਣੀ-ਕ੍ਰਾਂਤੀਕਾਰੀ ਸੰਦੇਸ਼ :- ਭਾਗ(1) ਅਤੇ ਭਾਗ(2)’ ਬਾਰੇ ਵਿਚਾਰ ਪੇਸ਼ ਕਰਦਿਆਂ ਉੱਘੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੇਖਕ ਦੀਆਂ ਵਿਚਾਰ-ਉਤਜੇਕ ਇਹ ਪੁਸਤਕਾਂ ਟੀਕਾਕਾਰੀ ਦੀ ਪਰੰਪਰਕ ਰਿਵਾਇਤ ਤੋਂ ਹਟਵੀਆਂ ਹਨ। ਨਵਤੇਜ ਗੜ੍ਹਦੀਵਾਲਾ ਦੀ ਬਾਣੀ ਵਿਆਖਿਆ, ਸ਼ਬਦਾਰਥ ਜਾਂ ਸ਼ਬਦਾਂ ਦੇ ਸਰਲ-ਅਰਥੀ ਸਾਰ ਤੱਕ ਸੀਮਤ ਨਹੀਂ। ਉਹ ਵਿਆਖਿਆ ਸਮੇਂ ਉਸ ਸਮਾਜਿਕ ਸੰਦਰਭ ਨੂੰ ਵੀ ਧਿਆਨ ਵਿਚ ਰੱਖਦਾ ਹੈ, ਜਿਸ ਵਿਚ ਗੁਰੂ ਰਵਿਦਾਸ ਜੀ ਨੇ ਇਹ ਬਾਣੀ ਰਚੀ ਹੈ।ਲੇਖਕ ਸ਼ਬਦਾਂ ਦੇ ਕੋਸ਼ਗਤ ਅਰਥਾਂ ਦੀ ਥਾਂ ਬਾਣੀ ਦੇ ਅੰਦਰੂਨੀ ਸਾਰ ਨੂੰ ਸਪੱਸ਼ਟ ਕਰਨ ਦਾ ਯਤਨ ਕਰਦਾ ਹੈ। ਗੰਭੀਰ ਵਿਚਾਰਕ ਮੁਦਰਾ ਵਾਲੀ ਇਹ ਪੋਥੀ ਭਗਤ ਰਵਿਦਾਸ ਬਾਣੀ ਦੀ ਸਮਕਾਲੀ ਭਾਰਤੀ ਸੰਦਰਭ ਵਿਚ ਪ੍ਰੰਸਗਕਿਤਾ ‘ਤੇ ਸਾਰਥਕਿਤਾ ਨੂੰ ਹੋਰ ਦ੍ਰਿੜ ਕਰਾਉਂਦੀ ਹੈ।ਇਹ ਪੁਸਤਕ ਹਾਸ਼ੀਏ ਦੇ ਸਮਾਜ ਦੇ ਮੌਜੂਦਾ ਪ੍ਰਵਚਨ ਦੇ ਅਹਿਮ ਪਾਸਾਰਾਂ ਨੂੰ ਸੰਵਾਦ ਦੇ ਕੇਂਦਰ ਵਿਚ ਲੈ ਆਉਂਦੀ ਹੈ। ਇਹੋ ਨਵਤੇਜ ਦਾ ਹਾਸਿਲ ਹੈ।
ਇਸ ਮੌਕੇ ਪ੍ਰੋ. ਬਲਦੇਵ ਸਿੰਘ ਬੱਲੀ ਨੇ ਰਵਿਦਾਸ ਬਾਣੀ ਵਿਚਲੇ ਰੱਬ ਦੇ ਸੰਕਲਪ ਜੋ ਪਰੰਪਰਕ ਰੱਬ ਦੇ ਵਿਚਾਰ ਨਾਲੋ ਵੱਖਰਾ ਹੈ, ਨੂੰ ਕਲਿਆਣਕਾਰੀ, ਗੁਣਤਾਮਕ, ਤਬਦੀਲੀ ਲਿਆਉਣ ਅਤੇ ਮਨੁੱਖੀ ਬਰਾਬਰਤਾ ਵਾਲਾ ਦੱਸਦਿਆਂ ਕਿਹਾ ਕਿ ਨਵਤੇਜ ਨੇ ਭਗਤੀ ਲਹਿਰ ਦੇ ਵਿਚਾਰ ਨੂੰ ਕ੍ਰਾਂਤੀਕਾਰੀ ਵਿਚਾਰ ਵਜੋਂ ਪੇਸ਼ ਕੀਤਾ ਹੈ ਅਤੇ ਇਸਦੀ ਤਰਕਮਈ ਅਤੇ ਵਿਗਿਆਨਕ ਵਿਆਖਿਆ ਕੀਤੀ ਹੈ।
ਇਸ ਮੌਕੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਆਲੋਚਕ ਲੇਖਕ ਡਾ. ਸੁਰਜੀਤ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਵੀ ਚਰਨਜੀਤ ਸਮਾਲਸਰ ਅਤੇ ਹੋਰ ਲੇਖਕ ਇਸ ਮੌਕੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇਫਟੂ ਵੱਲੋਂ ਪੰਜਾਬ ਸਰਕਾਰ ਦੇ ਪਾਵਰਕੌਮ ਦੇ ਠੇਕਾ ਮੁਲਾਜ਼ਮਾਂ ਉੱਤੇ ਐਸਮਾ ਲਾਉਣ ਦੀ ਨਿੰਦਾ
Next articleਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਯੂਨੀਅਨਾਂ ਨਾਲ ਮੀਟਿੰਗ